ਮੀਟ ਦੇ ਖੋਖੇ ਰੱਖਣ ਨੂੰ ਲੈ ਕੇ ਕਾਂਗਰਸੀਆਂ ''ਚ ਤੂੰ-ਤੂੰ ਮੈਂ-ਮੈਂ

Tuesday, Feb 06, 2018 - 11:07 AM (IST)

ਮੀਟ ਦੇ ਖੋਖੇ ਰੱਖਣ ਨੂੰ ਲੈ ਕੇ ਕਾਂਗਰਸੀਆਂ ''ਚ ਤੂੰ-ਤੂੰ ਮੈਂ-ਮੈਂ

ਭਾਦਸੋਂ (ਅਵਤਾਰ)-ਨਗਰ ਪੰਚਾਇਤ ਭਾਦਸੋਂ ਵੱਲੋਂ ਮੁੱਖ ਦਫ਼ਤਰ ਨੂੰ ਜਾਣ ਵਾਲੇ ਮੁੱਖ ਰਸਤੇ 'ਤੇ ਅਣ-ਅਧਿਕਾਰਤ ਕੌਰ 'ਤੇ ਬਣੇ ਮੀਟ-ਮਾਸ ਦੇ ਖੋਖਿਆਂ ਨੂੰ ਕਾਰਜਸਾਧਕ ਅਫਸਰ ਵੱਲੋਂ ਪਿਛਲੇ ਦਿਨੀਂ ਲਿਖਤੀ ਰੂਪ 'ਚ ਨੋਟਿਸ ਜਾਰੀ ਕਰ ਕੇ ਉਥੋਂ ਚੁਕਵਾ ਦਿੱਤਾ ਸੀ ਕਿਉਂਕਿ ਉਕਤ ਖੋਖਿਆਂ ਦੇ ਨਜ਼ਦੀਕ ਹੀ ਸ੍ਰੀ ਵਿਸ਼ਵਕਰਮਾ ਮੰਦਰ, ਸ੍ਰੀ ਹਰੀ ਮੰਦਰ, ਭਗਵਾਨ ਵਾਲਮੀਕਿ ਧਰਮਸ਼ਾਲਾ ਤੇ ਬੱਸ ਸਟਾਪ ਆਦਿ ਹਨ। ਲੋਕਾਂ ਵੱਲੋਂ ਇਨ੍ਹਾਂ ਮੀਟ ਦੇ ਖੋਖਿਆਂ ਨੂੰ ਉਥੋਂ ਹਟਵਾਉਣ ਲਈ ਨਗਰ ਪੰਚਾਇਤ ਅਧਿਕਾਰੀਆਂ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ। ਇਸ 'ਤੇ ਕਾਰਵਾਈ ਕਰਦਿਆਂ ਦਫ਼ਤਰ ਨਗਰ ਪੰਚਾਇਤ ਭਾਦਸੋਂ ਵੱਲੋਂ ਮਿਊਂਸੀਪਲ ਐਕਟ 1911 ਅਤੇ ਸਲਾਟਰ ਹਾਊਸ ਰੂਲਜ਼ 200 ਤਹਿਤ ਇਨ੍ਹਾਂ ਮੀਟ ਦੇ ਖੋਖਿਆਂ ਨੂੰ ਉਥੋਂ ਹਟਵਾ ਦਿੱਤਾ। 
ਅੱਜ ਇਹ ਮਾਮਲਾ ਉਸ ਵੇਲੇ ਤੂਲ ਫੜ ਗਿਆ, ਜਦੋਂ ਇਨ੍ਹਾਂ ਚੁੱਕੇ ਗਏ ਮੀਟ ਦੇ ਖੋਖਿਆਂ ਨੂੰ ਲੈ ਕੇ ਕਾਂਗਰਸੀ ਆਗੂਆਂ ਵਿਚ ਤਕਰਾਰਬਾਜ਼ੀ ਹੋ ਗਈ, ਜੋ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਦਰਬਾਰ ਪੁੱਜ ਗਈ। ਦਫ਼ਤਰ ਮਾਰਕੀਟ ਕਮੇਟੀ ਭਾਦਸੋਂ ਵਿਖੇ ਲੋਕਾਂ ਦੀ ਸਮੱਸਿਆਵਾਂ ਸੁਣਨ ਪੁੱਜੇ ਕੈਬਨਿਟ ਮੰਤਰੀ ਧਰਮਸੌਤ ਨੇ ਮੀਟ ਦੇ ਖੋਖਾ ਮਾਲਕਾਂ ਅਤੇ ਕਾਂਗਰਸੀ ਆਗੂਆਂ ਨਾਲ ਇਸ ਮਸਲੇ ਸਬੰਧੀ ਗੱਲਬਾਤ ਕੀਤੀ। ਇਸੇ ਦੌਰਾਨ ਨਵੀਂ ਜਗ੍ਹਾ 'ਤੇ ਮੀਟ ਦੇ ਖੋਖੇ ਰੱਖਵਾਉਣ ਨੂੰ ਲੈ ਕੇ ਕਾਂਗਰਸੀ ਆਗੂਆਂ ਵਿਚ ਤੂੰ-ਤੂੰ ਮੈਂ-ਮੈਂ ਵੀ ਹੋਈ। ਅੰਤ ਕੈਬਨਿਟ ਮੰਤਰੀ ਵੱਲੋਂ ਫਿਲਹਾਲ ਮੀਟ ਦੇ ਖੋਖੇ ਪੁਰਾਣੀ ਜਗ੍ਹਾ 'ਤੇ ਹੀ ਰੱਖਣ ਦਾ ਹੁਕਮ ਦੇ ਕੇ ਮਾਮਲੇ ਨੂੰ ਸਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ।
ਦੂਜੇ ਪਾਸੇ ਉਕਤ ਧਾਰਮਿਕ ਅਸਥਾਨਾਂ ਦੇ ਆਗੂਆਂ ਤੇ ਸਬੰਧਤ ਸੰਸਥਾਵਾਂ ਦੀਆਂ ਸੰਗਤਾਂ ਵਿਚ ਦੁਬਾਰਾ ਇਨ੍ਹਾਂ ਅਸਥਾਨਾਂ ਨੇੜੇ ਮੀਟ ਦੇ ਖੋਖੇ ਖੁੱਲ੍ਹਵਾਉਣ ਦੇ ਫੈਸਲੇ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜੇਕਰ ਇੱਥੇ ਮੀਟ ਦੇ ਖੋਖੇ ਮੁੜ ਖੋਲ੍ਹੇ ਗਏ ਤਾਂ ਉਹ ਸੰਘਰਸ਼ ਕਰਨਗੇ।


Related News