2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ ਵਧੇਰੇ ਸੂਬਿਆਂ ’ਚ ਕਾਂਗਰਸ ’ਚ ਪੈਦਾ ਹੋਈ ਧੜੇਬਾਜ਼ੀ

06/29/2021 5:37:54 PM

ਜਲੰਧਰ (ਚੋਪੜਾ) : ਕਾਂਗਰਸ ਹਾਈਕਮਾਨ ਪੰਜਾਬ ’ਚ ਮਿਸ਼ਨ 2022 ਨੂੰ ਸਫਲ ਬਣਾਉਣ ਦੀ ਕਵਾਇਦ ਦੌਰਾਨ ਆਪਸੀ ਧੜੇਬਾਜ਼ੀ ਨੂੰ ਲੈ ਕੇ ਜੱਦੋ-ਜਹਿਦ ’ਚ ਰੁੱਝੀ ਹੋਈ ਹੈ । ਸਿਰਫ ਪੰਜਾਬ ਹੀ ਨਹੀਂ ਸਗੋਂ ਸਾਲ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੇ ਵਧੇਰੇ ਸੂਬਿਆਂ ’ਚ ਪਾਰਟੀ ਦੇ ਲਈ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਹਾਲਾਂਕਿ ਜਿਹੜੇ ਸੂਬਿਆਂ ’ਚ ਕਾਂਗਰਸ ਦੇ ਸੱਤਾ ’ਚ ਮੁੜ ਵਾਪਸੀ ਦੇ ਆਸਾਰ ਬਣੇ ਹੋਏ ਹਨ, ਉਨ੍ਹਾਂ ’ਚ ਵੀ ਕਾਂਗਰਸ ਹਾਈਕਮਾਨ ਲਈ ਉਨ੍ਹਾਂ ਸੂਬਾ ਇਕਾਈਆਂ ’ਚ ਪੈਦਾ ਹੋਏ ਅੰਦਰੂਨੀ ਕਲੇਸ਼ ਅਤੇ ਅਸੰਤੋਸ਼ ਨੂੰ ਕੰਟਰੋਲ ਕਰਨ ਦਾ ਕੰਮ ਬਹੁਤ ਮੁਸ਼ਕਿਲ ਸਾਬਿਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਅਗਲੇ ਸਾਲ ਦੇਸ਼ ਦੇ 7 ਸੂਬਿਆਂ ’ਚ ਵਿਧਾਨਸਭਾ ਚੋਣਾਂ ਹੋਣੀਆਂ ਹਨ, ਜਿਨ੍ਹਾਂ ’ਚ ਗੋਆ, ਮਣੀਪੁਰ, ਉੱਤਰਾਖੰਡ, ਪੰਜਾਬ, ਯੂ. ਪੀ., ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵੀ ਸ਼ਾਮਲ ਹਨ। ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਚੱਲ ਰਹੀ ਹਾਟ ਜੰਗ ਨੂੰ ਠੰਡਾ ਕਰਨ ਲਈ ਕਾਂਗਰਸ ਆਲਾਕਮਾਨ ਨੇ ਸੂਬੇ ਦੇ ਸੰਸਦ ਮੈਂਬਰਾਂ, ਮੰਤਰੀਆਂ ਅਤੇ ਵਿਧਾਇਕਾਂ ਦੇ ਨਾਲ ਪਿਛਲੇ ਕੁਝ ਹਫਤਿਆਂ ਤੋਂ ਕਈ ਦੌਰ ਦੀਆਂ ਬੈਠਕਾਂ ਕੀਤੀਆਂ ਹਨ ਪਰ ਕਾਂਗਰਸ ਦੇ ਹੱਥ ਇਨ੍ਹਾਂ ਮਾਮਲਿਆਂ ’ਚ ਅੱਜ ਤਕ ਖਾਲੀ ਹਨ ਅਤੇ ਧੜੇਬਾਜ਼ੀ ਅਤੇ ਅਸੰਤੋਸ਼ ਖਤਮ ਕਰਨ ਦਾ ਕੋਈ ਠੋਸ ਫਾਰਮੂਲਾ ਸੀਨੀਅਰ ਨੇਤਾਵਾਂ ਦੇ ਹੱਥ ਨਹੀਂ ਲੱਗਾ ਹੈ। ਉਹੀ ਨਵਜੋਤ ਸਿੱਧੂ, ਜੋ ਕਿ ਹਾਈਕਮਾਨ ਦੇ ਦਖਲ ਦੇ ਬਾਵਜੂਦ ਕੈਪਟਨ ਅਮਰਿੰਦਰ ਵਿਰੁੱਧ ਬਰਗਾੜੀ ਕਾਂਡ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇ ਸਕਣ ਸਮੇਤ ਨਸ਼ੇ, ਮਾਫੀਆ ਰਾਜ ਅਤੇ ਹੋਰ ਮਾਮਲਿਆਂ ’ਚ ਮੁੱਖ ਮੰਤਰੀ ’ਤੇ ਚੋਣ ਵਾਅਦੇ ਪੂਰੀ ਨਾ ਕਰ ਸਕਣ ਅਤੇ ਉਨ੍ਹਾਂ ਦੇ ਫੇਲ ਸਾਬਿਤ ਹੋਣ ਨੂੰ ਲੈ ਕੇ ਲਗਾਤਾਰ ਜ਼ੋਰਦਾਰ ਹਮਲੇ ਬੋਲ ਰਹੇ ਹਨ, ਇਸ ਕਾਰਨ ਸੱਤਾਧਾਰੀ ਪਾਰਟੀ ਦੀਆਂ ਮੁਸ਼ਕਿਲਾਂ ਲਗਾਤਾਰ ਵਧ ਰਹੀਆਂ ਹਨ।

ਇਹ ਵੀ ਪੜ੍ਹੋ : ਪਾਕਿ ਦਾ ਨਾਂ ਲਏ ਬਿਨਾਂ ਸਿੱਧੂ ਨੇ ਪੰਜਾਬ ਸਰਕਾਰ ਨੂੰ ਸੈਂਟਰਲ ਏਸ਼ੀਆ ਦਾ ਰੂਟ ਖੋਲ੍ਹਣ ਦੀ ਦਿੱਤੀ ਸਲਾਹ

ਪਰ ਕਿਆਸ ਲਗਾਏ ਜਾ ਰਹੇ ਹਨ ਕਿ ਹਾਈਕਮਾਨ ਅਗਲੇ ਮਹੀਨੇ ਦੀ ਸ਼ੁਰੂਆਤ ’ਚ ਧੜੇਬਾਜ਼ੀ ਖਤਮ ਕਰਨ ਦੀ ਆਸ ਦੇ ਨਾਲ ਸੂਬਾ ਇਕਾਈ ’ਚ ਵੱਡੇ ਪੱਧਰ ’ਤੇ ਸੰਗਠਨਾਤਮਕ ਬਦਲਾਅ ਦਾ ਐਲਾਨ ਕਰ ਸਕਦੀ ਹੈ। ਹਾਲਾਂਕਿ, ਚੋਣਾਂ ਵਾਲੇ ਹੋਰ ਸੂਬਿਆਂ ਨਾਲ ਸਬੰਧਤ ਮੁੱਦਿਆਂ ਨੂੰ ਉਠਾਉਣਾ ਅਜੇ ਬਾਕੀ ਹੈ। ਕੇਰਲ ’ਚ ਇਸ ਵਾਰ ਕਾਂਗਰਸ ਲੀਡਰਸ਼ਿਪ ਵਾਲੀ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਡੀ. ਐੱਫ.) ਸੱਤਾ ’ਚ ਪਰਤਣ ਦੀ ਆਸ ਕਰ ਰਹੀ ਸੀ ਪਰ ਜਨਤਾ ਨੇ ਉਸ ਦੀ ਆਸ ’ਤੇ ਪਾਣੀ ਫੇਰ ਹੀ ਦਿੱਤਾ। ਉਨ੍ਹਾਂ ਕੋਸਟਲ (ਸਮੁੰਦਰ ਤਟੀ) ਇਲਾਕਿਆਂ ’ਚ ਵੀ ਕਾਂਗਰਸ ਨੂੰ ਕੁਝ ਖਾਸ ਨਹੀਂ ਮਿਲਿਆ, ਜਿੱਥੇ ਰਾਹੁਲ ਗਾਂਧੀ ਨੇ ਚੰਗੀ ਮਿਹਨਤ ਕੀਤੀ ਸੀ। ਲੋਕ ਸਭਾ ਚੋਣਾਂ ’ਚ ਕੇਰਲ ਦੀਆਂ 20 ’ਚੋਂ 19 ਸੀਟਾਂ ਹਾਸਲ ਕਰਨ ਵਾਲੀ ਕਾਂਗਰਸ ਦੀ ਅਗਵਾਈ ਵਾਲੀ ਯੂ. ਡੀ. ਐੱਫ. ਨੂੰ ਵਿਧਾਨਸਭਾ ’ਚ ਸਿਰਫ਼ 41 ਸੀਟਾਂ ਮਿਲੀਆਂ ਹਨ। ਸੱਚ ਤਾਂ ਇਹ ਹੈ ਕਿ ਇਹ ਜੇਕਰ ਸਿਰਫ ਕਾਂਗਰਸ ਦਾ ਪ੍ਰਦਰਸ਼ਨ ਵੱਖਰੇ ਤੌਰ ’ਤੇ ਦੇਖਿਆ ਜਾਵੇ ਤਾਂ ਬਹੁਤ ਖਰਾਬ ਰਿਹਾ ਹੈ। ਕਾਂਗਰਸ ਨੇ ਕੁਲ 93 ਸੀਟਾਂ ’ਤੇ ਉਮੀਦਵਾਰ ਉਤਾਰੇ ਸਨ, ਜਿਨ੍ਹਾਂ ’ਚੋਂ ਸਿਰਫ 21 ਉਮੀਦਵਾਰ ਹੀ ਜਿੱਤ ਸਕੇ ਹਨ। ਅਸਾਮ ਅਤੇ ਪੱਛਮੀ ਬੰਗਾਲ ਵੀ ਕਾਂਗਰਸ ਦਾ ਪ੍ਰਦਰਸ਼ਨ ਖਰਾਬ ਰਿਹਾ। ਇਸੇ ਤਰ੍ਹਾਂ ਜਿਹੜੇ ਸੂਬਿਆਂ ’ਚ 2022 ਨੂੰ ਵਿਧਾਨਸਭਾ ਚੋਣਾਂ ਹੋਣੀਆਂ ਤੈਅ ਹਨ, ਉਥੇ ਕਾਂਗਰਸ ਦੇ ਹਾਲਾਤ ਇਸੇ ਤਰ੍ਹਾਂ ਦੇ ਹਨ।

PunjabKesari

ਉੱਤਰਾਖੰਡ : ਵਿਧਾਨਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਅੰਦਰ ਵੱਡੇ ਨੇਤਾਵਾਂ ਨੇ ਲਾਬਿੰਗ ਸ਼ੁਰੂ ਕਰ ਦਿੱਤੀ ਹੈ। ਇਕ ਪਾਸੇ ਕਈ ਸਾਬਕਾ ਅਤੇ ਮੌਜੂਦਾ ਵਿਧਾਇਕ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੂੰ ਪਾਰਟੀ ਦੇ ਚਿਹਰੇ ਦੇ ਤੌਰ ’ਤੇ ਦੇਖਣਾ ਚਾਹੁੰਦੇ ਹਨ। ਇੰਦਰਾ ਹਿਰਦੇਯੇਸ਼ ਦੇ ਦਿਹਾਂਤ ਤੋਂ ਬਾਅਦ ਪਾਰਟੀ ਜਲਦੀ ਹੀ ਵਿਰੋਧੀ ਧਿਰ ਦੇ ਨਵੇਂ ਨੇਤਾ ਦੇ ਨਾਂ ਦਾ ਐਲਾਨ ਕਰ ਸਕਦੀ ਹੈ। ਉਥੇ ਹੀ ਹਰੀਸ਼ ਰਾਵਤ ਨੇ ਪਾਰਟੀ ਆਲਾਕਮਾਨ ਨਾਲ ਉਨ੍ਹਾਂ ਨੂੰ ਪੰਜਾਬ ਦੇ ਏ. ਆਈ. ਸੀ. ਸੀ. ਇੰਚਾਰਜ ਦੇ ਰੂਪ ’ਚ ਸੰਗਠਨਾਤਮਕ ਫਰਜ਼ਾਂ ਤੋਂ ਮੁਕਤ ਕਰਨ ਲਈ ਵੀ ਕਿਹਾ ਹੈ ਤਾਂ ਕਿ ਉਹ ਉੱਤਰਾਖੰਡ ’ਤੇ ਧਿਆਨ ਕੇਂਦਰਿਤ ਕਰ ਸਕਣ।

ਉੱਤਰ ਪ੍ਰਦੇਸ਼ : ਕਾਂਗਰਸ ਯੂ.ਪੀ. ’ਚ ਇਕ ਪ੍ਰਮੁੱਖ ਖਿਡਾਰੀ ਨਹੀਂ ਹੈ, ਹਾਲਾਂਕਿ ਉਹ ਪ੍ਰਿਯੰਕਾ ਗਾਂਧੀ ਵਢੇਰਾ ਦੀ ਅਗਵਾਈ ’ਚ ਸੂਬਾ ਇਕਾਈ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ। ਯੂ.ਪੀ. ’ਚ ਵੀ ਸੂਬੇ ਦੇ ਨੇਤਾਵਾਂ ’ਚ ਆਪਸੀ ਘਮਾਸਾਨ ਪੂਰਾ ਚੋਟੀ ’ਤੇ ਹੈ, ਬਗਾਵਤੀ ਸੁਰਾਂ ਵਾਲੇ ਕਈ ਨੇਤਾਵਾਂ ਨੇ ਪਾਰਟੀ ਮੁਖੀ ਅਜੇ ਕੁਮਾਰ ਲੱਲੂ ’ਤੇ ਉਨ੍ਹਾਂ ਨੂੰ ਦਰਕਿਨਾਰ ਕਰਨ ਦਾ ਦੋਸ਼ ਲਗਾਇਆ ਹੈ। ਉਥੇ ਹੀ ਵਿਧਾਨ ਸਭਾ ਚੋਣਾਂ ਨਾਲ 8 ਮਹੀਨੇ ਪਹਿਲਾਂ ਜਿਤਿਨ ਪ੍ਰਸਾਦ ਦੇ ਭਾਜਪਾ ’ਚ ਜਾਣ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇਹੀ ਨਹੀਂ ਰਾਏਬਰੇਲੀ, ਅਮੇਠੀ ਸਮੇਤ ਸੂਬੇ ਦੇ ਅਤੇ ਕਈ ਨੇਤਾਵਾਂ ਦੀਅਾਂ ਚੋਣਾਂ ਤੋਂ ਪਹਿਲਾਂ ਪਾਲਾ ਬਦਲਣ ਦੀਆਂ ਚਰਚਾ ਬਣੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਬਾਜਵਾ ਪਰਿਵਾਰ ਵਲੋਂ ਨੌਕਰੀ ਛੱਡਣ ’ਤੇ ਬੋਲੇ ਦਾਦੂਵਾਲ, ਬਾਕੀ ਲੀਡਰਾਂ ਨੂੰ ਵੀ ਦਿੱਤੀ ਨਸੀਹਤ

ਗੁਜਰਾਤ : ਭਾਰਤੀ ਜਨਤਾ ਪਾਰਟੀ ਦੇ ਗੜ੍ਹ ਮੰਨੇ ਜਾਂਦੇ ਇਸ ਅਹਿਮ ਸੂਬੇ ਗੁਜਰਾਤ ’ਚ ਕਾਂਗਰਸ ਨੇ 2017 ’ਚ ਭਾਜਪਾ ਨੂੰ ਸਖਤ ਟੱਕਰ ਦਿੱਤੀ ਸੀ ਪਰ ਬਾਅਦ ’ਚ ਕਾਂਗਰਸ ਦੇ ਕਈ ਵਿਧਾਇਕਾਂ ਨੇ ਪਾਲਾ ਬਦਲ ਦਿੱਤਾ। ਧੜੇਬਾਜੀ ਨਾਲ ਨਜਿੱਠਣ ਦੇ ਲਈ ਪਾਰਟੀ ਨੇ ਅਜੇ ਤਕ ਸੂਬਾ ਪ੍ਰਧਾਨ ਦੀ ਨਿਯੁਕਤੀ ਨਹੀਂ ਕੀਤੀ ਹੈ, ਹਾਲਾਂਕਿ ਵਿਧਾਨ ਸਭਾ ਚੋਣਾਂ ਫਰਵਰੀ-ਮਾਰਚ 2022 ’ਚ ਨਿਰਧਾਰਿਤ ਹੈ। ਅਜਿਹੀ ਸਥਿਤੀ ’ਚ ਵੀ ਏ. ਆਈ. ਸੀ. ਸੀ. ਇੰਚਾਰਜ ਦੀ ਨਿਯੁਕਤੀ ਵੀ ਅਜੇ ਤਕ ਪੈਂਡਿੰਗ ਹੈ। ਰਾਜ ਸਭਾ ਸੰਸਦ ਮੈਂਬਰ ਰਾਜੀਵ ਸਾਤਵ ਦੇ ਦਿਹਾਂਤ ਤੋਂ ਬਾਅਦ ਇਹ ਅਹੁਦਾ ਖਾਲੀ ਹੈ। ਗੁਜਰਾਤ ਕਾਂਗਰਸ ਦੇ ਗਲਿਆਰਿਆਂ ਮੁਤਾਬਕ ਪਾਟੀਦਾਰ ਨੇਤਾ ਹਾਰਦਿਕ ਪਟੇਲ ਜਿਨ੍ਹਾਂ ਨੂੰ ਕਾਂਗਰਸ ਹਾਈਕਮਾਨ ਨੇ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ, ਉਹ ਵੀ ਨਾਖੁਸ਼ ਹਨ ਅਤੇ ‘ਆਪ’ ਨਾਲ ਗੱਲਬਾਤ ਕਰ ਰਹੇ ਹਨ।

ਗੋਆ : ਪਾਰਟੀ ਦੀ ਮਹਿਲਾ ਇਕਾਈ ਦੀ ਮੁਖੀ ਪ੍ਰਤਿਮਾ ਕੋਟਿਨਹੋ ਦੀ ਕਮਜ਼ੋਰ ਅਗਵਾਈ ਅਤੇ ਅੰਦਰੂਨੀ ਕਲੇਸ਼ ਦਾ ਹਵਾਲਾ ਦੇ ਕੇ ‘ਆਪ’ ਵਿਚ ਸ਼ਾਮਲ ਹੋਣ ਤੋਂ ਬਾਅਦ ਕਾਂਗਰਸ ਦੀਆਂ ਲੋਕ ਸਭਾ ਸੰਸਦ ਮੈਂਬਰ ਫ੍ਰਾਂਸਿਸਕੋ ਸਾਰਡਿਨਹਾ ਨੇ ਸੂਬਾ ਪ੍ਰਧਾਨ ਗਿਰੀਸ਼ ਚੋੜਣਕਰ ’ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਚੋੜਣਕਰ ਨੂੰ ਬਦਲਣ ਦੀ ਲੋੜ ਹੈ। ਸੂਬਾ ਇਕਾਈ ਲੰਬੇ ਸਮੇਂ ਤੋਂ ਬੀਮਾਰ ਹੈ ਅਤੇ ਪਾਰਟੀ ਲੀਡਰਸ਼ਿਪ ਮੁੱਦਿਆਂ ਦਾ ਹੱਲ ਕਰਨ ’ਚ ਅਸਫਲ ਰਹੀ ਹੈ। ਸਾਲ 2019 ਗੋਆ ’ਚ ਕਾਂਗਰਸ ਦੇ 15 ’ਚੋਂ 10 ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ ਅਤੇ ਇਕ ਵੱਖਰਾ ਸਮੂਹ ਬਣਾ ਕੇ ਉਹ ਭਾਜਪਾ ’ਚ ਸ਼ਾਮਲ ਹੋ ਗਏ ਸਨ। ਅਜਿਹੀ ਸਥਿਤੀ ’ਚ 2017 ’ਚ ਹੋਏ ਵਿਧਾਨ ਸਭਾ ਚੋਣਾਂ ’ਚ ਸੂਬੇ ਦੀ ਸਭ ਤੋਂ ਵੱਡੀ ਪਾਰਟੀ ਦੇ ਤੌਰ ’ਤੇ ਸਾਹਮਣੇ ਆਉਣ ਵਾਲੀ ਕਾਂਗਰਸ ਪਾਰਟੀ ’ਚ ਹੁਣ ਸਿਰਫ ਪੰਜ ਵਿਧਾਇਕ ਹੀ ਰਹਿ ਗਏ ਹਨ, ਹੁਣ 2022 ਦੀਆਂ ਚੋਣਾਂ ’ਚ ਕਾਂਗਰਸ ਲਈ ਸਥਿਤੀ ਹੋਰ ਵੀ ਵਧ ਮੁਸ਼ਕਿਲ ਦਿਖਾਈ ਦੇ ਰਹੀ ਹੈ।

ਹਿਮਾਚਲ ਪ੍ਰਦੇਸ਼ : ਹਿ. ਪ੍ਰ. ਕਾਂਗਰਸ ਦੇ ਸਭ ਤੋਂ ਵੱਡੇ ਨੇਤਾ ਅਤੇ 6 ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਸਿਹਤਮੰਦ ਨਹੀਂ ਹਨ, ਜਦਕਿ ਪਾਰਟੀ ਸੂਬੇ ’ਚ ਸੀਨੀਅਰ ਨੇਤਾਵਾਂ ਸਮੇਤ ਹੇਠਲੇ ਪੱਧਰ ’ਤੇ ਪੈਦਾ ਹੋਈ ਧੜੇਬਾਜ਼ੀ ਨੂੰ ਰੋਕਣ ’ਚ ਪੂਰੀ ਤਰ੍ਹਾਂ ਨਾਲ ਅਸਮਰੱਥ ਸਾਬਿਤ ਹੋ ਰਹੀ ਹੈ। ਕਾਂਗਰਸ ਦੇ ਅੰਦਰ ਪੋਸਟਰ ਵਿਵਾਦ ਤੋਂ ਬਾਅਦ ਹਾਲਾਂਕਿ ਪਾਰਟੀ ਦੇ ਕਈ ਨੇਤਾ ਇਸ ਗੱਲ ਨਾਲ ਸਹਿਮਤ ਹਨ ਕਿ ਇਕ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਇਕ ਸੰਯੁਕਤ ਮੋਰਚਾ ਬਣਾਉਣ ਦੀ ਲੋੜ ਹੈ। ਉਥੇ ਹੀ ਏ.ਆਈ.ਸੀ.ਸੀ. ਦੇ ਸਕੱਤਰ ਅਤੇ ਸੂਬੇ ਕਾਂਗਰਸ ਦੇ ਨਵੇਂ ਸਹਿ ਇੰਚਾਰਜ ਸੰਜੇ ਦੱਤ ਨੇ ਤਾਂ ਦੋ ਟੁਕ ਕਹਿ ਦਿੱਤਾ ਹੈ ਕਿ ਪਾਰਟੀ ਦੇ ਅਹੁਦੇਦਾਰ ਸਰਗਰਮ ਨਾ ਹੋਏ ਤਾਂ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਜਾਵੇਗਾ। ਸੂਬਾ ਕਾਂਗਰਸ ਦੇ ਅੰਦਰ ਮਚੇ ਘਮਾਸਾਨ ਨਾਲ ਇਕ ਵਾਰ ਫਿਰ ਤੋਂ ਸਿਆਸਤ ਗਰਮਾਉਣ ਲੱਗੀ ਹੈ।

ਇਹ ਵੀ ਪੜ੍ਹੋ : ਸ਼੍ਰੋਅਦ ਛੱਡ ਪਿੰਡ ਮੂਲੇ ਚੱਕ ਦੇ 6 ਪਰਿਵਾਰ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News