ਕਾਂਗਰਸੀ ਆਗੂ ਦੀ ਗੱਡੀ ਨੂੰ ਲਾਈ ਅੱਗ, ਗੈਂਗਸਟਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੀ ਧਮਕੀਆਂ
Tuesday, Mar 13, 2018 - 07:04 PM (IST)

ਮੋਗਾ (ਪਵਨ ਗਰੋਵਰ) : ਮੋਗਾ ਜ਼ਿਲੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸੀ ਆਗੂ ਅਤੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੌਲੀ ਦੀ ਇਨੋਵਾ ਗੱਡੀ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਸਾੜ ਦਿੱਤੀ ਗਈ। ਇਸ ਮਾਮਲੇ ਵਿਚ ਨਿਹਾਲ ਸਿੰਘ ਵਾਲਾ ਦੀ ਪੁਲਸ ਲੋੜੀਂਦੀ ਦੀ ਕਾਰਵਾਈ ਕਰ ਰਹੀ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਇੰਦਰਜੀਤ ਗਰਗ ਜੌਲੀ ਨੇ ਦੱਸਿਆ ਕਿ ਉਸ ਨੂੰ ਪਿਛਲੇ ਲੰਮੇ ਸਮੇਂ ਤੋਂ ਕੁਝ ਗੈਂਗਸਟਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰ ਰਹੇ ਸਨ। ਇਸ ਸੰਬੰਧੀ ਉਸ ਵਲੋਂ ਪਹਿਲਾਂ ਵੀ ਪੁਲਸ ਨੂੰ ਸੂਚਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ।
ਸੂਤਰਾਂ ਅਨੁਸਾਰ ਪ੍ਰਧਾਨ ਇੰਦਰਜੀਤ ਗਰਗ ਨੇ ਗੱਡੀ ਘਰ ਦੇ ਬਾਹਰ ਖੜ੍ਹੀ ਕੀਤੀ ਹੋਈ ਸੀ ਅਤੇ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਗੱਡੀ ਨੂੰ ਅੱਗ ਦੀ ਭੇਟ ਚੜ੍ਹਾ ਦਿੱਤਾ। ਅੱਗ ਕਿਸ ਨੇ ਅਤੇ ਕਿਉਂ ਲਗਾਈ ਇਨ੍ਹਾਂ ਕਾਰਨਾਂ ਦਾ ਪਤਾ ਤਾਂ ਪੁਲਸ ਤਫਤੀਸ਼ ਤੋਂ ਬਾਅਦ ਹੀ ਲੱਗ ਸਕੇਗਾ।