ਜੇ ਕਾਂਗਰਸੀ ਵਜ਼ੀਰ-ਵਿਧਾਇਕ ਨਿਕੰਮੇ ਮੁੱਖ ਮੰਤਰੀ ਨੂੰ ਲਾਂਭੇ ਨਹੀਂ ਕਰ ਸਕਦੇ ਤਾਂ ਖ਼ੁਦ ਅਸਤੀਫ਼ੇ ਦੇਣ : ਚੀਮਾ

Monday, May 11, 2020 - 12:43 AM (IST)

ਜੇ ਕਾਂਗਰਸੀ ਵਜ਼ੀਰ-ਵਿਧਾਇਕ ਨਿਕੰਮੇ ਮੁੱਖ ਮੰਤਰੀ ਨੂੰ ਲਾਂਭੇ ਨਹੀਂ ਕਰ ਸਕਦੇ ਤਾਂ ਖ਼ੁਦ ਅਸਤੀਫ਼ੇ ਦੇਣ : ਚੀਮਾ

ਚੰਡੀਗੜ੍ਹ,(ਰਮਨਜੀਤ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੰਗਾਰਿਆ ਹੈ ਕਿ ਜੇਕਰ ਉਨ੍ਹਾਂ ਅੰਦਰ ਪੰਜਾਬ ਪ੍ਰਤੀ ਥੋੜ੍ਹੀ ਬਹੁਤ ਵੀ ਜ਼ਮੀਰ ਜਿਉਂਦੀ ਹੈ ਤਾਂ ਉਹ ਜਾਂ ਤਾਂ ਸ਼ਾਸਕ ਅਤੇ ਪ੍ਰਸ਼ਾਸਨਿਕ ਤੌਰ 'ਤੇ ਬੁਰੀ ਤਰ੍ਹਾਂ ਨਕਾਰਾ ਹੋ ਚੁੱਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦੇਣ ਜਾਂ ਫੇਰ ਖ਼ੁਦ ਅਜਿਹੀਆਂ ਕਾਗ਼ਜ਼ੀ ਵਜ਼ੀਰੀਆਂ, ਵਿਧਾਇਕੀਆਂ ਨੂੰ ਠੋਕਰ ਮਾਰ ਕੇ ਪੰਜਾਬ ਨਾਲ ਖੜ੍ਹਨ ਦੀ ਜੁਰਅੱਤ ਦਿਖਾਉਣ। ਚੀਮਾ ਨੇ ਲੰਘੇ ਸ਼ਨੀਵਾਰ ਨੂੰ ਇਕ ਅਹਿਮ ਬੈਠਕ ਦੌਰਾਨ ਪੰਜਾਬ ਦੇ ਮੰਤਰੀਆਂ ਅਤੇ ਸਮੂਹ ਅਧਿਕਾਰੀਆਂ ਦਰਮਿਆਨ ਹੋਏ ਖੜਕੇ-ਦੜਕੇ 'ਤੇ ਤਿੱਖੀ ਪ੍ਰਤੀਕਿਰਿਆ ਦਰਜ ਕਰਾਈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਕ ਵਾਰ ਫੇਰ ਜੱਗ ਜ਼ਾਹਿਰ ਹੋਇਆ ਹੈ ਕਿ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ (ਸ਼ੈਅ) ਨਹੀਂ ਹੈ। ਕਥਿਤ ਸਰਕਾਰ 'ਫਾਰਮ ਹਾਊਸ' 'ਚ ਬੈਠ ਕੇ 'ਬਾਬੂ ਸ਼ਾਹੀ ਕੈਬਨਿਟ' ਰਾਹੀਂ ਸ਼ਾਹੀ ਅੰਦਾਜ਼ 'ਚ ਚਲਾਈ ਜਾ ਰਹੀ ਹੈ। ਚੁਣੇ ਹੋਏ ਨੁਮਾਇੰਦੇ 'ਟੁਕ 'ਤੇ ਡੇਲੇ' ਦੀ ਹੋਣੀ ਵਰਗੀ ਬੇਬਸੀ ਪ੍ਰਗਟਾ ਰਹੇ ਹਨ। ਅਜਿਹੇ ਆਪਹੁਦਰੇ ਅਤੇ ਬੇਲਗ਼ਾਮ ਨਿਜ਼ਾਮ (ਸਿਸਟਮ) 'ਚ ਪੰਜਾਬ ਦੀ ਹੋਰ ਬਰਬਾਦੀ ਰੋਕਣ ਲਈ ਜੇਕਰ ਕਾਂਗਰਸੀ ਵਜ਼ੀਰ ਜਾਂ ਵਿਧਾਇਕ ਫ਼ੈਸਲਾਕੁੰਨ ਆਵਾਜ਼ ਬੁਲੰਦ ਕਰਨ ਦੀ ਥਾਂ ਆਪਣੀਆਂ ਕੁਰਸੀਆਂ ਨੂੰ ਹੀ ਚਿੰਬੜੇ ਰਹਿਣਗੇ ਤਾਂ ਲੋਕਾਂ ਦੀ ਕਚਹਿਰੀ 'ਚ ਅਜਿਹੇ ਖ਼ੁਦਗ਼ਰਜ਼ ਲੀਡਰਾਂ ਕੋਲੋਂ ਪਾਈ-ਪਾਈ ਦਾ ਹਿਸਾਬ ਲਿਆ ਜਾਵੇਗਾ।
ਚੀਮਾ ਨੇ ਕਿਹਾ ਕਿ ਔਖੇ ਅਤੇ ਚੁਣੌਤੀ ਭਰੇ ਸਮਿਆਂ 'ਚ ਜਨਹਿੱਤ ਸਰਕਾਰ ਚਲਾਉਣਾ ਕੈ. ਅਮਰਿੰਦਰ ਦੇ ਵੱਸ ਦੀ ਗੱਲ ਨਹੀਂ ਰਹੀ। ਉਮਰ ਅਤੇ ਸ਼ਾਹੀ ਆਦਤਾਂ ਨੇ ਮੁੱਖ ਮੰਤਰੀ ਨੂੰ ਨਾਕਾਬਲ ਬਣਾ ਦਿੱਤਾ ਹੈ। ਬਾਬੂਆਂ ਅਤੇ ਜੀ-ਹਜੂਰਾਂ ਦਾ ਭ੍ਰਿਸ਼ਟ ਅਤੇ ਮਾਫ਼ੀਆ ਰੁਝਾਨ ਵਾਲੇ ਕੈਪਟਨ ਦੀ 'ਕਿਚਨ ਕੈਬਨਿਟ' ਹੁਣ ਨਾ ਸਿਰਫ ਪੰਜਾਬ ਅਤੇ ਪੰਜਾਬੀਆਂ ਸਗੋਂ ਖ਼ੁਦ ਕੈਪਟਨ 'ਤੇ ਭਾਰੀ ਪੈ ਚੁੱਕੀ ਹੈ। ਸੋਧੀ ਹੋਈ ਨਵੀਂ ਸ਼ਰਾਬ ਨੀਤੀ ਇਸ ਦੀ ਤਾਜ਼ਾ ਮਿਸਾਲ ਹੈ, ਲਾਕਡਾਊਨ ਦੇ ਮੌਜੂਦਾ ਹਲਾਤ 'ਚ ਪੰਜਾਬ ਦਾ ਸ਼ਰਾਬ ਮਾਫ਼ੀਆ ਨਵੀਆਂ ਸਿਖ਼ਰਾਂ ਛੂਹ ਰਿਹਾ ਹੈ। ਇਹੋ ਵਜ੍ਹਾ ਹੈ ਕਿ ਪੰਜਾਬ 'ਚ ਹਰ ਸਾਲ ਸ਼ਰਾਬ ਦੀ ਖਪਤ ਵਧ ਰਹੀ ਹੈ ਪਰ ਸਰਕਾਰੀ ਖ਼ਜ਼ਾਨੇ ਨੂੰ ਆਮਦਨੀ ਘੱਟ ਰਹੀ ਹੈ। ਉਨ੍ਹਾਂ ਪੰਜਾਬ ਦੇ ਮੰਤਰੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਅਫ਼ਸਰਸ਼ਾਹੀ ਨਾਲ ਖੜਕਾ-ਦੜਕਾ ਹੋਣ ਪਿੱਛੋਂ ਜੋ ਮੰਤਰੀ ਅਫ਼ਸਰਸ਼ਾਹੀ 'ਤੇ ਪੰਜਾਬ ਨੂੰ ਲੁੱਟਣ ਦੇ ਬੇਬਾਕ ਦੋਸ਼ ਲਗਾ ਰਹੇ ਹਨ, ਉਹ ਇਹ ਵੀ ਦੱਸਣ ਕਿ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਵਾਲੇ ਚੋਰਾਂ ਦਾ 'ਅਲੀਬਾਬਾ' ਕੌਣ ਹੈ ਕਿਉਂਕਿ ਸਿਆਸੀ ਸਰਪ੍ਰਸਤੀ ਬਗੈਰ ਕੋਈ ਵੀ ਅਜਿਹੀ ਹਮਾਕਤ ਨਹੀਂ ਕਰ ਸਕਦਾ।

ਚੀਮਾ ਨੇ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ, ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਚੰਨੀ ਨੂੰ ਕਿਹਾ ਕਿ ਉਹ ਤਮਾਸ਼ਬੀਨਾਂ ਵਜੋਂ ਸਿਰਫ਼ ਵਾਕਆਊਟ ਜਾਂ ਬਿਆਨਬਾਜ਼ੀ ਕਰਕੇ ਹੀ ਆਪਣੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਜਨਤਕ ਤੌਰ 'ਤੇ ਹੁਣ ਪੱਤੇ ਖੁੱਲ੍ਹ ਚੁੱਕੇ ਹਨ, ਇਸ ਲਈ ਜਾਂ ਤਾਂ ਉਹ ਪੰਜਾਬ ਨਾਲ ਖੜ੍ਹੇ ਹੋ ਕੇ ਪੰਜਾਬੀਆਂ ਦੇ ਹਿੱਤ ਬਚਾਉਣ ਲਈ ਅੱਗੇ ਆਉਣ ਜਾਂ ਫੇਰ 'ਚੋਰਾਂ' ਨਾਲ ਮਿਲ ਕੇ 'ਅਲੀਬਾਬਾ' ਦੀ ਕੁਰਸੀ ਬਚਾਈ ਰੱਖਣ। ਚੀਮਾ ਨੇ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਮੁੱਖ ਮੰਤਰੀ ਦੇ ਸਲਾਹਕਾਰ (ਕੈਬਨਿਟ ਰੁਤਬਾ) ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਤੰਜ ਕੱਸਿਆ ਕਿ ਸਰਕਾਰ ਦੀਆਂ ਲੋਕ ਮਾਰੂ ਅਤੇ ਗ਼ਲਤ ਨੀਤੀਆਂ ਵਿਰੁੱਧ ਜੇਕਰ ਉਨ੍ਹਾਂ ਦੀਆਂ ਸਤਿਕਾਰਯੋਗ ਧਰਮ-ਪਤਨੀਆਂ ਬੋਲ ਸਕਦੀਆਂ ਹਨ ਤਾਂ ਉਹ ਕਿਉਂ ਨਹੀਂ ਬੋਲ ਸਕਦੇ?

ਚੀਮਾ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਘੇਰਦਿਆਂ ਕਿਹਾ ਕਿ 2017 'ਚ ਕਾਂਗਰਸ ਸਰਕਾਰ ਦੀ ਪਹਿਲੀ ਕੈਬਨਿਟ ਬੈਠਕ ਦੌਰਾਨ ਜਦੋਂ ਤਤਕਾਲੀ ਵਜ਼ੀਰ ਨਵਜੋਤ ਸਿੱਧੂ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਚੋਣ ਮੈਨੀਫੈਸਟੋ ਮੁਤਾਬਿਕ ਪੰਜਾਬ 'ਚ ਸਰਕਾਰੀ ਸ਼ਰਾਬ ਨਿਗਮ ਗਠਿਤ ਕਰਨ ਦੀ ਤਜਵੀਜ਼ ਲਿਆਂਦੀ ਸੀ ਤਾਂ ਉਨ੍ਹਾਂ ਦੇ ਮੂੰਹਾਂ 'ਤੇ ਜਿੰਦਰੇ ਕਿਉਂ ਵੱਜ ਗਏ ਸਨ? ਚੀਮਾ ਮੁਤਾਬਿਕ ਜੇਕਰ ਉਸ ਸਮੇਂ ਵਿੱਤ ਮੰਤਰੀ ਅਤੇ ਬਾਕੀ ਮੰਤਰੀਆਂ ਨੇ ਸ਼ਰਾਬ ਨਿਗਮ ਦੇ ਹੱਕ 'ਚ ਸਟੈਂਡ ਲਿਆ ਹੁੰਦਾ ਤਾਂ ਸ਼ਰਾਬ ਨੀਤੀ ਬਾਰੇ ਇਨ੍ਹਾਂ ਵਜ਼ੀਰਾਂ ਨੂੰ ਅਫ਼ਸਰਾਂ ਹਥੋਂ ਬੇਇੱਜ਼ਤ ਹੋ ਕੇ ਬੈਠਕ 'ਚੋਂ ਵਾਕਆਊਟ ਕਰਨ ਦੀ ਨੌਬਤ ਨਾ ਆਉਂਦੀ।
 


author

Deepak Kumar

Content Editor

Related News