ਹੁਣ ਰਾਸ਼ਨ ਪੈਕਟਾਂ 'ਤੇ ਨਹੀਂ ਲੱਗੇਗੀ 'ਕੈਪਟਨ' ਦੀ ਤਸਵੀਰ, ਪਿੱਛੇ ਹਟੀ ਕਾਂਗਰਸ ਸਰਕਾਰ

05/25/2020 12:30:53 PM

ਲੁਧਿਆਣਾ (ਹਿਤੇਸ਼) : ਕਰਫਿਊ ਦੇ ਸ਼ੁਰੂਆਤੀ ਦੌਰ 'ਚ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਵੰਡੇ ਗਏ ਰਾਸ਼ਨ ਦੇ ਪੈਕੇਟ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਲਾਉਣ ਨੂੰ ਲੈ ਕੇ ਵਿਰੋਧੀ ਦਲਾਂ ਵੱਲੋਂ ਕੀਤੇ ਗਏ ਵਿਰੋਧ ਦੇ ਮੱਦੇਨਜ਼ਰ ਕਾਂਗਰਸ ਸਰਕਾਰ ਪਿੱਛੇ ਹਟ ਗਈ ਹੈ, ਜਿਸ ਤਹਿਤ ਕੇਂਦਰ ਸਰਕਾਰ ਵੱਲੋਂ ਲਾਕ ਡਾਊਨ ਦੇ ਚੌਥੇ ਪੜਾਅ ’ਚ ਆਤਮ ਨਿਰਭਰ ਯੋਜਨਾ ਤਹਿਤ ਗਰੀਬ ਲੋਕਾਂ ਲਈ ਜਿਹੜੀ ਮਦਦ ਭੇਜੀ ਜਾਵੇਗੀ, ਉਸ 'ਚ ਪੰਜਾਬ ਵੱਲੋਂ ਹਿੱਸਾ ਪਾਉਣ ਦੇ ਬਾਵਜੂਦ ਰਾਸ਼ਨ ਦੇ ਪੈਕੇਟ ’ਤੇ ਹੁਣ ਕੈਪਟਨ ਦੀ ਤਸਵੀਰ ਨਹੀਂ ਲੱਗੇਗੀ, ਸਗੋਂ ਇਸ ਦੀ ਜਗ੍ਹਾ ਪੈਕੇਟ ’ਤੇ ਪੰਜਾਬ ਸਰਕਾਰ ਦਾ ਲੋਗੋ ਲਾਇਆ ਜਾਵੇਗਾ ਅਤੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਮਾਸਕ ਪਾਉਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ ਦਾ ਸੁਨੇਹਾ ਵੀ ਦਿੱਤਾ ਜਾਵੇਗਾ।
ਕੇਂਦਰ ਵੱਲੋਂ ਇਸ ਤਰ੍ਹਾਂ ਭੇਜੀ ਜਾਵੇਗੀ ਮਦਦ
ਹਰ ਵਿਅਕਤੀ ਨੂੰ ਇਕ ਮਹੀਨੇ ਲਈ 5 ਕਿੱਲੋ ਕਣਕ
ਇਕ ਪਰਿਵਾਰ ਨੂੰ ਇਕ ਮਹੀਨੇ ਲਈ ਇਕ ਕਿੱਲੋ ਦਾਲ
ਦੋ ਮਹੀਨੇ ਲਈ ਭੇਜੀ ਜਾ ਰਹੀ ਹੈ ਮਦਦ
ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਪਾਇਆ ਜਾਵੇਗਾ ਹਿੱਸਾ
ਕਣਕ ਦੀ ਪਿਸਾਈ ਕਰਵਾ ਕੇ ਦਿੱਤਾ ਜਾਵੇਗਾ 10 ਕਿੱਲੋ ਆਟਾ
ਪਰਿਵਾਰ ਦੀ ਬਜਾਏ ਪ੍ਰਤੀ ਵਿਅਕਤੀ ਦਿੱਤੀ ਜਾਵੇਗੀ ਦਾਲ
ਹਰੇਕ ਨੂੰ ਮਿਲੇਗੀ ਇਕ ਕਿੱਲੋ ਖੰਡ
14 ਲੱਖ ਲੋਕਾਂ ਨੂੰ ਮਿਲੇਗਾ ਲਾਭ, ਇਹ ਹੈ ਮਾਪਦੰਡ
ਨੀਲੇ ਕਾਰਡ ਧਾਰਕਾਂ ਮੁਤਾਬਕ 10 ਫੀਸਦੀ ਤੈਅ ਕੀਤਾ ਗਿਆ ਹੈ ਕੋਟਾ
ਨੀਲਾ ਕਾਰਡ ਨਾ ਹੋਣ ਵਾਲੇ ਲੋਕਾਂ ਨੂੰ ਵੀ ਮਿਲੇਗਾ ਲਾਭ
ਪਰਵਾਸੀ ਮਜ਼ਦੂਰਾਂ ਨੂੰ ਮਦਦ ਦੇਣ ਲਈ ਬਣਾਈ ਗਈ ਹੈ ਯੋਜਨਾ
ਉਨ੍ਹਾਂ ’ਚੋਂ ਪਲਾਇਨ ਨਾ ਕਰਨ ਵਾਲੇ ਮਜ਼ਦੂਰਾਂ ਨੂੰ ਮਿਲੇਗਾ ਰਾਸ਼ਨ
ਅਧਾਰ ਕਾਰਡ ਨਾਲ ਹੋਵੇਗੀ ਜਾਂਚ
ਰਜਿਸਟਰਡ ਕੰਸਟ੍ਰਕਸ਼ਨ ਲੇਬਰ ਭੱਠਾ ਮਜ਼ਦੂਰਾਂ ਨੂੰ ਵੀ ਕੀਤਾ ਜਾਵੇਗਾ ਸ਼ਾਮਲ
 


Babita

Content Editor

Related News