ਕਾਂਗਰਸੀ ਵਿਧਾਇਕਾਂ ਨੇ ਸੁਖਬੀਰ ਬਾਦਲ ਵੱਲੋਂ ਪਰਗਟ ਸਿੰਘ ’ਤੇ ਤੱਥ ਰਹਿਤ ਦੋਸ਼ ਲਾਉਣ ਦੀ ਕੀਤੀ ਨਿੰਦਾ

Sunday, Dec 05, 2021 - 07:31 PM (IST)

ਕਾਂਗਰਸੀ ਵਿਧਾਇਕਾਂ ਨੇ ਸੁਖਬੀਰ ਬਾਦਲ ਵੱਲੋਂ ਪਰਗਟ ਸਿੰਘ ’ਤੇ ਤੱਥ ਰਹਿਤ ਦੋਸ਼ ਲਾਉਣ ਦੀ ਕੀਤੀ ਨਿੰਦਾ

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਸਿਸਟੈਂਟ ਪ੍ਰੋਫੈਸਰਾਂ ਦੀ ਭਰਤੀ ਨੂੰ ਲੈ ਕੇ ਉਚੇਰੀ ਸਿੱਖਿਆ ਮੰਤਰੀ ਪਰਗਟ ਸਿੰਘ ਖ਼ਿਲਾਫ ਲਾਏ ਦੋਸ਼ਾਂ ਨੂੰ ਮਨਘੜਤ ਤੇ ਤੱਥ ਰਹਿਤ ਦੱਸਦਿਆਂ ਕਾਂਗਰਸੀ ਵਿਧਾਇਕਾਂ ਨੇ ਆਖਿਆ ਕਿ ਇਹ ਤਾਂ ਉਹ ਗੱਲ ਹੋਈ, ਛੱਜ ਤਾਂ ਬੋਲੇ ਛਾਣਨੀ ਕਿਉਂ ਬੋਲੇ। ਉਨ੍ਹਾਂ ਕਿਹਾ ਕਿ ਆਪਣੇ 10 ਸਾਲ ਦੇ ਕੁਸ਼ਾਸਨ ਦੌਰਾਨ ਮਾਫ਼ੀਆ ਰਾਜ ਕਾਇਮ ਕਰਨ ਵਾਲੇ ਸੁਖਬੀਰ ਬਾਦਲ ਨੂੰ ਅਜਿਹਾ ਬਿਆਨ ਦੇਣਾ ਸ਼ੋਭਦਾ ਨਹੀਂ। ਅੱਜ ਇਥੇ ਜਾਰੀ ਸਾਂਝੇ ਪ੍ਰੈੱਸ ਬਿਆਨ ’ਚ ਕਾਂਗਰਸੀ ਵਿਧਾਇਕਾਂ ਕੁਲਜੀਤ ਸਿੰਘ ਨਾਗਰਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਸਿੰਘ ਜ਼ੀਰਾ ਤੇ ਅਮਿਤ ਵਿੱਜ ਨੇ ਆਖਿਆ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਪਰਗਟ ਸਿੰਘ ਦੀ ਈਮਾਨਦਾਰੀ ਉੱਤੇ ਸ਼ੱਕ ਪ੍ਰਗਟਾਉਣ ਦਾ ਵੀ ਨੈਤਿਕ ਹੱਕ ਨਹੀਂ ਹੈ ਕਿਉਂਕਿ ਉਚੇਰੀ ਸਿੱਖਿਆ ਮੰਤਰੀ ਸਿੱਖਿਆ ਖੇਤਰ ’ਚ ਸੁਧਾਰ ਲਿਆਉਣ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ, ਜਦਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਰਾਜ ਦੌਰਾਨ ਸੂਬੇ ਦਾ ਵਿਨਾਸ਼ ਕੀਤਾ।

ਇਹ ਵੀ ਪੜ੍ਹੋ : ਬੈਂਕਾਂ ਦੇ ਨਿੱਜੀਕਰਨ ਖ਼ਿਲਾਫ ਦੇਸ਼ ਪੱਧਰੀ ਸਾਂਝੇ ਅੰਦੋਲਨ ਦੀ ਹੈ ਜ਼ਰੂਰਤ : ਰਾਕੇਸ਼ ਟਿਕੈਤ

ਉਨ੍ਹਾਂ ਅੱਗੇ ਕਿਹਾ ਕਿ ਬਾਦਲਾਂ ਨੇ ਸਾਲਾਂਬੱਧੀ ਪੰਜਾਬ ਦੀ ਲੁੱਟ ਕੀਤੀ ਹੈ ਅਤੇ ਪਿਛਲੇ ਦੋ ਦਹਾਕਿਆਂ ਦੌਰਾਨ ਆਪਣੇ 15 ਸਾਲਾਂ ਦੇ ਰਾਜ ਦੌਰਾਨ ਇਕ ਵੀ ਸਰਕਾਰੀ ਕਾਲਜ ’ਚ ਪ੍ਰੋਫੈਸਰ ਦੀ ਭਰਤੀ ਨਹੀਂ ਕੀਤੀ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਯੋਗ ਅਗਵਾਈ ’ਚ ਉਚੇਰੀ ਸਿੱਖਿਆ ਮੰਤਰੀ ਵੱਲੋਂ 25 ਸਾਲਾਂ ਬਾਅਦ ਪਾਰਦਰਸ਼ੀ ਢੰਗ ਨਾਲ 1091 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਪਰ ਇਸ ਮਹੱਤਵਪੂਰਨ ਕਦਮ ਦਾ ਸਵਾਗਤ ਕਰਨ ਦੀ ਥਾਂ ਬਾਦਲ ਬੇਬੁਨਿਆਦ ਦੋਸ਼ ਲਗਾਉਣ ’ਚ ਜੁਟੇ ਹੋਏ  ਹਨ। ਕਾਂਗਰਸੀ ਵਿਧਾਇਕਾਂ ਨੇ ਸਾਂਝੇ ਬਿਆਨ ’ਚ ਕਿਹਾ, ‘‘ਬਾਦਲਾਂ ਤੋਂ ਉਲਟ ਪਰਗਟ ਸਿੰਘ ਦੀ ਕੋਈ ਟਰਾਂਸਪੋਰਟ, ਰੇਤ ਦੀ ਮਾਈਨਿੰਗ ਜਾਂ ਹੋਟਲ ਦਾ ਕਾਰੋਬਾਰ ਨਹੀਂ ਹੈ। ਸੁਖਬੀਰ ਬਾਦਲ ਉਚੇਰੀ ਸਿੱਖਿਆ ਮੰਤਰੀ ਦੇ ਕਿਰਦਾਰ ‘ਤੇ ਉਂਗਲ ਚੁੱਕਣ ਦੀ ਹਿੰਮਤ ਵੀ ਕਿਵੇਂ ਕਰ ਸਕਦਾ ਹੈ ? ਬਾਦਲਾਂ ਨੇ ਨਸ਼ਾ ਤਸਕਰਾਂ ਅਤੇ ਮਾਫ਼ੀਆ ਨੂੰ ਸ਼ਹਿ ਦੇ ਕੇ ਪੰਜਾਬ ਦੇ ਭਵਿੱਖ ਨੂੰ ਬਰਬਾਦ ਕੀਤਾ ਹੈ। ਪੰਜਾਬੀ ਬਾਦਲਾਂ ਦੇ ਗੁਨਾਹਾਂ ਨੂੰ ਕਦੇ ਵੀ ਨਹੀਂ ਭੁੱਲਣਗੇ ਅਤੇ ਉਨ੍ਹਾਂ (ਬਾਦਲਾਂ) ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।’’


author

Manoj

Content Editor

Related News