ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਸਿਹਰਾ ਲੈਣ ਤੋਂ ਬਾਜ਼ ਆਏ ਕਾਂਗਰਸ ਸਰਕਾਰ : ਸੁਖਬੀਰ ਬਾਦਲ

Sunday, Oct 29, 2017 - 12:29 AM (IST)

ਅਕਾਲੀ-ਭਾਜਪਾ ਵੱਲੋਂ ਸ਼ੁਰੂ ਕੀਤੇ ਕੰਮਾਂ ਦਾ ਸਿਹਰਾ ਲੈਣ ਤੋਂ ਬਾਜ਼ ਆਏ ਕਾਂਗਰਸ ਸਰਕਾਰ : ਸੁਖਬੀਰ ਬਾਦਲ

ਚੰਡੀਗੜ੍ਹ - ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ਉਹ ਅਕਾਲੀ-ਭਾਜਪਾ ਸਰਕਾਰ ਵੱਲੋਂ ਮਨਜ਼ੂਰ ਕੀਤੇ ਗਏ ਵਿਕਾਸ ਕਾਰਜਾਂ ਦਾ ਸਿਹਰਾ ਆਪਣੇ ਸਿਰ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪਿਛਲੇ 7 ਮਹੀਨਿਆਂ ਵਿਚ ਸੂਬੇ ਵਾਸਤੇ ਇਕ ਵੀ ਪ੍ਰਾਜੈਕਟ ਲਿਆਉਣ ਵਿਚ ਸਫਲ ਨਹੀਂ ਹੋਈ ਹੈ।ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਸਥਾਨਕ ਸਰਕਾਰਾਂ ਮੰਤਰੀ ਸਮੇਤ ਸਮੁੱਚੀ ਸੂਬਾ ਸਰਕਾਰ ਉਨ੍ਹਾਂ ਪ੍ਰਾਜੈਕਟਾਂ ਦੇ ਚੈੱਕ ਵੰਡ ਕੇ ਆਪਣੇ ਸਿਰ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੂੰ ਨਾ ਸਿਰਫ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਮਨਜ਼ੂਰ ਕੀਤਾ ਗਿਆ ਸੀ, ਸਗੋਂ ਇਨ੍ਹਾਂ ਪ੍ਰਾਜੈਕਟਾਂ ਵਾਸਤੇ ਇਸ ਤੋਂ ਪਹਿਲਾਂ 567 ਕਰੋੜ ਰੁਪਏ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਕੱਲ ਹੀ ਅਬੋਹਰ ਵਿਚ ਇਕ ਪਹਿਲਾਂ ਤੋਂ ਚੱਲ ਰਹੀ ਵਾਟਰ ਸਪਲਾਈ ਅਤੇ ਸੀਵਰੇਜ ਸਕੀਮ ਦਾ ਦੁਬਾਰਾ ਉਦਘਾਟਨ ਕਰਕੇ ਅਬੋਹਰ ਦੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਸਕੀਮ ਅਕਾਲੀ-ਭਾਜਪਾ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਸੀ । ਇੱਥੋਂ ਤਕ ਕਿ ਅਕਾਲੀ-ਭਾਜਪਾ ਹਕੂਮਤ ਦੌਰਾਨ ਇਸ ਸਕੀਮ ਲਈ ਕੁੱਝ ਪੈਸਾ ਵੀ ਜਾਰੀ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਇਸ ਪ੍ਰਾਜੈਕਟ ਉਤੇ ਠੇਕੇਦਾਰ ਨੇ ਕੰਮ ਵੀ ਸ਼ੁਰੂ ਕਰ ਦਿੱਤਾ ਸੀ।ਇਹ ਕਹਿੰਦਿਆਂ ਕਿ ਇਹ ਸਭ ਗੁਰਦਾਸਪੁਰ ਜ਼ਿਮਨੀ ਚੋਣ ਮਗਰੋਂ ਕਾਂਗਰਸ ਸਰਕਾਰ ਦੇ ਬਿਜਲੀ ਦਰਾਂ ਵਿਚ ਵਾਧਾ ਕਰਨ ਅਤੇ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਵਰਗੇ ਲੋਕ ਵਿਰੋਧੀ ਫੈਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਅਤੇ ਉਨ੍ਹਾਂ ਨੂੰ ਬੇਵਕੂਫ ਬਣਾਉਣ ਲਈ ਕੀਤੀ ਗਈ ਕੋਸ਼ਿਸ਼ ਹੋ ਸਕਦੀ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਚੰਗਾ ਹੋਵੇਗਾ ਕਿ ਅਜਿਹੇ ਹਥਕੰਡੇ ਅਪਣਾਉਣ ਦੀ ਥਾਂ ਕਾਂਗਰਸ ਸਰਕਾਰ ਆਪਣੀ 7 ਮਹੀਨਿਆਂ ਦੀ ਕਾਰਗੁਜ਼ਾਰੀ ਬਾਰੇ ਰਿਪੋਰਟ  ਪੇਸ਼ ਕਰੇ।
ਉਨ੍ਹਾਂ ਕਿਹਾ ਕਿ ਅਮਰੂਤ ਸਕੀਮ ਅਤੇ ਸਮਾਰਟ ਸਿਟੀ ਪ੍ਰਾਜੈਕਟ ਦੋਵੇਂ ਹੀ ਐੱਨ. ਡੀ. ਏ. ਸਰਕਾਰ ਵੱਲੋਂ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੇ ਗਏ ਸਨ । ਅਬੋਹਰ ਸਮੇਤ ਕਈ ਸ਼ਹਿਰਾਂ ਵਿਚ ਬਹੁਤ ਸਾਰੀਆਂ ਵਾਟਰ ਸਪਲਾਈ ਅਤੇ ਸੀਵਰੇਜ ਸਕੀਮਾਂ ਅਮਰੂਤ ਪ੍ਰਾਜੈਕਟ ਤਹਿਤ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਬਹੁਤ ਸਾਰੇ ਪ੍ਰਾਜੈਕਟ ਸਮਾਰਟ ਸਿਟੀ ਸਕੀਮ ਤਹਿਤ ਸ਼ੁਰੂ ਕੀਤ ਗਏ ਸਨ, ਜਿਨ੍ਹਾਂ ਦਾ ਹੁਣ ਕਾਂਗਰਸ ਸਰਕਾਰ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ । ਇਹ ਕਹਿੰਦਿਆਂ ਕਿ ਸਰਕਾਰ ਦੁਆਰਾ ਅਕਾਲੀ-ਭਾਜਪਾ ਵੱਲੋਂ ਕੀਤੇ ਕੰਮਾਂ ਦਾ ਸਿਹਰਾ ਲੈਣ ਲਈ ਸ਼ੁਰੂ ਕੀਤੀ ਜੰਗ ਦੀ ਕੋਈ ਸੀਮਾ ਨਹੀਂ ਹੈ, ਸੁਖਬੀਰ ਬਾਦਲ ਨੇ ਕਿਹਾ ਕਿ ਹਾਲ ਹੀ ਵਿਚ ਇਕ ਮੰਤਰੀ ਨੇ ਜਗਰਾਓਂ ਪੁਲ  ਅਤੇ ਪੱਖੋਵਾਲ ਰੋਡ ਦੇ ਰੇਲਵੇ ਓਵਰ ਬਰਿਜ ਦੀ 'ਮਾਮੂਲੀ ਮੁਰੰਮਤ' ਦਾ ਵੀ ਬਾਕਾਇਦਾ ਉਦਘਾਟਨ ਕੀਤਾ । ਉਨ੍ਹਾਂ ਕਿਹਾ ਕਿ ਅਜਿਹੇ ਸ਼ੋਸ਼ਿਆਂ 'ਤੇ ਸਮਾਂ ਬਰਬਾਦ ਕਰਨ ਦੀ ਥਾਂ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹਿਰੀ ਨਾਗਰਿਕਾਂ ਉਤੇ ਥੋਪੇ  ਟੈਕਸਾਂ ਤੋਂ ਉੁਨ੍ਹਾਂ ਨੂੰ ਰਾਹਤ ਦੇਵੇ ।


Related News