ਮਨੋਰੰਜਨ ਕਾਲੀਆ ਦੇ ਘਰ ਆਲੂ-ਪਿਆਜ਼ ਤੋਹਫੇ ਵਜੋਂ ਦੇਣ ਪਹੁੰਚੀ ਕਾਂਗਰਸੀ ਬੀਬੀ ਖ਼ੁਦ ਸਵਾਲਾਂ 'ਚ ਘਿਰੀ
Tuesday, Nov 03, 2020 - 02:14 PM (IST)
ਜਲੰਧਰ (ਚੋਪੜਾ) : ਜ਼ਿਲ੍ਹਾ ਕਾਂਗਰਸੀ ਆਗੂ ਬੀਬੀਆਂ ਦਾ ਲਗਾਤਾਰ ਮਹਿੰਗਾਈ ਦਾ ਵਿਰੋਧ ਕਰਨ ਦਾ ਦਾਅ ਉਸ ਸਮੇਂ ਉਲਟਾ ਪੈ ਗਿਆ, ਜਦੋਂ ਆਮ ਜਨਤਾ ਦੀ ਆਵਾਜ਼ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਗੁਜ਼ਾਰਿਸ਼ ਲੈ ਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੀ ਰਿਹਾਇਸ਼ 'ਤੇ ਪਹੁੰਚੀਆਂ ਮਹਿਲਾ ਆਗੂ ਉਲਟਾ ਕਾਲੀਆ ਦੇ ਸਵਾਲਾਂ 'ਚ ਹੀ ਘਿਰ ਗਈਆਂ। ਪ੍ਰਦੇਸ਼ ਕਾਂਗਰਸ ਦੀ ਬੁਲਾਰਨ ਅਤੇ ਕਾਂਗਰਸੀ ਬੀਬੀ ਦੀ ਪ੍ਰਧਾਨ ਡਾ. ਜਸਲੀਨ ਸੇਠੀ ਦੀ ਅਗਵਾਈ 'ਚ ਔਰਤਾਂ ਮਨੋਰੰਜਨ ਕਾਲੀਆ ਨੂੰ ਦੀਵਾਲੀ ਦੇ ਤੋਹਫੇ ਵਜੋਂ ਆਲੂ, ਪਿਆਜ਼ ਅਤੇ ਟਮਾਟਰ ਦੀਆਂ ਟੋਕਰੀਆਂ ਦੇਣ ਪਹੁੰਚੀਆਂ। ਇਸ ਤੋਂ ਪਹਿਲਾਂ ਮਹਿਲਾ ਆਗੂਆਂ ਨੇ ਕਾਲੀਆ ਦੀ ਰਿਹਾਇਸ਼ ਦੇ ਬਾਹਰ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਡਾ. ਜਸਲੀਨ ਸੇਠੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਲੋਕ ਤਾਲਾਬੰਦੀ ਦੀ ਮਾਰ ਝੱਲ ਰਹੇ ਹਨ ਅਤੇ ਅਰਥ-ਵਿਵਸਥਾ ਵਿਗੜੀ ਹੋਈ ਹੈ। ਰੋਜ਼ਾਨਾ ਵਰਤੋਂ 'ਚ ਆਉਣ ਵਾਲੀਆਂ ਸਬਜ਼ੀਆਂ ਦੇ ਭਾਅ ਆਸਮਾਨ ਨੂੰ ਛੂਹ ਰਹੇ ਹਨ ਅਤੇ ਰਸੋਈ ਦਾ ਬਜਟ ਗੜਬੜਾਉਣ ਦਾ ਸਭ ਤੋਂ ਖਰਾਬ ਅਸਰ ਘਰੇਲੂ ਔਰਤਾਂ 'ਤੇ ਪੈਂਦਾ ਹੈ। ਇਸੇ ਲਈ ਉਹ ਕਾਲੀਆ ਦੇ ਘਰ ਸਬਜ਼ੀਆਂ ਦਾ ਤੋਹਫ਼ਾ ਦੇਣ ਅਤੇ ਗੁਜ਼ਾਰਿਸ਼ ਕਰਨ ਆਈਆਂ ਹਨ ਕਿ ਉਹ ਵੀ ਉਨ੍ਹਾਂ ਨਾਲ ਜਨਤਾ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਜਦੋਂ ਬੀਬੀ ਆਗੂ ਮਨੋਰੰਜਨ ਕਾਲੀਆ ਦੀ ਰਿਹਾਇਸ਼ ਅੰਦਰ ਤੋਹਫਾ ਲੈ ਕੇ ਪਹੁੰਚੀਆਂ ਤਾਂ ਕਾਲੀਆ ਨੇ ਬਾਹਰ ਆ ਕੇ ਬੇਹੱਦ ਨਿਮਰਤਾ ਨਾਲ ਔਰਤਾਂ 'ਤੇ ਹੀ ਸਵਾਲ ਦਾਗ ਦਿੱਤੇ। ਕਾਲੀਆ ਨੇ ਕਿਹਾ ਕਿ ਵਧਦੀ ਮਹਿੰਗਾਈ ਪ੍ਰਤੀ ਉਨ੍ਹਾਂ ਦੀ ਚਿੰਤਾ ਵਾਜਿਬ ਹੈ, ਉਹ ਕੇਂਦਰ ਸਰਕਾਰ ਨਾਲ ਇਸ ਸਬੰਧੀ ਗੱਲ ਕਰਨਗੇ ਪਰ ਜੇਕਰ ਕਾਂਗਰਸੀ ਬੀਬੀ ਆਗੂਆਂ ਨੂੰ ਆਮ ਜਨਤਾ ਦੀ ਇੰਨੀ ਫਿਕਰ ਹੈ ਤਾਂ ਉਹ ਪੰਜਾਬ 'ਚ ਹੋਏ ਜ਼ਹਿਰੀਲੀ ਸ਼ਰਾਬ ਕਾਂਡ, ਜਿਸ ਨਾਲ 129 ਪਰਿਵਾਰ ਉੱਜੜੇ ਸਨ, ਅੱਜ ਤੱਕ ਐੱਸ. ਆਈ. ਟੀ. ਨੇ ਕੁਝ ਨਹੀਂ ਕੀਤਾ, ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ 'ਚ ਮਹਿਕਮੇ ਦੇ ਹੀ ਇਕ ਆਈ. ਏ. ਐੱਸ. ਅਧਿਕਾਰੀ ਕ੍ਰਿਪਾ ਸ਼ੰਕਰ ਸਰੋਜ ਵੱਲੋਂ ਮੰਤਰੀ ਸਾਧੂ ਸਿੰਘ ਧਰਮਸੌਤ 'ਤੇ ਸਕੀਮ 'ਚ ਘਪਲਾ ਕਰਨ ਦੇ ਦੋਸ਼ ਲਾਏ ਗਏ ਸਨ ਪਰ ਸਰਕਾਰ ਨੇ ਕਰੋੜਾਂ ਦੀ ਰਿਕਵਰੀ ਕਰਨ ਦੀ ਬਜਾਏ ਮੰਤਰੀ ਨੂੰ ਹੀ ਕਲੀਨ ਚਿੱਟ ਦੇ ਦਿੱਤੀ ਆਦਿ ਮੁੱਦੇ ਜੋ ਕਿ ਆਮ ਜਨਤਾ ਅਤੇ ਔਰਤਾਂ ਨਾਲ ਜੁੜੇ ਹੋਏ ਹਨ, ਦੀ ਵੀ ਚਿੰਤਾ ਕਰਨ। ਦੋਵਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਦੋਸ਼ ਲਾਉਣ ਦਾ ਸਿਲਸਿਲਾ ਕੁਝ ਸਮਾਂ ਚੱਲਿਆ। ਇਸ ਦੌਰਾਨ ਕਾਲੀਆ ਨੇ ਔਰਤਾਂ ਨੂੰ ਚਾਹ ਪੀਣ ਦਾ ਸੱਦਾ ਦਿੱਤਾ, ਜਿਸ 'ਤੇ ਡਾ. ਜਸਲੀਨ ਸੇਠੀ ਅਤੇ ਮਹਿਲਾ ਆਗੂਆਂ ਨੇ ਕਾਲੀਆ ਦੇ ਘਰ ਅੰਦਰ ਜਾ ਕੇ ਤੋਹਫੇ ਵਜੋਂ ਲਿਆਂਦੀਆਂ ਆਲੂ-ਪਿਆਜ਼ ਦੀਆਂ ਟੋਕਰੀਆਂ ਦਿੱਤੀਆਂ ਅਤੇ ਕਾਲੀਆ ਵੱਲੋਂ ਪੇਸ਼ ਕੀਤੇ ਗਏ ਡ੍ਰਿੰਕਸ ਪੀ ਕੇ ਮੁੜ ਆਈਆਂ।
ਇਹ ਵੀ ਪੜ੍ਹੋ :ਖ਼ੁਸ਼ਖ਼ਬਰੀ : ਲੁਧਿਆਣਾ ਤੋਂ ਰੂਪਨਗਰ ਜਾਣਾ ਹੋਇਆ ਸੌਖਾ, ਲੱਗਣਗੇ ਸਿਰਫ 40 ਮਿੰਟ