ਕਾਂਗਰਸ ਸਰਕਾਰ 'ਤੇ ਧੱਬਾ ਲਾ ਰਹੀ ਲੁਧਿਆਣਾ ਨਗਰ ਨਿਗਮ ਦੀ ਕੰਗਾਲੀ
Thursday, Oct 05, 2017 - 04:15 AM (IST)
ਜਲੰਧਰ(ਅਸ਼ਵਨੀ ਖੁਰਾਣਾ)- ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣੇ 7 ਮਹੀਨੇ ਹੋਣ ਵਾਲੇ ਹਨ ਅਤੇ ਹੁਣ ਤਾਂ ਸੂਬੇ ਦੇ ਸਾਰੇ ਨਗਰ ਨਿਗਮਾਂ ਵਿਚੋਂ ਅਕਾਲੀ-ਭਾਜਪਾ ਗਠਜੋੜ ਵੀ ਰੁਖਸਤ ਹੋ ਚੁੱਕਿਆ ਹੈ ਅਤੇ ਸਾਰਾ ਕੰਟ੍ਰੋਲ ਇਸ ਸਮੇਂ ਕਾਂਗਰਸੀਆਂ ਦੇ ਹੱਥ ਵਿਚ ਹੈ। ਪਰ ਫਿਰ ਵੀ ਪੰਜਾਬ ਦਾ ਮਾਨਚੈਸਟਰ ਕਹਾਉਣ ਵਾਲਾ ਲੁਧਿਆਣਾ ਵਰਗਾ ਵੱਡਾ ਸ਼ਹਿਰ ਨਗਰ ਨਿਗਮ ਦੀ ਕੰਗਾਲੀ ਕਾਰਨ ਹੰਝੂ ਵਹਾ ਰਿਹਾ ਹੈ। ਹਾਲਾਤ ਇਸ ਕਦਰ ਖਰਾਬ ਹਨ ਕਿ ਤਿਉਹਾਰੀ ਸੀਜ਼ਨ ਹੋਣ ਦੇ ਬਾਵਜੂਦ ਲੁਧਿਆਣਾ ਨਗਰ ਨਿਗਮ ਆਪਣੇ ਸਫਾਈ ਕਰਮਚਾਰੀਆਂ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ 2 ਮਹੀਨੇ ਤੋਂ ਤਨਖਾਹ ਤੱਕ ਨਹੀਂ ਦੇ ਸਕਿਆ। ਇਹ ਸਥਿਤੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ 'ਤੇ ਧੱਬਾ ਸਾਬਿਤ ਹੋ ਰਹੀ ਹੈ ਅਤੇ ਕੁਝ ਮਹੀਨਿਆਂ ਬਾਅਦ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਇਸ ਸਥਿਤੀ ਦਾ ਅਸਰ ਪਾਰਟੀ ਦੀ ਪਰਫਾਰਮੈਂਸ 'ਤੇ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਦਰਜਾ-4 ਕਰਮਚਾਰੀਆਂ ਦਾ ਮੁੱਖ ਤਿਉਹਾਰ ਮਹਾਰਿਸ਼ੀ ਵਾਲਮੀਕਿ ਜੈਅੰਤੀ ਹੁੰਦਾ ਹੈ। ਉਪਰੋਂ ਦੁਸਹਿਰਾ, ਕਰਵਾਚੌਥ, ਦੀਵਾਲੀ ਅਤੇ ਭਾਈ ਦੂਜ ਆਦਿ ਤਿਉਹਾਰ ਕੁਝ ਹੀ ਦਿਨਾਂ ਦੇ ਫਰਕ ਨਾਲ ਆ ਗਏ ਹਨ, ਜਿਸ ਕਾਰਨ ਕਰਮਚਾਰੀਆਂ ਦੀਆਂ ਨਜ਼ਰਾਂ ਉਨ੍ਹਾਂ ਦੀ ਤਨਖਾਹ 'ਤੇ ਟਿੱਕੀਆਂ ਹੋਈਆਂ ਹਨ। ਅਜਿਹੇ ਹਾਲਾਤ ਵਿਚ ਵੀ ਜੇਕਰ ਸਫਾਈ ਕਰਮਚਾਰੀਆਂ ਅਤੇ ਦਰਜਾ-4 ਕਰਮਚਾਰੀਆਂ ਨੂੰ ਸਰਕਾਰ ਤਨਖਾਹ ਤੱਕ ਨਹੀਂ ਦੇ ਸਕਦੀ, ਉਸ ਪ੍ਰਤੀ ਰੋਸ ਵਧਣਾ ਸੁਭਾਵਿਕ ਹੈ।
ਇਸੇ ਰੋਸ ਕਾਰਨ ਲੁਧਿਆਣਾ ਨਗਰ ਨਿਗਮ ਦੇ ਕਰਮਚਾਰੀਆਂ ਨੇ ਮੇਨ ਦਫਤਰ ਬਾਹਰ ਧਰਨਾ ਲਾਇਆ ਅਤੇ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦੀ ਹੀ ਅਗਸਤ ਅਤੇ ਸਤੰਬਰ ਮਹੀਨੇ ਦੀ ਤਨਖਾਹ ਦਿੱਤੀ ਜਾਵੇ। ਐਡੀਸ਼ਨਲ ਕਮਿਸ਼ਨਰ ਰਿਸ਼ੀ ਪਾਲ ਸਿੰਘ ਨੇ ਕਰਮਚਾਰੀਆਂ ਦਾ ਧਰਨਾ ਇਹ ਕਹਿੰਦੇ ਹੋਏ ਖਤਮ ਕਰਵਾ ਦਿੱਤਾ ਕਿ ਬੁੱਧਵਾਰ ਨੂੰ ਉਨ੍ਹਾਂ ਦੀ ਤਨਖਾਹ ਜਾਰੀ ਹੋ ਜਾਵੇਗੀ ਪਰ ਨਿਗਮ ਪ੍ਰਸ਼ਾਸਨ ਆਪਣੇ ਵਾਅਦੇ 'ਤੇ ਖਰਾ ਨਹੀਂ ਉਤਰਿਆ, ਜਿਸ ਕਾਰਨ ਦਰਜਾ-4 ਕਰਮਚਾਰੀਆਂ ਵਿਚ ਰੋਸ ਹੈ।
ਅਜਿਹੇ ਵਿਚ ਕਰਮਚਾਰੀਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਤੁਰੰਤ 2 ਮਹੀਨਿਆਂ ਦੀ ਤਨਖਾਹ ਇਕੱਠੀ ਜਾਰੀ ਕੀਤੀ ਜਾਵੇ, ਤਾਂ ਜੋ ਉਹ ਆਪਣੇ ਬੱਚਿਆਂ ਦੀ ਸਕੂਲ ਫੀਸ ਭਰ ਸਕਣ ਅਤੇ ਤਿਉਹਾਰ ਵਧੀਆ ਤਰੀਕੇ ਨਾਲ ਮਨਾ ਸਕਣ। ਕੁਲ ਮਿਲਾਕੇ ਇਹ ਸਾਰੇ ਹਾਲਾਤ ਸੱਤਾਧਿਰ ਲਈ ਨਮੋਸ਼ੀ ਵਾਲੀ ਬਣਦੀ ਜਾ ਰਹੀ ਹੈ।
