ਕਾਂਗਰਸੀ ਵਿਧਾਇਕ ਜਲਾਲਪੁਰ ਦਾ ਫੈਕਟਰੀ ਮੁਲਾਜ਼ਮ ਨੂੰ ਧਮਕੀ ਦੇਣ ਵਾਲਾ ਆਡੀਓ ਵਾਇਰਲ

Wednesday, Apr 03, 2019 - 12:06 PM (IST)

ਕਾਂਗਰਸੀ ਵਿਧਾਇਕ ਜਲਾਲਪੁਰ ਦਾ ਫੈਕਟਰੀ ਮੁਲਾਜ਼ਮ ਨੂੰ ਧਮਕੀ ਦੇਣ ਵਾਲਾ ਆਡੀਓ ਵਾਇਰਲ

ਘਨੌਰ - ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਵਲੋਂ ਇਕ ਫੈਕਟਰੀ ਮੁਲਾਜ਼ਮ ਨੂੰ ਫੋਨ 'ਤੇ ਧਮਕੀ ਦੇਣ ਵਾਲਾ ਆਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਆਡੀਓ 'ਚ ਵਿਧਾਇਕ ਮਦਨ ਲਾਲ ਫੈਕਟਰੀ ਮੁਲਾਜ਼ਮ ਅਮਿਤ ਨਾਲ ਫੋਨ 'ਤੇ ਗੱਲਬਾਤ ਕਰਦੇ ਸੁਣਾਈ ਦੇ ਰਹੇ ਹਨ। ਵਿਧਾਇਕ ਉਸ ਨੂੰ ਕਹਿੰਦੇ ਹਨ, 'ਮੈਂ ਐੱਮ.ਐੱਲ.ਏ. ਜਲਾਲਪੁਰ ਬੋਲ ਰਿਹਾਂ। 'ਫੋਨ ਚੁੱਕਣ ਵਾਲਾ ਮੁਲਾਜ਼ਮ ਅਮਿਤ ਵਿਧਾਇਕ ਦੀ ਗੱਲਬਾਤ ਨੂੰ ਖਾਸ ਤਵੱਜੋ ਨਾ ਦਿੰਦਾ ਹੋਇਆ ਉਸ ਪ੍ਰਤੀ ਅਣਜਾਣਤਾ ਪ੍ਰਗਟਾਉਂਦਾ ਹੈ, ਜਿਸ 'ਤੇ ਵਿਧਾਇਕ ਗੁੱਸੇ 'ਚ ਆ ਕੇ ਉਸ ਨੂੰ ਗੱਲ ਕਰਨ ਦੀ ਤਮੀਜ਼ ਸਿਖਾਉਣ ਅਤੇ 'ਬੰਦੇ ਦਾ ਪੁੱਤ' ਬਣਾਉਣ ਦੀ ਧਮਕੀ ਦਿੰਦਾ ਹੈ।'' ਫੈਕਟਰੀ ਮੁਲਾਜ਼ਮ ਬੋਲਦਾ ਹੈ, ''ਮੈਂ ਤੁਹਾਨੂੰ ਜਾਣਦਾ ਨਹੀਂ ਕਿ ਤੁਸੀਂ ਐੱਮ.ਐੱਲ.ਏ. ਬੋਲ ਰਹੇ ਬੋਲ ਰਹੇ ਹੋ।'' ਫਿਰ ਵਿਧਾਇਕ ਫੈਕਟਰੀ ਮੁਲਾਜ਼ਮ ਨੂੰ ਕਹਿੰਦਾ ਹੈ, 'ਅਮਿਤ ਜੀ ਤੁਹਾਨੂੰ ਬੋਲਣ ਦੀ ਅਕਲ ਹੋਣੀ ਚਾਹੀਦੀ ਹੈ ਅਤੇ ਇਹ ਦੱਸੋ ਕਿ ਫੈਕਟਰੀ 'ਚੋਂ ਲੜਕੇ ਕਿਉਂ ਕੱਢੇ ਹਨ।'' ਮੁਲਾਜ਼ਮ ਨੇ ਜਵਾਬ ਦਿੱਤਾ, 'ਮੈਂ ਕੌਣ ਹੁੰਦਾ ਹਾਂ ਉਨ੍ਹਾਂ ਨੂੰ ਨੌਕਰੀਓਂ ਕੱਢਣ ਵਾਲਾ ਤੁਸੀਂ ਐੱਚ.ਆਰ. ਨਾਲ ਇਸ ਸਬੰਧੀ ਗੱਲ ਕਰੋ।'' ਵਿਧਾਇਕ ਨੇ ਕਿਹਾ, ''ਇਹ ਮੇਰਾ ਹਲਕਾ ਹੈ ਤੇ ਮੇਰੇ ਹਲਕੇ 'ਚ ਫੈਕਟਰੀ ਹੈ ਅਤੇ ਮੈਂ ਤੈਨੂੰ ਹੁਣੇ ਹੀ ਪੰਜ ਮਿੰਟ 'ਚ ਪੁਲਸ ਤੋਂ ਚੁੱਕਵਾ ਦੇਵਾਂਗਾ।''

ਦੱਸ ਦੇਈਏ ਕਿ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਉਸ ਫੈਕਟਰੀ ਦਾ ਨਾਂ ਤਾਂ ਨਹੀਂ ਦੱਸਿਆ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਫੈਕਟਰੀਆਂ ਵਾਲੇ ਲੋਕਾਂ ਨੂੰ ਲੁੱਟ ਰਹੇ ਹਨ। ਫੈਕਟਰੀ ਵਾਲੇ ਡੀ. ਸੀ ਰੇਟ ਮੁਤਾਬਕ ਮਜ਼ਦੂਰਾਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਨਹੀਂ ਦਿੰਦੇ, ਸਿਰਫ 6500 ਰੁਪਏ ਪ੍ਰਤੀ ਮਹੀਨਾ ਤਨਖਾਹ ਦੇ ਕੇ ਵਧ ਤੋਂ ਵਧ ਸਮਾਂ ਕੰਮ ਕਰਵਾਉਂਦੇ ਹਨ। ਅਜਿਹਾ ਕਰਨ 'ਤੇ ਜੇਕਰ ਕੋਈ ਮੁਲਾਜ਼ਮ ਕੁਝ ਬੋਲਦਾ ਹੈ ਤਾਂ ਉਸ ਨੂੰ ਫੈਕਟਰੀ 'ਚੋਂ ਕੱਢ ਦਿੱਤਾ ਜਾਂਦਾ ਹੈ। ਵਾਇਰਲ ਹੋ ਰਹੀ ਇਸ ਆਡੀਓ ਦੇ ਬਾਰੇ ਅੱਜੇ ਤੱਕ ਸਿੱਧ ਨਹੀਂ ਹੋ ਸਕਿਆ ਕਿ ਆਡੀਓ ਦੀ ਇਹ ਆਵਾਜ਼ ਕਾਂਗਰਸੀ ਵਿਧਾਇਕ ਜਲਾਲਪੁਰ ਦੀ ਹੈ ਜਾਂ ਨਹੀਂ।


author

rajwinder kaur

Content Editor

Related News