ਉਮੀਦਵਾਰਾਂ ਦੇ ਨਾਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ’ਚ ਕਾਂਗਰਸ ਹਾਈਕਮਾਨ, ਮੰਤਰੀਆਂ ਦੀ ਟਿਕਟ ਪੱਕੀ

Saturday, Jan 15, 2022 - 11:55 AM (IST)

ਉਮੀਦਵਾਰਾਂ ਦੇ ਨਾਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ’ਚ ਕਾਂਗਰਸ ਹਾਈਕਮਾਨ, ਮੰਤਰੀਆਂ ਦੀ ਟਿਕਟ ਪੱਕੀ

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : 2022 ਦੀਆਂ ਚੋਣਾਂ ’ਚ ਕਿਸਮਤ ਅਜ਼ਮਾਉਣ ਵਾਲੇ ਪੰਜਾਬ ਕਾਂਗਰਸ ਦੇ ਉਮੀਦਵਾਰਾਂ ’ਤੇ ਸਹਿਮਤੀ ਬਣਾਉਣ ’ਤੇ ਮੰਥਨ ਜਾਰੀ ਹੈ। ਕਿਹਾ ਜਾ ਰਿਹਾ ਸੀ ਕਿ ਸ਼ੁੱਕਰਵਾਰ ਨੂੰ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ ਪਰ ਕੁਝ ਉਮੀਦਵਾਰਾਂ ਦੇ ਨਾਵਾਂ ’ਤੇ ਸਹਿਮਤੀ ਨਾ ਬਣ ਸਕਣ ਨਾਲ ਇਹ ਮਾਮਲਾ ਵਿਚਕਾਰ ਹੀ ਲਟਕ ਗਿਆ। ਹੁਣ ਕਿਹਾ ਜਾ ਰਿਹਾ ਹੈ ਕਿ ਸਾਰਿਆਂ ਦੀ ਸਹਿਮਤੀ ਬਣਨ ਤੋਂ ਬਾਅਦ ਹੀ ਸੂਚੀ ਜਾਰੀ ਕੀਤੀ ਜਾਵੇਗੀ। ਉਧਰ, ਇਸ ਸਭ ਦਰਮਿਆਨ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ’ਤੇ ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਜਾਅਲੀ ਸੂਚੀ ਵੀ ਚਰਚਾ ’ਚ ਰਹੀ। ਹਾਲਾਂਕਿ ਕਾਂਗਰਸ ਦੇ ਨੇਤਾਵਾਂ ਨੇ ਸਿਰੇ ਤੋਂ ਇਸ ਨੂੰ ਨਕਾਰਦਿਆਂ ਕਿਹਾ ਹੈ ਕਿ ਅਜੇ ਸੂਚੀ ’ਤੇ ਮੰਥਨ ਜਾਰੀ ਹੈ। ਪਹਿਲੇ ਪੜਾਅ ’ਚ ਕਰੀਬ 70 ਉਮੀਦਵਾਰਾਂ ਦੀ ਸੂਚੀ ਜਾਰੀ ਹੋ ਸਕਦੀ ਹੈ। ਇਸ ’ਤੇ ਕਾਫ਼ੀ ਹੱਦ ਤੱਕ ਸਹਿਮਤੀ ਬਣ ਗਈ ਹੈ ਪਰ ਕੁੱਝ ਚਿਹਰਿਆਂ ਨੂੰ ਲੈ ਕੇ ਮੰਥਨ ਦਾ ਦੌਰ ਜਾਰੀ ਹੈ। ਸੰਭਵ ਹੈ ਕਿ ਸ਼ਨੀਵਾਰ ਜਾਂ ਐਤਵਾਰ ਤੱਕ ਪਹਿਲੀ ਲਿਸਟ ਜਾਰੀ ਕਰ ਦਿੱਤੀ ਜਾਵੇ। ਹਾਲਾਂਕਿ ਇਹ ਸਪੱਸ਼ਟ ਹੈ ਕਿ ਪਹਿਲੀ ਸੂਚੀ ਸਾਰਿਆਂ ਦੀ ਸਹਿਮਤੀ ਤੋਂ ਬਾਅਦ ਹੀ ਜਾਰੀ ਹੋਵੇਗੀ।

ਇਹ ਵੀ ਪੜ੍ਹੋ : ਮਾਨਸਾ ਹਲਕੇ ਦੀ ਟਿਕਟ ਦੇ ਰੌਲੇ ਦੌਰਾਨ ਨਵਜੋਤ ਸਿੱਧੂ ਨੂੰ ਮਿਲੇ ਸਿੱਧੂ ਮੂਸੇਵਾਲਾ

ਮੰਤਰੀਆਂ ਦੀ ਟਿਕਟ ਪੱਕੀ
ਪਹਿਲੀ ਸੂਚੀ ’ਚ ਮੁੱਖ ਮੰਤਰੀ ਸਮੇਤ ਕਈ ਮੰਤਰੀਆਂ ਦੀ ਟਿਕਟ ਪੱਕੀ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਸੁਖਬਿੰਦਰ ਸਿੰਘ ਸਰਕਾਰੀਆ, ਰਜੀਆ ਸੁਲਤਾਨਾ, ਅਮਰਿੰਦਰ ਸਿੰਘ ਰਾਜਾ ਵੜਿੰਗ, ਅਰੁਣਾ ਚੌਧਰੀ, ਡਾ. ਰਾਜ ਕੁਮਾਰ ਵੇਰਕਾ ਸਮੇਤ ਕੁੱਝ ਮੰਤਰੀਆਂ ਨੂੰ ਪਹਿਲੀ ਸੂਚੀ ’ਚ ਉਮੀਦਵਾਰ ਦੇ ਤੌਰ ’ਤੇ ਐਲਾਨਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਟਵਿੱਟਰ ’ਤੇ ਕੈਪਟਨ ਦੀ ਸਰਦਾਰੀ ਨਵਜੋਤ ਸਿੱਧੂ ਪਿੱਛੜੇ, ਫੇਸਬੁੱਕ ’ਤੇ ਸੁਖਬੀਰ ਬਾਦਲ ਦੀ ਬੱਲੇ-ਬੱਲੇ

ਸਮਰਥਕਾਂ ਨੂੰ ਟਿਕਟ ਦਿਵਾਉਣ ’ਤੇ ਘਮਾਸਾਨ
ਉਧਰ, ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਹਿਲੀ ਸੂਚੀ ’ਚ ਹੋ ਰਹੀ ਇਹ ਦੇਰੀ ਸੀਨੀਅਰ ਨੇਤਾਵਾਂ ਵੱਲੋਂ ਆਪਣੇ ਸਮਰਥਕਾਂ ਦੀ ਟਿਕਟ ਪੱਕੀ ਕਰਵਾਉਣ ਨੂੰ ਲੈ ਕੇ ਬਣਾਏ ਜਾ ਰਹੇ ਦਬਾਅ ਕਾਰਨ ਹੋ ਰਹੀ ਹੈ। ਇਸ ਕਾਰਨ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਪੱਧਰ ’ਤੇ ਕੁੱਝ ਚਿਹਰਿਆਂ ਨੂੰ ਲੈ ਕੇ ਆਪਾ ਵਿਰੋਧ ਦੀ ਸਥਿਤੀ ਹੈ। ਸਾਰੇ ਆਪਣੇ ਸਮਰਥਕਾਂ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਅਸਹਿਮਤੀ ਕਾਰਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਸਹਿਮਤੀ ਬਣਨ ’ਤੇ ਹੀ ਟਿਕਟਾਂ ਦਾ ਐਲਾਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਬਠਿੰਡਾ ਗੈਂਗਵਾਰ ’ਚ ਵੱਡਾ ਖ਼ੁਲਾਸਾ, ਕੈਨੇਡਾ ’ਚ ਰਚੀ ਗਈ ਸੀ ਸਾਜ਼ਿਸ਼, ਗੈਂਗਸਟਰ ਸੁੱਖਾ ਨੇ ਫੇਸਬੁੱਕ ’ਤੇ ਲਈ ਜ਼ਿੰਮੇਵਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News