ਪਟਿਆਲਾ ਦੇ ਲੋਕਾਂ ਲਈ ਚੰਗੀ ਖਬਰ, ਕਾਂਗਰਸ ਸਰਕਾਰ ਨੇ ਵਿਕਾਸ ਕਾਰਜਾਂ ਦੀ ਕੀਤੀ ਸ਼ੁਰੂਆਤ

11/18/2017 4:57:40 PM

ਪਟਿਆਲਾ (ਇੰਦਰਜੀਤ ਬਕਸ਼ੀ) — ਸ਼ਾਹੀ ਸ਼ਹਿਰ ਪਟਿਆਲਾ ਲਈ ਇਕ ਚੰਗੀ ਖਬਰ ਹੈ। ਪਟਿਆਲਾ ਸ਼ਹਿਰ ਦੀ ਹਾਲਤ ਸੁਧਾਰਨ ਲਈ ਕਾਂਗਰਸ ਸਰਕਾਰ ਵਲੋਂ ਸਿਰਫ ਸੜਕਾਂ ਦੀ ਹਾਲਤ ਸੁਧਾਰਨ ਲਈ 40 ਕਰੋੜ ਰੁਪਏ ਦੇ ਕੰਮ 28 ਤਾਰੀਕ ਤੋਂ ਸ਼ੁਰੂ ਕੀਤੇ ਜਾ ਰਹੇ ਹਨ। ਇਸ ਦੀ ਸ਼ੁਰੂਆਤ ਸ਼ਨੀਵਾਰ ਪਟਿਆਲਾ ਤੋਂ ਸਨੌਰ ਰੋਡ, ਪਟਿਆਲਾ ਦੇਵੀਗੜ੍ਹ ਰੋਡ, ਨਾਰਥਨ ਬਾਈਪਾਸ ਦੀਆਂ ਸੜਕਾਂ ਦੇ ਪੈਚ ਵਰਕ ਦੇ ਕੰਮ ਦਾ ਉਦਘਾਟਨ ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਕੀਤਾ।
ਇਸ ਸੰਬੰਧ 'ਚ ਮਹਾਰਾਨੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਪਟਿਆਲਾ ਜ਼ਿਲੇ ਅੰਦਰ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਵਾਉਣ ਜਾ ਰਹੀ ਹੈ। ਇਸ ਕੜੀ 'ਚ ਉਹ ਪਟਿਆਲਾ ਸਨੌਰ ਰੋਡ 'ਤੇ ਰੋਡ ਦੇ ਕੰਮ ਦਾ ਉਦਘਾਟਨ ਕਰਨ ਲਈ ਆਏ ਸਨ, ਇਸ ਦੇ ਨਾਲ ਹੀ ਪਟਿਆਲਾ ਨਾਰਥਨ ਬਾਈਪਾਸ ਤੇ ਪਟਿਆਲਾ ਦੇਵੀਗੜ੍ਹ ਰੋਡ ਨੂੰ ਦਰੁਸਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਉਥੇ ਹੀ ਢਾਈ ਕਰੋੜ ਰੁਪਏ ਦਾ ਕੰਮ ਨੈਸ਼ਨਲ ਹਾਈਵੇਅ ਦੇ ਲਈ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਲਕੇ ਸਨੌਰ ਦੀ ਸੜਕ ਦੀ ਹਾਲਤ ਖਰਾਬ ਹੋਣ ਕਾਰਨ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੇ ਹਲਕੇ ਦੀਆਂ ਮੁਸ਼ਕਲਾਂ ਦੱਸੀਆਂ ਸਨ, ਜਿਸ 'ਤੇ ਤੁਰੰਤ ਫੈਸਲਾ ਲੈਂਦੇ ਹੋਏ ਸੜਕਾਂ ਲਈ ਫੰਡ ਜਾਰੀ ਕੀਤਾ ਗਿਆ ਹੈ।


Related News