ਵੱਡਾ ਦਾਅ ਖੇਡਣ ਦੀ ਰੌਂਅ ''ਚ ਕਾਂਗਰਸ, ਇਨ੍ਹਾਂ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ ''ਚ ਉਤਾਰਨ ਦੀ ਤਿਆਰੀ

01/14/2022 8:54:53 PM

ਜਲੰਧਰ: ਪੰਜਾਬ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ ਵਿੱਚ ਮੰਥਨ ਜਾਰੀ ਹੈ। ਇਸ ਦੇ ਲਈ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ 'ਚ ਕੇਂਦਰੀ ਚੋਣ ਕਮੇਟੀ (ਸੀਈਸੀ) ਦੀਆਂ ਮੀਟਿੰਗਾਂ ਲਗਾਤਾਰ ਹੋ ਰਹੀਆਂ ਹਨ। ਮੁੱਢਲੀ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ 26 ਵਿਧਾਇਕਾਂ ਸਮੇਤ 40 ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਯਾਨੀ ਸ਼ੁੱਕਰਵਾਰ ਜਾਰੀ ਹੋ ਸਕਦੀ ਹੈ। ਕਾਂਗਰਸ ਇਸ ਵਾਰ ਸੰਸਦ ਮੈਂਬਰਾਂ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਵੱਡਾ ਦਾਅ ਖੇਡਣ ਦੀ ਤਿਆਰੀ ਵਿੱਚ ਹੈ। ਸੂਤਰਾਂ ਮੁਤਾਬਕ ਲੋਕ ਸਭਾ ਦੇ 8 ਤੇ ਰਾਜ ਸਭਾ ਦੇ 3 ਸੰਸਦ ਮੈਂਬਰਾਂ 'ਚੋਂ 5 ਵਿਧਾਨ ਸਭਾ ਚੋਣ ਲੜ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਤੋਂ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਮੁਕਾਬਲੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਤੇ ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ ਨੂੰ ਉਤਾਰਿਆ ਜਾ ਸਕਦਾ ਹੈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਇਸ ਵਾਰ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਖਿੱਚੀ ਬੈਠੇ ਹਨ।

ਇਹ ਵੀ ਪੜ੍ਹੋ :ਟਕਸਾਲੀ ਅਕਾਲੀਆਂ 'ਚ ਭਾਜਪਾ ਦੀ ਸੰਨ੍ਹ, 3 ਵੱਡੇ ਪਰਿਵਾਰਾਂ ਮਗਰੋਂ ਹੁਣ ਇਸ ਪਰਿਵਾਰ 'ਤੇ ਨਜ਼ਰ

ਮੰਨਿਆ ਜਾ ਰਿਹਾ ਹੈ ਕਿ ਪਹਿਲੀ ਸੂਚੀ ਵਿੱਚ ਸੀ. ਐੱਮ. ਚੰਨੀ, ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਰਾਜਿੰਦਰ ਕੌਰ ਭੱਠਲ ਤੋਂ ਇਲਾਵਾ ਮੋਗਾ ਸੀਟ ਤੋਂ ਮਾਲਵਿਕਾ ਸੂਦ, ਸੰਗਰੂਰ ਤੋਂ ਵਿਜੇ ਸਿੰਗਲਾ ਤੇ ਖੰਨਾ ਤੋਂ ਗੁਰਕੀਰਤ ਕੋਟਲੀ ਦੇ ਨਾਂ ਵੀ ਸ਼ਾਮਲ ਹਨ। ਅੰਮ੍ਰਿਤਸਰ ਦੇ ਰਾਖਵੇਂ ਵਿਧਾਨ ਸਭਾ ਖੇਤਰ ਅਟਾਰੀ ਤੋਂ ਸੂਫ਼ੀ ਗਾਇਕ ਪੂਰਨ ਚੰਦ ਵਡਾਲੀ ਦੇ ਪੁੱਤਰ ਗਾਇਕ ਲਖਵਿੰਦਰ ਵਡਾਲੀ ਨੂੰ ਕਾਂਗਰਸ ਵੱਲੋਂ ਉਤਾਰਨ ਦੀਆਂ ਵੀ ਚਰਚਾਵਾਂ ਹਨ। 

ਇਹ ਵੀ ਪੜ੍ਹੋ ਕੇਜਰੀਵਾਲ ਦਾ ਖ਼ੁਲਾਸਾ, ਦੱਸਿਆ ਕਿਉਂ ਨਹੀਂ ਹੋਇਆ ਸੰਯੁਕਤ ਸਮਾਜ ਮੋਰਚਾ ਨਾਲ ਗਠਜੋੜ

 ਜਾਣਕਾਰੀ ਅਨੁਸਾਰ ਇਸ ਵਾਰ ਕਰੀਬ 20 ਵਿਧਾਇਕਾਂ ਦੀ ਟਿਕਟ ਕੱਟ ਸਕਦੀ ਹੈ। ਇਕ ਪਰਿਵਾਰ ਦੇ ਇਕ ਹੀ ਮੈਂਬਰ ਨੂੰ ਟਿਕਟ ਦਿੱਤੀ ਜਾਵੇਗੀ। ਪਾਰਟੀ ਸੂਤਰਾਂ ਮੁਤਾਬਕ ਵੀਰਵਾਰ ਸ਼ਾਮ ਦਿੱਲੀ 'ਚ ਹੋਈ ਮੀਟਿੰਗ 'ਚ ਕਰੀਬ 40 ਨਾਵਾਂ 'ਤੇ ਸਹਿਮਤੀ ਬਣ ਗਈ ਹੈ। ਮੁੱਖ ਮੰਤਰੀ ਇਸ ਵਾਰ ਚਮਕੌਰ ਸਾਹਿਬ ਤੋਂ ਇਲਾਵਾ ਆਦਮਪੁਰ ਜਾਂ ਕਿਸੇ ਹੋਰ ਸੀਟ ਤੋਂ ਵੀ ਚੋਣ ਲੜ ਸਕਦੇ ਹਨ। ਇਸ ਦਾ ਫ਼ੈਸਲਾ ਵੀ ਅੱਜ ਦੀ ਮੀਟਿੰਗ 'ਚ ਹੋ ਜਾਵੇਗਾ। ਇਸ ਵਾਰ ਜ਼ਿਆਦਾਤਰ ਔਰਤਾਂ ਤੇ ਨੌਜਵਾਨ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇਗਾ। ਜਿਨ੍ਹਾਂ ਉਮੀਦਵਾਰਾਂ ਦੇ ਨਾਵਾਂ 'ਤੇ ਸਹਿਮਤੀ ਬਣ ਸਕਦੀ ਹੈ, ਉਨ੍ਹਾਂ 'ਚ ਗਿੱਦੜਬਾਹਾ ਸੀਟ ਤੋਂ ਰਾਜਾ ਵੜਿੰਗ, ਅਮਿਤ ਵਿਜ (ਪਠਾਨਕੋਟ), ਦਰਸ਼ਨ ਸਿੰਘ ਬਰਾੜ (ਬਾਘਾਪੁਰਾਣਾ), ਗੁਰਕੀਰਤ ਕੋਟਲੀ (ਖੰਨਾ), ਸੁਰਿੰਦਰ ਡਾਬਰ (ਲੁਧਿਆਣਾ ਸੈਂਟਰਲ), ਪ੍ਰਤਾਪ ਬਾਜਵਾ (ਕਾਦੀਆਂ), ਅਰੁਣਾ ਚੌਧਰੀ (ਦੀਨਾਨਗਰ), ਕੁਲਜੀਤ ਨਾਗਰਾ (ਫਤਿਹਗੜ੍ਹ ਸਾਹਿਬ), ਵਿਜੇ ਸਿੰਗਲਾ (ਸੰਗਰੂਰ), ਸੁਖਜਿੰਦਰ ਰੰਧਾਵਾ (ਡੇਰਾ ਬਾਬਾ ਨਾਨਕ), ਓਮ ਪ੍ਰਕਾਸ਼ ਸੋਨੀ (ਅੰਮ੍ਰਿਤਸਰ ਸੈਂਟਰਲ), ਰਾਜ ਕੁਮਾਰ ਵੇਰਕਾ (ਅੰਮ੍ਰਿਤਸਰ ਵੈਸਟ), ਬਾਵਾ ਹੈਨਰੀ (ਜਲੰਧਰ ਨਾਰਥ), ਸੁਸ਼ੀਲ ਰਿੰਕੂ (ਜਲੰਧਰ ਵੈਸਟ) ਤੇ ਮੋਗਾ ਤੋਂ ਮਾਲਵਿਕਾ ਸੂਦ ਸ਼ਾਮਲ ਹਨ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Harnek Seechewal

Content Editor

Related News