ਇਕ ਹੋਰ ਕਾਂਗਰਸੀ ਆਗੂ ਨੇ ਆਪਣੀ ਹੀ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ, ਮੁੱਖ ਮੰਤਰੀ ਨੂੰ ਲਿਖਿਆ ਪੱਤਰ

05/24/2020 5:34:45 PM

ਮਾਛੀਵਾੜਾ ਸਾਹਿਬ (ਟੱਕਰ,ਸਚਦੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੇਸ਼ੱਕ ਦਾਅਵੇ ਕੀਤੇ ਜਾਂਦੇ ਹਨ ਕਿ ਉਹ ਸੂਬੇ 'ਚ ਕਿਤੇ ਵੀ ਰੇਤਾ ਦੀ ਨਜਾਇਜ਼ ਮਾਈਨਿੰਗ ਨਹੀਂ ਹੋਣ ਦੇਣਗੇ ਅਤੇ ਸਰਕਾਰੀ ਖੱਡਾਂ 'ਚ ਨਿਯਮਾਂ ਅਨੁਸਾਰ ਕੰਮ ਹੋਵੇਗਾ ਪਰ ਹਲਕਾ ਸਾਹਨੇਵਾਲ ਦੇ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਤਾਜਪਰਮਿੰਦਰ ਸਿੰਘ ਸੋਨੂੰ ਅਤੇ ਹੋਰ ਕਈ ਵਿਅਕਤੀਆਂ ਨੇ ਆਪਣੀ ਸਰਕਾਰ 'ਚ ਰੇਤ ਮਾਫ਼ੀਆ ਵਲੋਂ ਮਚਾਈ ਲੁੱਟ ਖਿਲਾਫ਼ ਮੋਰਚਾ ਖੋਲਦਿਆਂ ਮੁੱਖ ਮੰਤਰੀ ਤੇ ਸੀ.ਬੀ.ਆਈ. ਨੂੰ ਪੱਤਰ ਲਿਖ ਕੇ ਰੋਜ਼ਾਨਾ ਹੋ ਰਹੇ ਲੱਖਾਂ ਰੁਪਏ ਦੇ ਘਪਲੇ ਦੀ ਜਾਂਚ ਮੰਗੀ ਹੈ। ਕਾਂਗਰਸੀ ਆਗੂ ਵਲੋਂ ਮੁੱਖ ਮੰਤਰੀ ਤੇ ਸੀ.ਬੀ.ਆਈ. ਨੂੰ ਪੱਤਰ ਲਿਖ ਜਾਣੂ ਕਰਵਾਇਆ ਗਿਆ ਕਿ ਸਤਲੁਜ ਦਰਿਆ ਦੇ ਨਵਾਂਸ਼ਹਿਰ ਖੇਤਰ ਵਿਚ ਬੁਰਜ ਟਹਿਲ ਦਾਸ ਦੀ ਖੱਡ ਰੇਤ ਦੀ ਖੁਦਾਈ ਲਈ ਪਾਸ ਹੈ ਪਰ ਠੇਕੇਦਾਰਾਂ ਵਲੋਂ ਲੁਧਿਆਣਾ ਜ਼ਿਲ੍ਹੇ 'ਚ ਮੱਤੇਵਾੜਾ ਖੇਤਰ ਅਤੇ ਹੋਰ ਕਈ ਪਿੰਡਾਂ ਦੀ ਜੰਗਲਾਤ ਵਿਭਾਗ ਦੀ ਟੀਮ ਤੋਂ ਇਲਾਵਾ ਜੋ ਸੈਂਟਰ ਦੀ ਬੇਅਬਾਦ ਜ਼ਮੀਨ ਪਈ ਹੈ ਉਸ 'ਚੋਂ ਨਜਾਇਜ਼ ਮਾਈਨਿੰਗ ਕਰ ਕਾਨੂੰਨ ਦੀਆਂ ਧੱਜੀਆਂ ਉਡਾਈਆਂ, ਨਾਲ ਹੀ ਕੁਦਰਤੀ ਸ੍ਰੋਤਾਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਹੁਣ ਇੰਝ ਹੋਵੇਗੀ ਦੁੱਧ ਦੀ ਪਰਖ 

ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਦੀ ਜ਼ਮੀਨ 'ਚੋਂ ਸੈਂਕੜੇ ਟਿੱਪਰ-ਟਰਾਲੀਆਂ ਦਿਨ-ਦਿਹਾੜੇ ਪੁਲਸ ਪ੍ਰਸ਼ਾਸਨ ਦੀ ਨੱਕ ਹੇਠ ਅਤੇ ਮਾਈਨਿੰਗ ਵਿਭਾਗ ਦੀ ਮਿਲੀਭੁਗਤ ਨਾਲ ਨਜਾਇਜ਼ ਮਾਈਨਿੰਗ ਕਰ ਰਹੇ ਹਨ ਅਤੇ ਜੇਕਰ ਅਸੀਂ ਸ਼ਿਕਾਇਤ ਕਰਦੇ ਹਾਂ ਤਾਂ ਵੀ ਕੋਈ ਕਾਰਵਾਈ ਨਹੀਂ ਹੁੰਦੀ। ਕਾਂਗਰਸੀ ਆਗੂ ਤਾਜਪਰਮਿੰਦਰ ਸਿੰਘ ਸੋਨੂੰ ਨੇ ਕਿਹਾ ਕਿ ਸਭ ਤੋਂ ਵੱਡੀ ਲੁੱਟ ਸਰਕਾਰ ਦੇ ਖ਼ਜ਼ਾਨੇ ਨੂੰ ਲਗਾਈ ਜਾ ਰਹੀ ਹੈ ਜਿਸ ਤਹਿਤ ਟਿੱਪਰ ਨੂੰ ਰੇਤ ਮਾਈਨਿੰਗ ਦੀ ਪਰਚੀ ਕੇਵਲ 16 ਟਨ ਦੀ ਦਿੱਤੀ ਜਾਂਦੀ ਹੈ ਜਦਕਿ ਉਸ 'ਚ ਰੇਤ 50 ਤੋਂ 60 ਟਨ ਭਰਿਆ ਹੁੰਦਾ ਹੈ ਜਿਸ ਨਾਲ ਸਿੱਧੇ ਤੌਰ 'ਤੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਹੈ ਜਿਸ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੀ.ਬੀ.ਆਈ. ਜਾਂਚ ਕਰਵਾਏ ਤਾਂ ਜੋ ਕਾਂਗਰਸ ਸਰਕਾਰ ਨੂੰ ਬਦਨਾਮ ਕਰਨ ਵਾਲੇ ਰੇਤ ਮਾਫ਼ੀਏ ਦੀ ਲੁੱਟ ਦਾ ਪਰਦਾਫ਼ਾਸ਼ ਹੋ ਸਕੇ।

ਵਣ ਵਿਭਾਗ ਦੇ ਮੰਤਰੀ ਧਰਮਸੋਤ ਨੇ ਲਿਆ ਨਜਾਇਜ਼ ਮਾਈਨਿੰਗ ਦਾ ਸਖ਼ਤ ਨੋਟਿਸ
ਪੰਜਾਬ ਸਰਕਾਰ ਦੇ ਵਣ ਵਿਭਾਗ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਕਿ ਸਤਲੁਜ ਦਰਿਆ 'ਚ ਵਿਭਾਗ ਦੀ ਸਰਕਾਰੀ ਜ਼ਮੀਨ 'ਚੋਂ ਰੇਤ ਦੀ ਨਜਾਇਜ਼ ਮਾਈਨਿੰਗ ਕੀਤੀ ਗਈ ਹੈ, ਜਿਸ ਸਬੰਧੀ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਅਤੇ ਜੇਕਰ ਵਿਭਾਗ ਦੀ ਜ਼ਮੀਨ 'ਚੋਂ ਰੇਤੇ ਦੀ ਮਾਈਨਿੰਗ ਸਾਬਿਤ ਹੋਈ ਤਾਂ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਣ ਵਿਭਾਗ ਦੀ ਜ਼ਮੀਨ 'ਚੋਂ ਰੇਤ ਮਾਈਨਿੰਗ ਦੌਰਾਨ ਜੇਕਰ ਕਿਸੇ ਪੁਲਸ ਅਧਿਕਾਰੀ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ਖਿਲਾਫ਼ ਵੀ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਲੁਧਿਆਣਾ : ਸਕੀ ਧੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਕਰਨ ਵਾਲੇ ਪਿਉ ਦਾ ਪਤਨੀ ਤੇ ਬੱਚਿਆਂ ਵਲੋਂ ਕਤਲ 


Gurminder Singh

Content Editor

Related News