ਕਾਂਗਰਸ ਹਾਈਕਮਾਨ ਵਲੋਂ ਜਾਰੀ ਨੋਟਿਸ ਦਾ ਪ੍ਰਨੀਤ ਕੌਰ ਨੇ ਦਿੱਤਾ ਠੋਕਵਾਂ ਜਵਾਬ

02/06/2023 6:10:43 PM

ਪਟਿਆਲਾ (ਰਾਜੇਸ਼ ਪੰਜੌਲਾ/ ਪਰਮੀਤ ਸਿੰਘ) : ਪਟਿਆਲਾ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਅੱਜ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਦੇਣ ਲਈ ਕਾਂਗਰਸ ਪਾਰਟੀ ’ਤੇ ਪਲਟਵਾਰ ਕੀਤਾ ਹੈ। ਕਾਂਗਰਸ ਦੇ ਅਨੁਸ਼ਾਸਨੀ ਐਕਸ਼ਨ ਕਮੇਟੀ ਦੇ ਮੈਂਬਰ ਸਕੱਤਰ ਤਾਰਿਕ ਅਨਵਰ ਨੂੰ ਲਿਖੇ ਆਪਣੇ ਪੱਤਰ ਵਿਚ ਪ੍ਰਨੀਤ ਕੌਰ ਨੇ ਕਿਹਾ ਕਿ ਮੈਂ ਇਹ ਦੇਖ ਕੇ ਹੈਰਾਨ ਹਾਂ ਕਿ ਇਕ ਵਿਅਕਤੀ ਜਿਸਨੇ ਸ੍ਰੀਮਤੀ ਗਾਂਧੀ ਦੇ ਵਿਦੇਸ਼ੀ ਨਾਗਰਿਕ ਹੋਣ ਦੇ ਮੁੱਦੇ ’ਤੇ 1999 ਵਿਚ ਕਾਂਗਰਸ ਪਾਰਟੀ ਛੱਡ ਦਿੱਤੀ ਸੀ ਅਤੇ 20 ਸਾਲ 2019 ਤੱਕ ਪਾਰਟੀ ਤੋਂ ਬਾਹਰ ਰਿਹਾ ਸੀ, ਜਿਸ ਨੂੰ ਖੁਦ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ, ਹੁਣ ਇਕ ਅਖੌਤੀ ਅਨੁਸ਼ਾਸਨੀ ਮਾਮਲੇ ’ਤੇ ਮੇਰੇ ਉਪਰ ਸਵਾਲ ਕਰ ਰਿਹਾ ਹੈ।

ਇਹ ਵੀ ਪੜ੍ਹੋ : ਫਰਵਰੀ ’ਚ ਕੜਾਕੇ ਦੀ ਠੰਡ ਤੋਂ ਰਾਹਤ, ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ

ਪੰਜਾਬ ਦੇ ਕਾਂਗਰਸੀ ਆਗੂਆਂ ਬਾਰੇ ਗੱਲ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਕਾਂਗਰਸੀਆਂ ਨੇ ਮੇਰੇ ’ਤੇ ਇਲਜ਼ਾਮ ਲਾਏ ਹਨ, ਇਹ ਉਹ ਲੋਕ ਹਨ, ਜਿਨ੍ਹਾਂ ਖ਼ਿਲਾਫ ਬਹੁਤ ਸਾਰੇ ਮਾਮਲੇ ਪੈਂਡਿੰਗ ਪਏ ਹਨ। ਜੇਕਰ ਤੁਸੀਂ ਮੇਰੇ ਪਤੀ ਨੂੰ ਫ਼ੋਨ ਕਰੋ ਜੋ ਉਸ ਸਮੇਂ ਮੁੱਖ ਮੰਤਰੀ ਸਨ, ਤਾਂ ਉਹ ਤੁਹਾਨੂੰ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਦੇਣਗੇ। ਉਨ੍ਹਾਂ ਦੀ ਰੱਖਿਆ ਇਸ ਲਈ ਕੀਤੀ ਸੀ ਕਿਉਂਕਿ ਇਹ ਆਪਣੀ ਪਾਰਟੀ ਦੇ ਸਨ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਅਜਿਹਾ ਨਹੀਂ ਕਰੋਗੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਇਕ ਹੋਰ ਗਾਰੰਟੀ ਕੀਤੀ ਪੂਰੀ, ਹੁਣ ਸਸਤੇ ਭਾਅ ’ਤੇ ਮਿਲੇਗੀ ਰੇਤ, ਮੁੱਖ ਮੰਤਰੀ ਦਾ ਵੱਡਾ ਐਲਾਨ

ਪਟਿਆਲਾ ਦੇ ਸੰਸਦ ਮੈਂਬਰ ਨੇ ਅੱਗੇ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਣਗੇ, ਮੈਂ ਹਮੇਸ਼ਾ ਆਪਣੇ ਹਲਕੇ, ਹਲਕਾ ਵਾਸੀਆਂ ਅਤੇ ਆਪਣੇ ਰਾਜ ਪੰਜਾਬ ਦੇ ਨਾਲ ਖੜ੍ਹੀ ਹਾਂ ਅਤੇ ਉਨ੍ਹਾਂ ਦੇ ਮੁੱਦੇ ਚੁੱਕੇ ਹਨ, ਚਾਹੇ ਕੋਈ ਵੀ ਸਰਕਾਰ ਸੱਤਾ ਵਿਚ ਹੋਵੇ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਜਾਣਦੇ ਹੋਵੋਗੇ ਕਿ ਕਿਸੇ ਵੀ ਸੂਬੇ ਵਿਚ ਕਾਂਗਰਸ ਸਰਕਾਰ ਦੇ ਹਰ ਮੰਤਰੀ ਨੂੰ ਆਪਣੇ ਵਿਭਾਗ ਦੇ ਕੇਂਦਰੀ ਸਰਕਾਰ ਦੇ ਮੰਤਰੀ ਨੂੰ ਮਿਲਣਾ ਹੁੰਦਾ ਹੈ, ਜੋਕਿ ਇਸ ਮਾਮਲੇ ਵਿਚ ਭਾਜਪਾ ਸਰਕਾਰ ਹੈ, ਆਪਣੇ ਰਾਜ ਦੇ ਮਸਲੇ ਹੱਲ ਕਰਵਾਉਣ ਲਈ। ਪੰਜਾਬ ਵਿਚ ਪਿਛਲੀ ਕਾਂਗਰਸ ਸਰਕਾਰ ਵਿਚ ਅਜਿਹਾ ਕੀਤਾ ਗਿਆ ਸੀ ਅਤੇ ਅੱਜ ਮੈਨੂੰ ਯਕੀਨ ਹੈ ਕਿ ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਵੀ ਕਾਂਗਰਸ ਸਰਕਾਰ ਵੱਲੋਂ ਅਜਿਹਾ ਹੀ ਕੀਤਾ ਜਾ ਰਿਹਾ ਹੈ। ਮੈਂ ਵੀ ਅਜਿਹੇ ਮੁੱਦਿਆਂ ਨੂੰ ਹੱਲ ਕਰਨ ਲਈ ਹਮੇਸ਼ਾ ਰਾਜ ਅਤੇ ਕੇਂਦਰ ਸਰਕਾਰ ਨੂੰ ਮਿਲਦੀ ਰਹਾਂਗੀ, ਚਾਹੇ ਤੁਸੀਂ ਪਸੰਦ ਕਰੋ ਜਾਂ ਨਾ ਕਰੋ। ਪ੍ਰਨੀਤ ਕੌਰ ਨੇ ਪੱਤਰ ਦੀ ਸਮਾਪਤੀ ਇਹ ਕਹਿ ਕੇ ਕੀਤੀ ਕਿ ਗੱਲ ਰਹੀ ਮੇਰੇ ਵਿਰੁੱਧ ਕਾਰਵਾਈ ਦੀ ਤਾਂ ਤੁਸੀਂ ਜੋ ਕਾਰਵਾਈ ਕਰਨਾ ਚਾਹੁੰਦੇ ਹੋ ਉਹ ਕਰ ਸਕਦੇ ਹੋ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News