ਸੰਸਦ ਸੈਸ਼ਨ ਖਤਮ ਹੋਣ ਤੋਂ ਬਾਅਦ ਕਾਂਗਰਸ ਦੇ ਨਵੇਂ ਪ੍ਰਧਾਨ ਬਾਰੇ ਹੋਵੇਗਾ ਫੈਸਲਾ

Thursday, Jul 18, 2019 - 11:28 AM (IST)

ਸੰਸਦ ਸੈਸ਼ਨ ਖਤਮ ਹੋਣ ਤੋਂ ਬਾਅਦ ਕਾਂਗਰਸ ਦੇ ਨਵੇਂ ਪ੍ਰਧਾਨ ਬਾਰੇ ਹੋਵੇਗਾ ਫੈਸਲਾ

ਜਲੰਧਰ (ਧਵਨ)— ਸੰਸਦ ਦੇ ਚੱਲ ਰਹੇ ਮੌਜੂਦਾ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਹੀ ਕਾਂਗਰਸ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਪਾਏਗਾ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਕਾਂਗਰਸ ਦੇ ਨਵੇਂ ਪ੍ਰਧਾਨ ਬਾਰੇ ਚੋਣ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ ਕਿ ਪਹਿਲਾਂ ਸੰਸਦ ਦਾ ਮੌਜੂਦਾ ਸੈਸ਼ਨ ਖਤਮ ਹੋ ਜਾਵੇ ਕਿਉਂਕਿ ਕਾਂਗਰਸ ਦੇ ਸਾਰੇ ਸੀਨੀਅਰ ਸੰਸਦ ਅਤੇ ਨੇਤਾ ਸੰਸਦ ਸੈਸ਼ਨ ਨੂੰ ਲੈ ਕੇ ਵਿਅਸਤ ਹਨ। ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਮੰਨਣਾ ਹੈ ਕਿ ਪਹਿਲਾਂ ਕਾਂਗਰਸ ਨੂੰ ਕਾਰਜਕਾਰੀ ਪ੍ਰਧਾਨ ਬਣਾ ਲੈਣਾ ਚਾਹੀਦਾ ਹੈ। ਰਾਹੁਲ ਗਾਂਧੀ ਪਹਿਲਾਂ ਹੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਨ। ਪਾਰਟੀ ਦੇ ਨੇਤਾ ਮੰਨਦੇ ਹਨ ਕਿ ਕਾਰਜਕਾਰੀ ਪ੍ਰਧਾਨ ਬਣਾਉਣ ਤੋਂ ਬਾਅਦ ਕਾਂਗਰਸ ਨੂੰ ਪਾਰਟੀ ਦੇ ਸੰਗਠਨਾਤਮਕ ਚੋਣ ਸ਼ੁਰੂ ਕਰ ਦੇਣੀ ਚਾਹੀਦੀ ਹੈ, ਜਿਸ ਤੋਂ ਬਾਅਦ ਪਾਰਟੀ ਨੂੰ ਪੂਰਾ ਪ੍ਰਧਾਨ ਚੁਣ ਲੈਣਾ ਚਾਹੀਦਾ ਹੈ।

ਕਾਂਗਰਸ ਲੀਡਰਸ਼ਿਪ ਫਿਲਹਾਲ ਪਾਰਟੀ ਦੀ ਕਾਰਜ ਕਮੇਟੀ ਦੀ ਬੈਠਕ ਨੂੰ ਬੁਲਾਉੁਣ 'ਚ ਜਾਣਬੁਝ ਕੇ ਦੇਰੀ ਕਰ ਰਹੀ ਹੈ ਕਿਉਂਕਿ ਪਾਰਟੀ ਦੇ ਨੇਤਾ ਇਸ ਸਮੇਂ ਸੰਸਦ ਦੇ ਚੱਲ ਰਹੇ ਸੈਸ਼ਨ 'ਚ ਰੁੱਝੇ ਹੋਏ ਹਨ। ਕਾਂਗਰਸ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਕਰਨਾਟਕ 'ਚ ਗਠਜੋੜ ਸਰਕਾਰ ਨੂੰ ਬਚਾਉਣ ਵੱਲ ਵੀ ਲੱਗਾ ਹੋਇਆ ਹੈ। ਸੰਸਦ ਦਾ ਮੌਜੂਦਾ ਸੈਸ਼ਨ 25 ਜੁਲਾਈ ਤੱਕ ਚੱਲਣਾ ਹੈ ਇਸ ਲਈ ਪਾਰਟੀ 'ਚ ਮੰਨਿਆ ਜਾ ਰਿਹਾ ਹੈ ਕਿ 22 ਜੁਲਾਈ ਦੇ ਬਾਅਦ ਹੀ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਬੁਲਾਈ ਜਾਵੇਗੀ।

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਪਾਰਟੀ ਸਮੂਹਿਕ ਅਗਵਾਈ ਦੇ ਮੁੱਦੇ 'ਤੇ ਵੀ ਵਿਚਾਰ ਕਰ ਰਹੀ ਹੈ। ਸਾਰੇ ਫੈਸਲੇ ਪਾਰਟੀ ਦੀ ਕਾਰਜ ਕਮੇਟ ਦੀ ਬੈਠਕ 'ਚ ਹੀ ਲਏ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਨੂੰ ਦੁਬਾਰਾ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਲਈ ਯਤਨ ਸ਼ੁਰੂ ਹੋ ਚੁੱਕੇ ਹਨ। ਕਾਂਗਰਸ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਪਾਰਟੀ ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ 'ਚ ਵਿਧਾਨ ਸਭਾ ਚੋਣਾਂ ਦਾ ਸਾਹਮਣਾ ਕਰਨਾ ਹੈ। ਇਹ ਚੋਣਾਂ ਅਕਤੂਬਰ ਮਹੀਨੇ ਵਿਚ ਸੰਭਵ ਹੈ। ਸਟੀਰਿੰਗ ਕਮੇਟੀ ਬਣਾਉਣ ਦੇ ਪ੍ਰਸਤਾਵ 'ਤੇ ਵੀ ਵਿਚਾਰ ਹੋਣਾ ਹੈ। ਸਟੀਰਿੰਗ ਕਮੇਟੀ ਨੂੰ ਲੈ ਕੇ ਮੁਕਲ ਵਾਸਨਿਕ, ਮੋਤੀ ਲਾਲ ਵੋਹਰਾ, ਗੁਲਾਮ ਨਬੀ ਆਜ਼ਾਦ, ਅਹਿਮਦ ਪਟੇਲ, ਏ. ਕੇ. ਐਂਥਨੀ ਦੇ ਨਾਂ ਵੀ ਚੱਲ ਰਹੇ ਹਨ।

ਅੰਤਿਮ ਫੈਸਲਾ ਅਜੇ ਹੋਣਾ ਹੈ ਪਰ ਕਾਰਜਕਾਰੀ ਪਾਰਟੀ ਪ੍ਰਧਾਨ ਨੂੰ ਲੈ ਕੇ ਵੀ ਭਾਲ ਸ਼ੁਰੂ ਹੋ ਚੁੱਕੀ ਹੈ। ਉਚ ਅਹੁਦੇ ਲਈ ਸਹਿਮਤੀ ਬਣਾਉਣ ਲਈ ਕਾਂਗਰਸ ਕਾਰਜ ਕਮੇਟੀ ਦੇ ਤਿੰਨ ਮੈਂਬਰ ਰਾਏ ਬਣਾਉਣ 'ਚ ਜੁਟੇ ਹੋਏ ਹਨ। ਕੁਝ ਨੇਤਾ ਇਹ ਕਹਿ ਰਹੇ ਹਨ ਕਿ ਸੋਨੀਆ ਗਾਂਧੀ ਦੇ ਨਾਂ 'ਤੇ ਵੀ ਤੁਰੰਤ ਸਹਿਮਤੀ ਹੋ ਸਕਦੀ ਹੈ, ਜੇਕਰ ਉਹ ਅਤੇ ਗਾਂਧੀ ਪਰਿਵਾਰ ਅਸਥਾਈ ਤੌਰ 'ਤੇ ਉਨ੍ਹਾਂ ਦੇ ਪੁੱਤਰ ਵਲੋਂ ਅਸਤੀਫਾ ਦੇਣ ਤੋਂ ਬਾਅਦ ਖਾਲੀ ਹੋਈ ਅਹੁਦੇ ਨੂੰ ਭਰਨ ਲਈ ਤਿਆਰ ਹੋਣ। ਗੈਰ ਰਸਮੀ ਚਰਚਾ ਦੌਰਾਨ ਤਿੰਨ ਦਲਿਤ ਨੇਤਾਵਾਂ ਮੁਕੁਲ ਵਾਸਨਿਕ, ਸੁਸ਼ੀਲ ਕੁਮਾਰ ਸ਼ਿੰਦੇ, ਮਲਿਕਾਰਜੁਨ ਖੜਗੇ, ਅਸ਼ੋਕ ਗਹਿਲੋਤ ਅਤੇ ਆਨੰਦ ਸ਼ਰਮਾ ਦੇ ਨਾਂ ਵੀ ਉਭਰੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀ. ਡਬਲਿਊ. ਸੀ. ਦੇ ਸਾਬਕਾ ਮੈਂਬਰ ਕਰਨ ਸਿੰਘ ਨੇ ਜਨਤਕ ਤੌਰ 'ਤੇ ਨੌਜਵਾਨ ਆਕਰਸ਼ਕ ਨੇਤਾ ਨੂੰ ਅੱਗੇ ਲਿਆਉੁਣ ਦੀ ਵਕਾਲਤ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਿਆਨ ਦੇ ਪਿੱਛੇ ਇਹ ਤਰਕ ਦਿੱਤਾ ਸੀ ਕਿ ਦੇਸ਼ 'ਚ 65 ਫੀਸਦੀ ਤੋਂ ਵੱਧ ਆਬਾਦੀ ਨੌਜਵਾਨਾਂਂ ਦੀ ਹੈ, ਇਸ ਲਈ ਨੌਜਵਾਨ ਨੇਤਾ ਨੂੰ ਪਾਰਟੀ ਦੀ ਕਮਾਨ ਸੌਂਪਣ ਨਾਲ ਕਾਂਗਰਸ ਨੂੰ ਲਾਭ ਮਿਲੇਗਾ। ਨੌਜਵਾਨ ਨੇਤਾ ਦੇ ਰੂਪ 'ਚ ਜਿਓਤਿਰਦਿਤਿਆ ਸਿੰਧੀਆ ਦਾ ਨਾਂ ਵੀ ਚਰਚਾ 'ਚ ਹੈ।


author

shivani attri

Content Editor

Related News