ਸ਼ੇਰਪੁਰ : ਕਾਂਗਰਸੀ ਆਗੂ ਦੀ ਗੋਲੀ ਲੱਗਣ ਨਾਲ ਮੌਤ

03/30/2020 1:54:35 PM

ਸ਼ੇਰਪੁਰ (ਸਿੰਗਲਾ) : ਕਸਬਾ ਸ਼ੇਰਪੁਰ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਫਾਇਨਾਂਸ ਦਾ ਕਾਰੋਬਾਰ ਕਰਦੇ ਡਾ. ਕੇਸਰ ਸਿੰਘ ਦੀਪ (62) ਦੀ ਅੱਜ ਸਵੇਰੇ ਆਪਣੇ ਲਾਇਸੈਂਸੀ ਰਿਵਾਲਵਰ ਦੀ ਸਾਫ ਸਫਾਈ ਕਰਦੇ ਸਮੇਂ ਅਚਾਨਕ ਗੋਲੀ ਚੱਲਣ ਕਾਰਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਡਾ. ਦੀਪ ਸਵੇਰ ਸਮੇਂ ਆਪਣੇ ਲਾਇਸੈਂਸੀ ਰਿਵਾਲਵਰ ਦੀ ਘਰ 'ਚ ਹੀ ਸਫਾਈ ਕਰ ਰਹੇ ਸਨ ਕਿ ਅਚਾਨਕ ਉਸ 'ਚੋਂ ਗੋਲੀ ਚੱਲਣ ਨਾਲ ਉਹ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਧੂਰੀ ਵਿਖੇ ਲਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਸੰਕਟ ਦਰਮਿਆਨ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਐਲਾਨ     

ਇਸ ਸਬੰਧੀ ਥਾਣਾ ਸ਼ੇਰਪੁਰ ਦੇ ਇੰਚਾਰਜ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੇਸਰ ਸਿੰਘ ਦੀਪ ਦੇ ਸਪੁੱਤਰ ਅਮਰਦੀਪ ਸਿੰਘ ਵੱਲੋਂ ਲਿਖਵਾਏ ਬਿਆਨਾਂ 'ਤੇ ਥਾਣਾ ਸ਼ੇਰਪੁਰ ਵਿਖੇ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਸਿਵਲ ਹਸਪਤਾਲ ਧੂਰੀ ਵਿਖੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਡਾ. ਦੀਪ ਦੀ ਬੇਵਕਤੀ ਮੌਤ 'ਤੇ ਕਾਮਰੇਡ ਸੁਖਦੇਵ ਸਿੰਘ ਬੜੀ ਪ੍ਰਧਾਨ ਲੋਕ ਮੰਚ ਪੰਜਾਬ, ਸਰਪੰਚ ਅਮਨਦੀਪ ਸਿੰਘ ਕਾਂਝਲਾ, ਸਮਾਜ ਸੇਵੀ ਸੁਨੀਲ ਗੋਇਲ ਸੈਲੀ, ਮਾ. ਹਰਬੰਸ ਸਿੰਘ ਸ਼ੇਰਪੁਰ, ਮਾਰਕੀਟ ਕਮੇਟੀ ਸ਼ੇਰਪੁਰ ਦੇ ਮੈਂਬਰ ਜਸਮੇਲ ਸਿੰਘ ਬੜੀ ਆਦਿ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 


Anuradha

Content Editor

Related News