ਕੈਪਟਨ ਤੇ ਜਾਖੜ ਨੇ ਮਿਸ਼ਨ 2019 ਦੀਆਂ ਤਿਆਰੀਆਂ ਲਈ ਸੋਸ਼ਲ ਮੀਡੀਆ ''ਤੇ ਫੋਕਸ

Friday, Jul 06, 2018 - 07:28 AM (IST)

ਜਲੰਧਰ (ਧਵਨ)  - ਪੰਜਾਬ 'ਚ ਕਾਂਗਰਸ ਸਰਕਾਰ ਅਤੇ ਸੂਬਾਈ ਕਾਂਗਰਸ ਕਮੇਟੀ ਨੇ ਮਿਸ਼ਨ '2019' ਦੀਆਂ ਤਿਆਰੀਆਂ ਲਈ ਸੋਸ਼ਲ ਮੀਡੀਆ 'ਤੇ ਆਪਣਾ ਫੋਕਸ ਵਧਾ ਦਿੱਤਾ ਹੈ। ਕੇਂਦਰੀ ਪੱਧਰ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਵਲੋਂ ਸੋਸ਼ਲ ਮੀਡੀਆ ਰਾਹੀਂ ਕੇਂਦਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਪਿੱਛੇ ਛੱਡਣ ਲਈ ਵੱਧ ਤੋਂ ਵੱਧ ਆਪਣੀਆਂ ਸਰਗਰਮੀਆਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਸੋਸ਼ਲ  ਮੀਡੀਆ 'ਤੇ ਵਧੇਰੇ ਧਿਆਨ ਕੇਂਦਰਿਤ ਨਹੀਂ ਕਰ ਸਕੀ ਸੀ ਜਦਕਿ ਦੂਜੇ ਪਾਸੇ ਭਾਜਪਾ ਨੇ ਸੋਸ਼ਲ ਮੀਡੀਆ 'ਤੇ ਵਧੇਰੇ ਧਿਆਨ ਕੇਂਦਰਿਤ ਕਰ ਕੇ ਨੌਜਵਾਨ ਵਰਗ ਨੂੰ ਆਪਣੇ ਨਾਲ ਜੋੜ ਲਿਆ ਸੀ। ਹੁਣ ਪਿਛਲੇ ਇਕ ਸਾਲ ਤੋਂ ਕਾਂਗਰਸ 'ਚ ਰਾਹੁਲ ਲਗਾਤਾਰ ਸੋਸ਼ਲ ਮੀਡੀਆ 'ਤੇ ਟਿਕੇ ਹੋਏ ਹਨ। ਇੰਝ ਕਰ ਕੇ ਉਨ੍ਹਾਂ ਨੇ ਨੌਜਵਾਨਾਂ ਅੰਦਰ ਆਪਣੀ ਹੋਂਦ ਸਥਾਪਿਤ ਕੀਤੀ ਹੈ। ਰਾਹੁਲ ਦੀਆਂ ਸਰਗਰਮੀਆਂ ਦਾ ਸੰਚਾਲਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਭੈਣ ਪ੍ਰਿਯੰਕਾ ਵਲੋਂ ਕੀਤਾ ਜਾ ਰਿਹਾ ਹੈ। ਪੰਜਾਬ 'ਚ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਲੋਕਾਂ ਨਾਲ ਜੁੜਣ ਦੀਆਂ ਕੋਸ਼ਿਸਾਂ 'ਚ ਲੱਗੇ ਹੋਏ ਹਨ। ਉਹ ਆਪਣੀ ਹਰ ਸਰਗਰਮੀ ਦਾ ਪ੍ਰਚਾਰ ਸੋਸ਼ਲ ਮੀਡੀਆ 'ਚ ਕਰਨਾ ਨਹੀਂ ਭੁੱਲਦੇ। ਮੁੱਖ ਮੰਤਰੀ ਜਿਸ ਵੀ ਸਰਕਾਰੀ ਜਾਂ ਪਾਰਟੀ ਦੇ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਜਾਂਦੇ ਹਨ ਤਾਂ ਤੁਰੰਤ ਸੋਸ਼ਲ ਮੀਡੀਆ 'ਤੇ ਸਰਗਰਮ ਹੋ ਕੇ ਲੋਕਾਂ ਨਾਲ ਜੁੜਨ ਦਾ ਯਤਨ ਕਰਦੇ ਹਨ। ਉਹ ਆਪਣੀ ਫੇਸਬੁੱਕ 'ਤੇ ਟਵੀਟਰ ਰਾਹੀਂ ਤੁਰੰਤ  ਆਪਣੇ ਵਿਚਾਰ ਲੋਕਾਂ ਤਕ ਪਹੁੰਚਾਉਂਦੇ ਹਨ। ਇਸੇ ਤਰ੍ਹਾਂ ਸੁਨੀਲ ਜਾਖੜ ਵੀ ਆਪਣੀਆਂ ਸਿਆਸੀ ਸਰਗਰਮੀਆਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਚਾਰਿਤ ਕਰਨ ਲਈ ਸਰਗਰਮ ਰਹਿੰਦੇ ਹਨ।


Related News