ਚੋਣ ਐਲਾਨ ਪੱਤਰ ਦੇ ਵਾਅਦਿਆਂ ਤੋਂ ਭੱਜੀ ਕਾਂਗਰਸ ਸਰਕਾਰ
Thursday, Dec 20, 2018 - 11:18 AM (IST)

ਜਲੰਧਰ, (ਰਵਿੰਦਰ)— ਕਾਂਗਰਸ ਨੂੰ ਸੱਤਾ ਵਿਚ 21 ਮਹੀਨੇ ਦਾ ਸਮਾਂ ਹੋਣ ਜਾ ਰਿਹਾ ਹੈ ਪਰ 21 ਮਹੀਨਿਆਂ ਵਿਚ ਕਾਂਗਰਸ ਨਾ ਤਾਂ ਆਪਣੇ ਚੋਣ ਐਲਾਨ ਪੱਤਰ ਨੂੰ ਪੂਰਾ ਕਰ ਸਕੀ ਤੇ ਨਾ ਹੀ ਜਨਤਾ ਦੇ ਹਿੱਤ ਦਾ ਕੋਈ ਪ੍ਰਾਜੈਕਟ ਹੀ ਸੂਬੇ ਵਿਚ ਲਾਗੂ ਕਰ ਸਕੀ ਹੈ। ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਛਾਤੀ ਠੋਕ ਕੇ ਕਿਹਾ ਸੀ ਕਿ ਸਰਕਾਰ ਦੀਵਾਲੀ ਤੋਂ ਪਹਿਲਾਂ ਸਮਾਰਟ ਫੋਨ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਦੇਵੇਗੀ ਪਰ ਵਿੱਤ ਮੰਤਰੀ ਦੇ ਛਾਤੀ ਠੋਕਣ ਵਾਲੇ ਵਾਅਦੇ ਹਵਾ ਹਵਾਈ ਹੋ ਗਏ। ਸੂਬੇ ਦੇ ਵਿੱਤ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸੂਬੇ ਨੂੰ ਅਕਾਲੀ ਜਿਸ ਆਰਥਿਕ ਕੰਗਾਲੀ ਦੀ ਹਾਲਤ ਵਿਚ ਛੱਡ ਕੇ ਗਏ ਸਨ ਕਾਂਗਰਸ ਨੇ ਉਸ 'ਤੇ ਪਾਰ ਪਾ ਲਿਆ ਹੈ ਤੇ ਸੂਬਾ ਹੁਣ ਵਿਕਾਸ ਦੀ ਰਾਹ 'ਤੇ ਦੌੜੇਗਾ ਪਰ ਸੂਬੇ ਵਿਚ ਵਿਕਾਸ ਦਾ ਕੋਈ ਵੀ ਪ੍ਰਾਜੈਕਟ ਸ਼ੁਰੂ ਨਾ ਹੋਣ ਕਾਰਨ ਵਿੱਤ ਮੰਤਰੀ ਦੇ ਦਾਅਵੇ ਹਵਾ ਵਿਚ ਉਡ ਗਏ। ਸੂਬੇ ਦੀ ਜਨਤਾ ਨੂੰ ਇੰਝ ਲੱਗਣ ਲੱਗਾ ਹੈ ਕਿ ਸ਼ਾਇਦ ਸਰਕਾਰ ਦਾ ਹਰ ਮੰਤਰੀ ਹੀ ਜਨਤਾ ਨੂੰ ਝੂਠੇ ਸਬਜ਼ਬਾਗ ਹੀ ਵਿਖਾ ਰਿਹਾ ਹੈ।
10 ਸਾਲ ਸੱਤਾ ਤੋਂ ਬਾਹਰ ਰਹਿਣ ਉਪਰੰਤ ਆਪਣੇ ਚੋਣ ਮੈਨੀਫੈਸਟੋ ਵਿਚ ਕਾਂਗਰਸ ਨੇ ਸੂਬੇ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ। ਇਨ੍ਹਾਂ ਵਾਅਦਿਆਂ ਨੂੰ ਜਨਤਾ ਨੇ ਹੱਥੋ-ਹੱਥ ਲਿਆ ਸੀ ਤੇ ਕਾਂਗਰਸ ਦੀਆਂ ਗੱਲਾਂ 'ਤੇ ਵਿਸ਼ਵਾਸ ਕਰ ਕੇ ਉਸ ਨੂੰ ਵੋਟਾਂ ਪਾਈਆਂ ਸਨ। ਜਿਸਦਾ ਨਤੀਜਾ ਇਹ ਨਿਕਲਿਆ ਸੀ ਕਿ 70 ਸੀਟਾਂ ਨਾਲ ਕਾਂਗਰਸ ਰਿਕਾਰਡਤੋੜ ਬਹੁਮਤ ਨਾਲ ਸੱਤਾ ਵਿਚ ਆਈ ਸੀ। ਲੋਕਾਂ ਨੂੰ ਬਹੁਤ ਉਮੀਦ ਸੀ ਕਿ 10 ਸਾਲ ਤੱਕ ਅਕਾਲੀ-ਭਾਜਪਾ ਦੇ ਰਾਜ ਵਿਚ ਜੋ ਸੂਬਾ ਪਹਿਲੇ ਨੰਬਰ ਤੋਂ 19ਵੇਂ ਨੰਬਰ 'ਤੇ ਪਹੁੰਚ ਗਿਆ ਸੀ ਉਸ ਦੇ ਚੰਗੇ ਦਿਨ ਦੁਬਾਰਾ ਪਰਤਣਗੇ। ਸੂਬੇ ਦੀ ਜਨਤਾ ਖੁਸ਼ਹਾਲ ਹੋਵੇਗੀ ਤੇ ਸੂਬਾ ਵਿਕਾਸ ਦੇ ਰਸਤੇ 'ਤੇ ਦੁਬਾਰਾ ਦੌੜੇਗਾ। ਸੂਬੇ ਦੇ ਨੌਜਵਾਨਾਂ ਨੂੰ ਨੌਕਰੀ ਦੀ ਉਮੀਦ ਜਾਗੀ ਸੀ ਤੇ ਨਾਲ ਹੀ ਨੌਜਵਾਨਾਂ ਨੂੰ ਸਮਾਰਟ ਫੋਨ ਮਿਲਣ ਦੀ ਉਮੀਦ ਸੀ ਪਰ ਪਿਛਲੇ 21 ਮਹੀਨਿਆਂ ਵਿਚ ਕੁਝ ਵੀ ਨਹੀਂ ਹੋ ਸਕਿਆ। ਕਾਂਗਰਸ ਸਰਕਾਰ ਜਨਤਾ ਦੀਆਂ ਉਮੀਦਾਂ 'ਤੇ ਪੂਰੀ ਨਹੀਂ ਉਤਰ ਸਕੀ। ਨਾ ਤਾਂ ਘਰ-ਘਰ ਨੌਕਰੀ ਦਾ ਵਾਅਦਾ ਪੂਰਾ ਹੋ ਸਕਿਆ ਤੇ ਨਾ ਹੀ ਕਿਸੇ ਨੂੰ ਸਮਾਰਟ ਫੋਨ ਹੀ ਮਿਲਿਆ। ਜਨਤਾ ਤਾਂ ਹੁਣ ਸੂਬੇ ਦੇ ਵਿੱਤ ਮੰਤਰੀ ਦੇ ਝੂਠੇ ਵਾਅਦਿਆਂ ਤੋਂ ਪ੍ਰੇਸ਼ਾਨ ਰਹਿਣ ਲੱਗੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸਰਕਾਰ ਦਾ ਹਰ ਮੰਤਰੀ ਝੂਠੇ ਦਾਅਵੇ ਕਰ ਰਿਹਾ ਹੈ ਤੇ ਸਰਕਾਰ ਵੀ ਹੌਲੀ ਹੌਲੀ ਆਪਣਾ ਵਿਸ਼ਵਾਸ ਗੁਆਉਣ ਲੱਗੀ ਹੈ।
ਆਪਸੀ ਲੜਾਈ 'ਚ ਹੀ ਉਲਝ ਕੇ ਰਹਿ ਗਈ ਕਾਂਗਰਸ : ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਕੁਝ ਵੀ ਚੰਗਾ ਨਹੀਂ ਹੋ ਰਿਹਾ। ਜਨਤਕ ਹਿੱਤ ਦੀ ਗੱਲ ਕਰਨ ਦੀ ਬਜਾਏ ਸਰਕਾਰ ਆਪਸੀ ਲੜਾਈ ਵਿਚ ਹੀ ਉਲਝ ਕੇ ਰਹਿ ਗਈ ਹੈ। ਇਕ ਪਾਸੇ ਮੁੱਖ ਮੰਤਰੀ ਦੀ ਸਿਹਤ ਠੀਕ ਨਾ ਹੋਣ ਕਾਰਨ ਕੈਬਨਿਟ ਮੀਟਿੰਗ ਵਿਚ ਕੋਈ ਫੈਸਲਾ ਨਹੀਂ ਹੋ ਪਾ ਰਿਹਾ ਤੇ ਦੂਜੇ ਪਾਸੇ ਸਿੱਧੂ ਦੀ ਵੱਧਦੀ ਲੋਕਪ੍ਰਿਅਤਾ ਦੇ ਡਰ ਨਾਲ ਕੈਪਟਨ ਸਰਕਾਰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੌ ਵਾਰ ਸੋਚ ਰਹੀ ਹੈ।