ਲੰਮੇ ਰੇੜਕੇ ਤੋਂ ਬਾਅਦ ਕਾਂਗਰਸ ਨੂੰ ਮਿਲੀ ਫ਼ਰੀਦਕੋਟ ਦੀ 'ਪ੍ਰਧਾਨਗੀ'
Wednesday, Feb 20, 2019 - 12:15 PM (IST)
ਫਰੀਦਕੋਟ (ਜਗਤਾਰ) : ਕਈ ਮਹੀਨਿਆਂ ਦੀ ਕਸ਼ਮਕਸ਼ ਤੋਂ ਬਾਅਦ ਅੱਜ ਸੱਤਾਧਾਰੀ ਪਾਰਟੀ ਵਲੋਂ ਅਮਰ ਕੁਮਾਰ ਬੀਨੂੰ ਨੂੰ ਨਗਰ ਕੌਂਸਲ ਫਰੀਦਕੋਟ ਦਾ ਪ੍ਰਧਾਨ ਚੁਣ ਲਿਆ ਗਿਆ ਹੈ। 25 ਮੈਂਬਰਾਂ ਵਾਲੀ ਫਰੀਦਕੋਟ ਨਗਰ ਕੌਂਸਲ ਦਾ ਮੌਜੂਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਸੀ ਜਿਸ ਨੂੰ ਬਰਖਾਸਤ ਕੀਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਅਮਰ ਕੁਮਾਰ ਬੀਨੂੰ ਨੂੰ ਬਣਿਆ ਗਿਆ। ਦੂਜੇ ਪਾਸੇ ਬਰਖਾਸਤ ਪ੍ਰਧਾਨ ਸ਼੍ਰੀਮਤੀ ਉਮਾ ਗਰੋਵਰ ਆਪਣੀ ਬਰਖਾਸਤਗੀ ਅਤੇ ਨਵੀਂ ਚੋਣ ਦੇ ਵਿਰੋਧ |ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਗਏ ਹਨ।
ਜ਼ਿਕਰਯੋਗ ਹੈ ਕਿ ਫ਼ਰੀਦਕੋਟ ਨਗਰ ਕੌਂਸਲ ਦੀ ਪ੍ਰਧਾਨਗੀ 2013 ਵਿਚ ਅਕਾਲੀ ਦਲ ਦੀ ਧੜੇਬੰਦੀ ਦੀ ਸ਼ਿਕਾਰ ਹੋਈ ਸੀ, ਉਸ ਸਮੇਂ ਅਮਰ ਕੁਮਾਰ ਬੀਨੂੰ ਪ੍ਰਧਾਨਗੀ ਦਾ ਉਮੀਦਵਾਰ ਸੀ ਜੋ ਸਾਬਕਾ ਐੱਮ. ਐੱਲ. ਏ. ਦੀਪ ਮਲਹੋਤਰਾ ਵਲੋਂ ਸੀ ਅਤੇ ਦੂਜੇ ਪਾਸੇ ਪਰਮਬੰਸ ਬੰਟੀ ਰੋਮਾਣਾ ਵਲੋਂ ਉਮਾ ਗਰੋਵਰ ਪ੍ਰਧਾਨਗੀ ਦੀ ਦੌੜ ਵਿਚ ਸੀ। ਅਕਾਲੀ ਦਲ ਦੀ ਆਪਸੀ ਧੜੇਬੰਦੀ ਕਰਨ ਪ੍ਰਧਾਨਗੀ ਦੀ ਪਹਿਲੀ ਚੋਣ ਦੌਰਾਨ ਹੰਗਾਮਾ ਹੋਣ ਤੇ ਪੁਲਸ ਵਲੋਂ ਲਾਠੀਚਾਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੂਜੀ ਚੋਣ ਦੌਰਾਨ ਉਮਾ ਗਰੋਵਰ ਨੂੰ ਪ੍ਰਧਾਨਗੀ ਮਿਲੀ ਸੀ।
2017 ਵਿਚ ਪੰਜਾਬ ਸਰਕਾਰ ਬਦਲਣ 'ਤੇ ਕਾਂਗਰਸ ਵਲੋਂ ਨਗਰ ਕੌਂਸਲ ਦਾ ਪ੍ਰਧਾਨ ਬਦਲਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਅਤੇ ਲਗਭਗ 6 ਮਹੀਨੇ ਪਹਿਲਾਂ ਪ੍ਰਧਾਨਗੀ ਦਾ ਰੇੜਕਾ ਪਿਆ ਪਰ ਅਕਾਲੀ ਦਲ ਦੀ ਪ੍ਰਧਾਨ ਵਲੋਂ ਮਾਨਯੋਗ ਅਦਾਲਤ ਦਾ ਸਹਾਰਾ ਲਿਆ ਗਿਆ। ਹੁਣ ਲੰਮਾ ਰੇੜਕਾ ਚੱਲਣ ਤੋਂ ਬਾਅਦ ਕਾਂਗਰਸ ਨੇ ਫਰੀਦਕੋਟ ਨਗਰ ਕੌਂਸਲ ਦੀ ਪ੍ਰਧਾਨਗੀ 'ਤੇ ਕਬਜ਼ਾ ਕਰ ਲਿਆ ਹੈ।
