ਕੱਚੇ ਮੁਲਾਜ਼ਮਾਂ ਨੇ ਕਾਂਗਰਸੀ ਆਗੂਆਂ ਨੂੰ ਮੈਨੀਫੈਸਟੋ ਦੀ ਤਸਵੀਰ ਦੇ ਕੇ ਯਾਦ ਕਰਵਾਏ ਵਾਅਦੇ
Tuesday, Jan 02, 2018 - 12:15 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਸੋਮਵਾਰ ਨੂੰ ਨਵੇਂ ਸਾਲ ਦੇ ਪਹਿਲੇ ਦਿਨ ਕੱਚੇ ਮੁਲਾਜ਼ਮਾਂ ਨੇ ਕਾਂਗਰਸ ਦੇ ਜ਼ਿਲਾ ਦਫਤਰ ਵਿਖੇ ਪਾਰਟੀ ਪ੍ਰਧਾਨਾਂ ਤੇ ਆਗੂਆਂ ਨੂੰ ਕਾਂਗਰਸ ਦੇ ਵਾਅਦਿਆਂ ਦੀ ਤਸਵੀਰ ਸੌਂਪ ਕੇ ਰੋਸ ਪ੍ਰਗਟ ਕੀਤਾ।
ਮੁਲਾਜ਼ਮਾਂ ਨੇ ਜ਼ਿਲਾ ਕਾਂਗਰਸ ਭਵਨ ਵਿਖੇ ਇਕੱਠੇ ਹੋ ਕੇ ਜ਼ਿਲਾ ਕਾਂਗਰਸ ਪ੍ਰਧਾਨ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਤੇ ਕਾਂਗਰਸ ਪਾਰਟੀ ਵੱਲੋਂ ਜਾਰੀ ਚੋਣ ਮੈਨੀਫੈਸਟੋ ਦੀ ਕਟਿੰਗ ਫਰੇਮ ਕਰਵਾ ਕੇ ਫੁੱਲਾਂ ਦੇ ਗੁਲਦਸਤੇ ਨਾਲ ਦਿੱਤੀ। ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਇਮਰਾਨ ਭੱਟੀ ਨੇ ਕਿਹਾ ਕਿ ਕਾਂਗਰਸ ਨੇ ਮੁਲਾਜ਼ਮਾਂ ਤੋਂ ਮੂੰਹ ਮੋੜ ਲਿਆ ਹੈ ਪਰ ਮੁਲਾਜ਼ਮ ਸਰਕਾਰ ਨੂੰ ਕੀਤੇ ਵਾਅਦੇ ਭੁੱਲਣ ਨਹੀਂ ਦੇਣਗੇ। ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ ਮੁਲਾਜ਼ਮਾਂ ਵੱਲੋਂ ਇਕ ਯਾਦਗਾਰੀ ਤਸਵੀਰ ਫਰੇਮ ਕਰਵਾ ਕੇ ਦਿੱਤੀ ਗਈ ਹੈ, ਜਿਸ ਵਿਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਬਿਆਨ ਹਨ, ਜਿਨ੍ਹਾਂ 'ਚ ਉਨ੍ਹਾਂ ਵੱਲੋਂ ਸਰਕਾਰ ਬਣਨ 'ਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸੁਵਿਧਾ ਕੇਂਦਰਾਂ ਦੇ ਮੁਲਾਜ਼ਮਾਂ ਨੂੰ ਬਹਾਲ ਕਰਨ ਦੀ ਗੱਲ ਆਖੀ ਗਈ ਸੀ ਤੇ ਮੁੱਖ ਮੰਤਰੀ ਪੰਜਾਬ ਦਾ ਟਵੀਟ ਤੇ ਕਾਂਗਰਸ ਪਾਰਟੀ ਦਾ ਚੋਣ ਮਨੋਰਥ ਪੱਤਰ ਵੀ ਹੈ।
ਆਗੂਆਂ ਨੇ ਕਿਹਾ ਕਿ ਉਨ੍ਹਾਂ ਨਵੇਂ ਸਾਲ 'ਤੇ ਇਹ ਯਾਦਗਾਰੀ ਤਸਵੀਰ ਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਕਾਂਗਰਸ ਪਾਰਟੀ ਨੂੰ ਨੌਜਵਾਨਾਂ ਨਾਲ ਕੀਤਾ ਵਾਅਦਾ ਯਾਦ ਕਰਵਾਇਆ ਹੈ ਤੇ ਨਾਲ ਹੀ ਜ਼ਿਲਾ ਪ੍ਰਧਾਨ ਨੂੰ ਬੇਨਤੀ ਕੀਤੀ ਕਿ ਕਾਂਗਰਸ ਦੇ ਦਫਤਰ 'ਚ ਪਾਰਟੀ ਦੀਆਂ ਲੱਗੀਆਂ ਯਾਦਗਾਰੀ ਤਸਵੀਰਾਂ ਨਾਲ ਇਸ ਤਸਵੀਰ ਨੂੰ ਵੀ ਲਾਇਆ ਜਾਵੇ ਤਾਂ ਜੋ ਕਾਂਗਰਸ ਪਾਰਟੀ ਨੂੰ ਹਮੇਸ਼ਾ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਯਾਦ ਆਉਂਦੇ ਰਹਿਣ।
ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਮੁਲਾਜ਼ਮਾਂ ਨਾਲ ਮੀਟਿੰਗ ਨਾ ਕੀਤੀ ਤਾਂ ਮੁਲਾਜ਼ਮ ਲੋਹੜੀ ਵਾਲੇ ਦਿਨ ਟੋਲੀਆਂ ਬਣਾ ਕੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ 'ਚ ਜਾ ਕੇ ਮੀਟਿੰਗ ਲਈ ਸਮੇਂ ਦੀ ਲੋਹੜੀ ਮੰਗਣਗੇ।
ਇਸ ਮੌਕੇ ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਅਰੁਣ ਕੁਮਾਰ, ਹਰਿੰਦਰ ਸਿੰਘ, ਸਰਵ ਸਿੱੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਤੋਂ ਅਮਜ਼ਦ ਖਾਂ ਤੇ ਮਨਸ਼ੇ ਖਾਂ ਮਨਰੇਗਾ ਯੂਨੀਅਨ ਵੱਲੋਂ ਮੌਜੂਦ ਸਨ।