ਕਾਂਗਰਸ ਸਰਕਾਰ ਵੀ ਅਕਾਲੀ-ਭਾਜਪਾ ਸਰਕਾਰ ਦੇ ਰਾਹ 'ਤੇ

Thursday, Mar 08, 2018 - 11:25 AM (IST)

ਜਲੰਧਰ (ਅਮਿਤ)— ਚੋਣਾਂ ਦੌਰਾਨ ਨੌਜਵਾਨਾਂ ਨਾਲ ਵੱਡੇ-ਵੱਡੇ ਵਾਅਦੇ ਕਰਨ ਵਾਲੀ ਅਤੇ ਅਕਾਲੀ-ਭਾਜਪਾ ਸਰਕਾਰ ਦੇ ਰਾਜ ਨੂੰ ਜੰਗਲ ਰਾਜ ਕਹਿਣ ਵਾਲੀ ਕਾਂਗਰਸ ਸਰਕਾਰ ਆਪ ਵੀ ਅਕਾਲੀ-ਭਾਜਪਾ ਸਰਕਾਰ ਦੇ ਰਾਹ 'ਤੇ ਤੁਰ ਪਈ ਹੈ। ਕਾਂਗਰਸ ਵੱਲੋਂ ਸੱਤਾ ਵਿਚ ਆਉਣ ਤੋਂ ਬਾਅਦ ਹੁਣ ਤੱਕ ਸੁਵਿਧਾ ਮੁਲਾਜ਼ਮਾਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਸੀ ਅਤੇ ਕਮੇਟੀ ਨੂੰ ਭਰੋਸੇ ਵਿਚ ਲਿਆ ਜਾ ਰਿਹਾ ਸੀ ਕਿ ਸਰਕਾਰ ਮੁਲਾਜ਼ਮਾਂ ਨੂੰ ਜਲਦ ਹੀ ਬਹਾਲ ਕਰੇਗੀ ਪਰ ਹੁਣ ਕਾਂਗਰਸ ਸਰਕਾਰ ਨੇ ਅਕਾਲੀ ਸਰਕਾਰ ਵਾਂਗ ਸੇਵਾਂ ਕੇਂਦਰਾਂ ਨੂੰ ਨਿੱਜੀ ਕੰਪਨੀ ਰਾਹੀਂ ਚਲਾਉਣ ਦਾ ਮਨ ਬਣਾ ਕੇ ਪੰਜਾਬ ਨੂੰ ਲੁੱਟਣ ਦੀ ਸਾਜ਼ਿਸ਼ ਰਚ ਲਈ ਹੈ। ਸੁਵਿਧਾ ਕੇਂਦਰ ਸਰਕਾਰ ਦੀ ਕਮਾਈ ਦਾ ਸਾਧਨ ਸਨ ਪਰ ਇਨ੍ਹਾਂ ਕੇਂਦਰਾਂ ਨੂੰ ਨਿੱਜੀ ਕੰਪਨੀ ਹਵਾਲੇ ਕਰ ਕੇ ਪੰਜਾਬ ਦੇ ਖਜ਼ਾਨੇ ਅਤੇ ਆਮ ਜਨਤਾ ਦੀ ਲੁੱਟ ਕਰਨ ਦੀ ਕਾਂਗਰਸ ਪਾਰਟੀ ਨੇ ਤਿਆਰੀ ਕਰ ਲਈ ਹੈ।
ਇਸ ਦੇ ਨਾਲ ਹੀ ਕਾਂਗਰਸ ਸਰਕਾਰ ਇਕ ਕਮਾਈ ਵਾਂਗੂ ਕੰਮ ਕਰ ਰਹੀ ਹੈ, ਮੁਲਾਜ਼ਮਾਂ ਨੂੰ ਮਿਲ ਰਹੀਆਂ ਤਨਖਾਹਾਂ ਵਿਚ 70 ਤੋਂ 80 ਫੀਸਦੀ ਕਟੌਤੀ ਕਰਕੇ ਮੁਲਾਜ਼ਮਾਂ ਦਾ ਗਲਾ ਕੱਟਣ ਦੀ ਤਿਆਰੀ ਕੀਤੀ ਗਈ ਹੈ। ਇਸ ਦੀ ਜਿਊਂਦੀ ਜਾਗਦੀ ਮਿਸਾਲ ਮਿਲਦੀ ਹੈ ਕਿ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਆਪਣੀ ਮੌਜੂਦਾ 10-12 ਸਾਲਾਂ ਦੀ ਨੌਕਰੀ ਛੱਡ ਕੇ 10300 ਰੁਪਏ 'ਤੇ ਰੈਗੂਲਰ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੈ। ਪੰਜਾਬ ਸਰਕਾਰ ਵੱਲੋਂ ਖਜ਼ਾਨਾ ਖਾਲੀ ਹੋਣ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਹੈ, ਜੇਕਰ ਅਸਲੀਅਤ 'ਚ ਪੰਜਾਬ ਦਾ ਖਜ਼ਾਨਾ ਖਾਲੀ ਹੈ ਤਾਂ ਕੀ ਪੰਜਾਬ ਦੇ ਲੋਕਾਂ ਨੂੰ ਭੁੱਖੇ ਮਾਰ ਕੇ ਤੇ ਉਨ੍ਹਾਂ ਦੇ ਮੂੰਹੋਂ ਰੋਟੀ ਖੋਹ ਕੇ ਪੰਜਾਬ ਦਾ ਖਜ਼ਾਨਾ ਭਰੇਗੀ? 
ਇਹ ਪ੍ਰਗਟਾਵਾ ਕਰਦਿਆਂ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਸ਼ੀਸ਼ ਜੁਲਾਹਾ, ਗਗਨ ਸ਼ਰਮਾ, ਰਮੇਸ਼ ਕੁਮਾਰ, ਗੌਰਵ, ਸ਼ੋਬਿਤ ਆਦਿ ਨੇ ਕਿਹਾ ਕਿ ਇਕ ਪਾਸੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਬੀਤੇ ਦਿਨੀਂ ਵਿਧਾਇਕਾਂ ਨਾਲ ਮੀਟਿੰਗ ਉਪਰੰਤ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿਚ ਅਸੀਂ ਨੌਜਵਾਨਾਂ ਨੂੰ ਮੁਫਤ ਸਮਾਰਟ ਫੋਨ ਦੇਵਾਂਗੇ ਪਰ ਇਥੇ ਇਹ ਗੱਲ ਸੋਚਣ ਵਾਲੀ ਹੈ ਕਿ ਸਮਾਰਟ ਫੋਨ ਦੇਣੇ ਜ਼ਰੂਰੀ ਹਨ ਜਾਂ ਆਮ ਜਨਤਾ ਦੇ ਘਰ ਚਲਾਉਣੇ? ਸਮਾਰਟ ਫੋਨ ਲਈ ਪੰਜਾਬ ਦਾ ਖਜ਼ਾਨਾ ਭਰਿਆ ਹੋਇਆ ਹੈ ਜਾਂ ਪੰਜਾਬ ਦੇ ਮੁਲਾਜ਼ਮਾਂ ਦੇ ਮੂੰਹ 'ਚੋਂ ਰੋਟੀ ਖੋਹ ਕੇ ਸਰਕਾਰ ਆਪਣੇ ਚੋਣ ਮਨੋਰਥ ਪੱਤਰ ਦੇ ਵਾਅਦੇ ਪੂਰੇ ਕਰੇਗੀ। ਪੰਜਾਬ ਦੇ ਮੁਲਾਜ਼ਮਾਂ ਲਈ ਇਸ ਤੋਂ ਵੱਧ ਧੱਕੇਸ਼ਾਹੀ ਕੀ ਹੋਵੇਗੀ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਇਸ ਧੱਕੇਸ਼ਾਹੀ ਦਾ ਪੁਰਜ਼ੋਰ ਵਿਰੋਧ ਕਰਦੀ ਹੈ। ਇਸ ਚਿੱਟੇ ਦਿਨ ਦੀ ਧੱਕੇਸ਼ਾਹੀ ਖਿਲਾਫ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ 9 ਮਾਰਚ ਨੂੰ ਵਿਧਾਇਕ ਰਜਿੰਦਰ ਬੇਰੀ ਨੂੰ ਜ਼ਿਲਾ ਪੱਧਰ 'ਤੇ ਉਨ੍ਹਾਂ ਦੇ ਘਰ ਜਾ ਕੇ 'ਧੱਕੇਸ਼ਾਹੀ ਐਵਾਰਡ' ਦਿੱਤਾ ਜਾਵੇਗਾ।


Related News