ਵਿਧਾਇਕ ਪਰਗਟ ਦੇ ਕਰੀਬੀ ਅਫ਼ਸਰਾਂ ਦੇ ਪਰ ਕੁਤਰਨ ਦੀ ਤਿਆਰੀ, ਜਲੰਧਰ ''ਚ ਵੀ 3 ਵੱਡੇ ਅਧਿਕਾਰੀ ਸਰਕਾਰ ਦੀ ਰਾਡਾਰ ’ਤੇ
Sunday, May 16, 2021 - 06:25 PM (IST)
ਜਲੰਧਰ (ਖੁਰਾਣਾ)– ਪੰਜਾਬ ਵਿਚ ਭਾਵੇਂ ਵਿਧਾਨ ਸਭਾ ਚੋਣਾਂ ਵਿਚ ਸਿਰਫ਼ 6 ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਹੈ ਪਰ ਇਸ ਦੇ ਬਾਵਜੂਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਚਿਤ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਕਾਰ ਤਲਖ਼ੀ ਵਧਦੀ ਜਾ ਰਹੀ ਹੈ, ਜਿਸ ਕਾਰਨ ਪੰਜਾਬ ਕਾਂਗਰਸ ਸਪੱਸ਼ਟ ਰੂਪ ਵਿਚ 2 ਧੜਿਆਂ ਵਿਚ ਵੰਡੀ ਗਈ ਹੈ।
ਇਸੇ ਵਿਚਕਾਰ ਜਿੱਥੇ ਸੱਤਾ ’ਤੇ ਕਾਬਜ਼ ਕੈਪਟਨ ਅਮਰਿੰਦਰ ਸਿੰਘ ਧੜੇ ’ਤੇ ਨਵਜੋਤ ਸਿੰਘ ਸਿੱਧੂ ਦੇ ਨਜ਼ਦੀਕੀਆਂ ’ਤੇ ਵਿਜੀਲੈਂਸ ਜਾਂਚ ਸ਼ੁਰੂ ਕਰਵਾਉਣ ਦਾ ਦਬਾਅ ਬਣ ਰਿਹਾ ਹੈ ਅਤੇ ਚਰਚਾ ਹੈ ਕਿ ਇਸ ਸਬੰਧੀ ਹੁਕਮ ਵੀ ਜਾਰੀ ਹੋ ਚੁੱਕੇ ਹਨ, ਉਥੇ ਹੀ, ਪੰਜਾਬ ਦੀ ਕਾਂਗਰਸ ਸਰਕਾਰ ਹੁਣ ਨਵਜੋਤ ਸਿੰਘ ਸਿੱਧੂ ਦੇ ਨਾਲ-ਨਾਲ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਦੇ ਨਜ਼ਦੀਕੀ ਅਫ਼ਸਰਾਂ ਦੇ ਵੀ ਪਰ ਕੁਤਰਨ ਦੀ ਤਿਆਰੀ 'ਚ ਹੈ।
ਇਹ ਵੀ ਪੜ੍ਹੋ: ਜਲੰਧਰ: ਪਿਮਸ ਹਸਪਤਾਲ ਦੀ ਵੱਡੀ ਲਾਪਰਵਾਹੀ, ਮਹਿਲਾ ਮਰੀਜ਼ ਨੂੰ ਲਾਇਆ ਖ਼ਾਲੀ ਆਕਸੀਜਨ ਸਿਲੰਡਰ, ਹੋਈ ਮੌਤ
ਜ਼ਿਕਰਯੋਗ ਹੈ ਕਿ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਹਮੇਸ਼ਾ ਨਵਜੋਤ ਸਿੰਘ ਦਾ ਸਾਥ ਦਿੱਤਾ ਹੈ ਅਤੇ ਅਜੇ ਕੁਝ ਦਿਨ ਪਹਿਲਾਂ ਹੀ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੀ ਜਨਤਕ ਰੂਪ ਵਿਚ ਆਲੋਚਨਾ ਕੀਤੀ ਸੀ। ਇਨ੍ਹੀਂ ਦਿਨੀਂ ਵਿਧਾਇਕ ਪਰਗਟ ਸਿੰਘ ਨਵਜੋਤ ਸਿੰਘ ਸਿੱਧੂ ਨਾਲ ਕਈ ਸਮਾਰੋਹਾਂ ਵਿਚ ਸ਼ਾਮਲ ਵੀ ਹੋ ਰਹੇ ਹਨ।
ਇਹ ਵੀ ਪੜ੍ਹੋ: ਸਾਵਧਾਨ! ਕੋਰੋਨਾ ਤੋਂ ਬਾਅਦ ਜਲੰਧਰ 'ਤੇ ਮੰਡਰਾਇਆ ਇਕ ਹੋਰ ਖ਼ਤਰਾ, 'ਬਲੈਕ ਫੰਗਸ' ਨੇ ਦਿੱਤੀ ਦਸਤਕ
ਪਤਾ ਲੱਗਾ ਹੈ ਕਿ ਹਾਲ ਹੀ ਵਿਚ ਮੁੱਖ ਮੰਤਰੀ ਦਫ਼ਤਰ ਦੇ ਨਿਰਦੇਸ਼ਾਂ ’ਤੇ ਜਲੰਧਰ ਵਿਚ ਤਾਇਨਾਤ ਵਿਧਾਇਕ ਪਰਗਟ ਸਿੰਘ ਦੇ ਨਜ਼ਦੀਕੀਆਂ ਦੀ ਸੂਚੀ ਤਿਆਰ ਕਰਵਾਈ ਗਈ ਹੈ, ਜਿਸ ਵਿਚ ਕਈ ਪੁਲਸ ਅਧਿਕਾਰੀਆਂ ਤੋਂ ਇਲਾਵਾ ਜਲੰਧਰ ਨਿਗਮ ਨਾਲ ਸਬੰਧਤ 3 ਵੱਡੇ ਅਧਿਕਾਰੀਆਂ ਦੇ ਨਾਂ ਵੀ ਸ਼ਾਮਲ ਹਨ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਵੱਡੇ ਅਧਿਕਾਰੀਆਂ ਨੇ ਆਪਣੀ ਪੋਸਟਿੰਗ, ਤਬਾਦਲੇ ਅਤੇ ਹੋਰ ਕੰਮਾਂ ਲਈ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀ ਦਫ਼ਤਰ, ਲੋਕਲ ਬਾਡੀਜ਼ ਮੰਤਰਾਲਾ, ਹੋਰ ਪੱਧਰ ’ਤੇ ਸਿਫਾਰਸ਼ ਆਦਿ ਕਰਵਾਈ ਸੀ। ਉਦੋਂ ਵਿਧਾਇਕ ਪਰਗਟ ਸਿੰਘ ਦਾ ਸੂਬੇ ਦੀ ਅਫ਼ਸਰਸ਼ਾਹੀ ਵਿਚ ਕਾਫ਼ੀ ਬੋਲਬਾਲਾ ਸੀ ਪਰ ਹੁਣ ਨਵਜੋਤ ਸਿੱਧੂ ਦਾ ਸਾਥ ਦੇਣ ਕਾਰਨ ਹਾਲਾਤ ਬਦਲ ਚੁੱਕੇ ਹਨ।
ਇਹ ਵੀ ਪੜ੍ਹੋ: ਧੀ ਦੀ ਲਾਸ਼ ਮੋਢਿਆਂ 'ਤੇ ਚੁੱਕ ਸ਼ਮਸ਼ਾਨਘਾਟ ਲਿਜਾਣ ਦੇ ਮਾਮਲੇ 'ਚ ਹਰਕਤ 'ਚ ਆਇਆ ਜਲੰਧਰ ਪ੍ਰਸ਼ਾਸਨ, ਆਖੀ ਵੱਡੀ ਗੱਲ
ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਜਲੰਧਰ ਵਿਚ ਤਾਇਨਾਤ ਅਜਿਹੇ ਅਧਿਕਾਰੀਆਂ ਦਾ ਤਬਾਦਲਾ ਹੋ ਸਕਦਾ ਹੈ ਅਤੇ ਉਨ੍ਹਾਂ ਨੂੰ ਖੁੱਡੇ ਲਾਈਨ ਵੀ ਲਾਇਆ ਜਾ ਸਕਦਾ ਹੈ, ਜਿਹੜੇ ਵਿਧਾਇਕ ਪਰਗਟ ਸਿੰਘ ਦੀ ਸਿਫਾਰਸ਼ ’ਤੇ ਜਾਂ ਤਾਂ ਇਥੇ ਤਾਇਨਾਤ ਹੋਏ ਹਨ ਜਾਂ ਪਿਛਲੇ ਸਮੇਂ ਦੌਰਾਨ ਉਨ੍ਹਾਂ ਕੋਲੋਂ ਕੰਮ ਆਦਿ ਕਰਵਾਉਂਦੇ ਰਹੇ ਹਨ। ਇਸ ਸਥਿਤੀ ਨੂੰ ਲੈ ਕੇ ਸ਼ਹਿਰ ਦੇ ਕਈ ਵੱਡੇ ਅਧਿਕਾਰੀਆਂ ਨੇ ਆਪਣੀਆਂ ਨਵੀਆਂ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਦੂਜੇ ਵਿਧਾਇਕਾਂ ਦੀ ਸ਼ਰਨ ਵਿਚ ਜਾਣ ਦਾ ਸਿਲਸਿਲਾ ਵੀ ਸ਼ੁਰੂ ਹੈ।
ਇਹ ਵੀ ਪੜ੍ਹੋ: ਨੰਗਲ 'ਚ ਕਬਾੜ ਨੂੰ ਲੈ ਕੇ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, ਵਿਅਕਤੀ ਦਾ ਬੇਰਹਿਮੀ ਨਾਲ ਕੀਤਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?