ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਾਰਲੀਮੈਂਟ ''ਚ ਚੁੱਕਿਆ ਜੰਮੂ-ਕਸ਼ਮੀਰ ''ਚ ਪੰਜਾਬੀ ਭਾਸ਼ਾ ਦਾ ਮੁੱਦਾ
Monday, Sep 14, 2020 - 05:03 PM (IST)
ਰੂਪਨਗਰ (ਵਿਜੇ ਸ਼ਰਮਾ)— ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅੱਜ ਪਾਰਲੀਮੈਂਟ 'ਚ ਕੇਂਦਰ ਦੀ ਭਾਜਪਾ ਸਰਕਾਰ 'ਤੇ ਉਸ ਦੇ ਪੰਜਾਬੀ ਵਿਰੋਧੀ ਰਵੱਈਏ ਲਈ ਵਰ੍ਹਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਲਈ ਪੰਜ ਅਧਿਕਾਰਿਕ ਭਾਸ਼ਾਵਾਂ ਨੂੰ ਨੋਟੀਫਾਈ ਕਰਦੇ ਪੰਜਾਬੀ ਨੂੰ ਨਜ਼ਰਅੰਦਾਜ ਕਰਕੇ ਉਸ ਨਾਲ ਵਿਤਕਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੈਨੇਡਾ ਬੈਠੀਆਂ ਧੀਆਂ ਸਣੇ ਪੂਰੇ ਪਰਿਵਾਰ ਲਈ 2 ਰੁਪਏ ਕਿਲੋ ਕਣਕ ਲੈ ਰਿਹਾ ਸੀ ਇਹ ਗ਼ਰੀਬ ਅਕਾਲੀ ਲੀਡਰ
ਪਾਰਲੀਮੈਂਟ 'ਚ ਸਪੀਕਰ ਓਮ ਬਿਰਲਾ ਦੀ ਬੈਂਚ ਨੂੰ ਸੰਬੋਧਨ ਕਰਦੇ ਤਿਵਾੜੀ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਨ 1808 'ਚ ਜੰਮੂ ਉੱਪਰ ਆਪਣਾ ਅਧਿਕਾਰ ਜਮਾਇਆ ਸੀ । ਸੰਨ 1820 'ਚ ਉਨ੍ਹਾਂ ਨੇ ਜੰਮੂ ਦੀ ਜਗੀਰ ਮਹਾਰਾਜਾ ਗੁਲਾਬ ਸਿੰਘ ਦੇ ਪਿਤਾ ਮੀਆਂ ਕਿਸ਼ੋਰ ਸਿੰਘ ਜਾਮਵਾਲ ਨੂੰ ਦਿੱਤੀ ਸੀ। ਜਦਕਿ ਸੰਨ 1822 'ਚ ਉਨ੍ਹਾਂ ਨੇ ਖ਼ੁਦ ਮਹਾਰਾਜਾ ਗੁਲਾਬ ਸਿੰਘ ਦਾ ਜੰਮੂ ਦੇ ਰਾਜਾ ਵਜੋਂ ਆਪਣੇ ਹੱਥਾਂ ਨਾਲ ਰਾਜਤਿਲਕ ਕੀਤਾ ਸੀ।
ਕਰੀਬ 200 ਸਾਲਾਂ ਤੋਂ ਜੰਮੂ ਅਤੇ ਉਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਪੰਜਾਬੀ ਦਾ ਬੋਲਬਾਲਾ ਹੈ। ਜੰਮੂ ਅਤੇ ਕਸ਼ਮੀਰ 'ਚ ਪੰਜਾਬੀ ਅਤੇ ਉਸ ਦੀਆਂ ਕਈ ਉੱਪ-ਬੋਲੀਆਂ ਬੋਲੀਆਂ ਜਾਂਦੀਆਂ ਹਨ ਅਤੇ 1947 'ਚ ਜਦੋਂ ਦੇਸ਼ ਦੀ ਵੰਡ ਹੋਈ ਤਾਂ ਵੱਡੀ ਗਿਣਤੀ 'ਚ ਪੰਜਾਬੀ ਭਾਸ਼ਾਈ ਲੋਕ ਜੰਮੂ ਅਤੇ ਕਸ਼ਮੀਰ 'ਚ ਆ ਕੇ ਵੱਸ ਗਏ ਸਨ ਪਰ ਕੇਂਦਰ ਸਰਕਾਰ ਵੱਲੋਂ 2 ਸਤੰਬਰ 2020 ਨੂੰ ਨੋਟੀਫਾਈ ਕੀਤੀਆਂ ਗਈਆਂ ਜੰਮੂ-ਕਸ਼ਮੀਰ ਦੀਆਂ ਅਧਿਕਾਰਕ ਭਾਸ਼ਾਵਾਂ 'ਚ ਸਿਰਫ ਕਸ਼ਮੀਰੀ, ਡੋਗਰੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਨੂੰ ਸ਼ਾਮਲ ਕਰਦੇ ਪੰਜਾਬੀ ਨਾਲ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਨੋਟੀਫਿਕੇਸ਼ਨ 'ਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ 'ਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਹੈ ।
ਇਹ ਵੀ ਪੜ੍ਹੋ: ਜਲੰਧਰ: ਸਹੁਰੇ ਦਾ ਕਤਲ ਕਰਨ ਵਾਲਾ ਜਵਾਈ ਗ੍ਰਿਫ਼ਤਾਰ, ਬੇਦਰਦ ਮੌਤ ਦੇਣ ਲਈ ਖੁਦ ਤਿਆਰ ਕੀਤਾ ਸੀ ਚਾਕੂ