ਕਾਂਗਰਸੀ ਵਿਧਾਇਕਾਂ ਦਾ ਵਿਰੋਧ ‘ਆਪ’ ਨੇ ਨਹੀਂ ਆਮ ਲੋਕਾਂ ਨੇ ਕੀਤਾ : ਰਾਘਵ ਚੱਢਾ
Tuesday, Jan 26, 2021 - 02:08 AM (IST)
ਚੰਡੀਗੜ੍ਹ, (ਰਮਨਜੀਤ)– ਬੀਤੇ ਦਿਨੀਂ ਕਿਸਾਨਾਂ ਵਲੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਵਿਰੋਧ ਕੀਤੇ ਜਾਣ ਤੋਂ ਬਾਅਦ ਕਾਂਗਰਸੀ ਐੱਮ.ਪੀ. ਵਲੋਂ ਕੀਤੀ ਗਈ ਬਿਆਨਬਾਜ਼ੀ ’ਤੇ ਆਮ ਆਦਮੀ ਪਾਰਟੀ (ਆਪ) ਨੇ ਸਖਤ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਆਰ. ਟੀ. ਆਈ. ਵਿਚ ਕਾਲੇ ਕਾਨੂੰਨਾਂ ਸਬੰਧੀ ਕੈਪਟਨ ਵਲੋਂ ਬੋਲੇ ਜਾ ਰਹੇ ਝੂਠ ਦਾ ਪਰਦਾਫਾਸ਼ ਹੋਣ ਕਾਰਨ ਕਿਸਾਨ ਕਾਂਗਰਸ ਆਗੂਆਂ ਖਿਲਾਫ਼ ਹੋ ਰਹੇ ਹਨ। ਇਹ ਵਿਰੋਧ ‘ਆਪ’ ਨੇ ਨਹੀਂ ਆਮ ਲੋਕਾਂ ਨੇ ਕੀਤਾ ਹੈ। ਅੱਜ ਇਥੇ ਪਾਰਟੀ ਹੈੱਡਕੁਆਰਟਰ ’ਤੇ ਬੁਲਾਈ ਪ੍ਰੈੱਸ ਕਾਨਫਰੰਸ ਦੌਰਾਨ ਸਹਿ ਇੰਚਾਰਜ ਰਾਘਵ ਚੱਢਾ ਅਤੇ ਯੂਥ ਵਿੰਗ ਦੀ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਦਾ ਵਿਰੋਧ ਕਿਸਾਨਾਂ ਵਲੋਂ ਉਨ੍ਹਾਂ ਖਿਲਾਫ ਕੀਤੀ ਗਈ ਬਿਆਨਬਾਜ਼ੀ ਕਰਕੇ ਹੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਪਹਿਲਾਂ ਤਾਂ ਕਿਸਾਨਾਂ ਖਿਲਾਫ ਬਿਆਨਬਾਜ਼ੀ ਕਰਦੇ ਹਨ ਤੇ ਬਾਅਦ ਵਿਚ ਉਨ੍ਹਾਂ ਵਿਚ ਜਾਂਦੇ ਹਨ ਤਾਂ ਕਿ ਕਿਸਾਨ ਕਿਸੇ ਨਾ ਕਿਸੇ ਤਰ੍ਹਾਂ ਆਪੇ ਤੋਂ ਬਾਹਰ ਹੋ ਜਾਣ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਵਲੋਂ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਦੂਜਿਆਂ ’ਤੇ ਦੂਸ਼ਣਬਾਜ਼ੀ ਕਰਨੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਬਿੱਟੂ ਨੇ ਕਿਸਾਨਾਂ ਵਲੋਂ ਕੀਤੇ ਗਏ ਵਿਰੋਧ ਦਾ ਨਾਂ ਆਮ ਆਦਮੀ ਪਾਰਟੀ ਨਾਲ ਜੋੜ ਦਿੱਤਾ ਕਿ ‘ਆਪ’ ਨੇ ਇਹ ਵਿਰੋਧ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਸ ਵਿਰੋਧ ਵਿਚ ਆਮ ਆਦਮੀ ਪਾਰਟੀ ਦਾ ਕੋਈ ਵੀ ਹੱਥ ਨਹੀਂ ਹੈ, ਜਿਨ੍ਹਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਹੈ ਉਹ ਇਕ ਆਮ ਲੋਕ ਹਨ। ਉਨ੍ਹਾਂ ਕਿਹਾ ਕਿ ਅਸੀਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਹਾਂ ਕਿ ‘ਆਪ’ ਸਿਰਫ ਕਿਸਾਨਾਂ ਲਈ ਸਿਰਫ ਸੇਵਾਦਾਰ ਵਜੋਂ ਕੰਮ ਕਰ ਰਹੀ ਹੈ। ਜੋ ਵੀ ਉਥੇ ਗਤੀਵਿਧੀ ਹੋ ਰਹੀ ਹੈ ਉਹ ਕਿਸਾਨਾਂ ਦੇ ਆਪਣੇ ਫੈਸਲੇ ਦੇ ਮੁਤਾਬਕ ਹੋ ਰਹੀ ਹੈ। ਬਿੱਟੂ ਅਤੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਨੂੰ ਬਦਨਾਮ ਕਰਨ ਦੀ ਚਾਲ ਮੋਦੀ ਸਰਕਾਰ ਦੇ ਨਾਲ ਮਿਲੀਭੁਗਤ ਹੋਣ ਕਰ ਕੇ ਹੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਕਈ ਦਿਨਾਂ ਤੋਂ ਮੀਡੀਆ ਦੇ ਸਾਹਮਣੇ ਅਤੇ ਲੋਕਾਂ ਨੂੰ ਇਹ ਬੋਲਦੇ ਆ ਰਹੇ ਸੀ ਕਿ ਕੈਪਟਨ ਅਤੇ ਮੋਦੀ ਦੋਵੇਂ ਮਿਲੇ ਹੋਏ ਹਨ। ਕੱਲ ਅਸੀਂ ਪ੍ਰੈੱਸ ਕਾਨਫਰੰਸ ਕਰ ਕੇ ਆਰ. ਟੀ. ਆਈ. ਦੇ ਦਸਤਾਵੇਜ ਨਾਲ ਕੈਪਟਨ ਅਤੇ ਮੋਦੀ ਦੀ ਮਿਲੀਭੁਗਤ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਆਪਣੇ ਪੁੱਤ ਮੋਹ ਦੇ ਚਲਦਿਆਂ ਕੈਪਟਨ ਨੇ ਪੂਰੇ ਪੰਜਾਬ ਨੂੰ ਮੋਦੀ ਦੇ ਹਵਾਲੇ ਕਰ ਦਿੱਤਾ ਅਤੇ ਫਿਰ ਹਰ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਾਜਿਸ਼ ਰਚੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਤੇ ਮੋਦੀ ਦੇ ਗਠਜੋੜ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਤਾਂ ਹੁਣ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਹੇ ਹਨ।