ਹੈਨਰੀ ਦੀ ਗ੍ਰਾਂਟ ’ਚ ਗਬਨ ਦੇ ਦੋਸ਼ੀ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਦਾ ਨਾਂ ਇਕ ਹੋਰ FIR ’ਚ ਜੁੜਿਆ
Friday, Dec 23, 2022 - 12:58 PM (IST)
ਜਲੰਧਰ (ਖੁਰਾਣਾ)– ਪਿਛਲੇ 5 ਸਾਲ ਪੰਜਾਬ ’ਤੇ ਕਾਬਜ਼ ਰਹੀ ਕਾਂਗਰਸ ਸਰਕਾਰ ਨੇ ਪੰਜਾਬ ਨਿਰਮਾਣ ਪ੍ਰੋਗਰਾਮ ਤਹਿਤ ਆਪਣੇ ਵਿਧਾਇਕਾਂ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਸਨ ਤਾਂਕਿ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਨ੍ਹਾਂ ਗ੍ਰਾਂਟਾਂ ਦਾ ਚੋਣਾਵੀ ਫਾਇਦਾ ਉਠਾਇਆ ਜਾ ਸਕੇ। ਵਧੇਰੇ ਵਿਧਾਇਕਾਂ ਨੇ ਇਨ੍ਹਾਂ ਗ੍ਰਾਂਟਾਂ ਦੀ ਗਲਤ ਵਰਤੋਂ ਕੀਤੀ, ਜਿਸ ਦੀ ਜਾਂਚ ਅਜੇ ਤੱਕ ਜਾਰੀ ਹੈ ਪਰ ਜਲੰਧਰ ਉੱਤਰੀ ਵਿਧਾਨ ਸਭਾ ਹਲਕੇ ਦੇ ਤਤਕਾਲੀ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਨੂੰ ਮਿਲੀ ਕਰੋੜਾਂ ਰੁਪਏ ਦੀ ਗ੍ਰਾਂਟ ਵਿਚ ਗਬਨ ਕਰਨ ਦੇ ਲਗਭਗ 6 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚ ਗ੍ਰਾਂਟ ਦੀ ਰਕਮ 60 ਲੱਖ ਰੁਪਏ ਹੈ।
ਉੱਤਰੀ ਹਲਕੇ ਦੀਆ ਵੱਖ-ਵੱਖ ਕਾਲੋਨੀਆਂ ਨੂੰ ਮਿਲੀ ਗ੍ਰਾਂਟ ਵਿਚ ਕਥਿਤ ਗਬਨ ਬਾਰੇ ਭਾਜਪਾ ਆਗੂ ਕੇ. ਡੀ. ਭੰਡਾਰੀ ਨੇ ਜਦੋਂ ਪ੍ਰਸ਼ਾਸਨ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਏ. ਡੀ. ਸੀ. ਪੱਧਰ ਦੇ ਇਕ ਅਧਿਕਾਰੀ ਨੇ ਇਸ ਦੀ ਵਿਸਤ੍ਰਿਤ ਜਾਂਚ ਕਰਨ ਤੋਂ ਬਾਅਦ 6 ਗ੍ਰਾਂਟਾਂ ਵਿਚ ਵੱਡੀ ਗੜਬੜੀ ਫੜੀ, ਜਿਸ ਦੇ ਆਧਾਰ ’ਤੇ ਪੁਲਸ ਡਿਵੀਜ਼ਨ ਨੰਬਰ 8 ਵਿਚ ਅਗਸਤ ਮਹੀਨੇ ਦੇ ਸ਼ੁਰੂ ਵਿਚ 6 ਕੇਸ ਦਰਜ ਕਰ ਦਿੱਤੇ ਗਏ। ਇਨ੍ਹਾਂ ਕੇਸਾਂ ਵਿਚ ਕਾਂਗਰਸੀ ਕੌਂਸਲਰ ਸੁਸ਼ੀਲ ਕਾਲੀਆ ਵਿੱਕੀ, ਉਨ੍ਹਾਂ ਦੇ ਸਪੁੱਤਰ ਅੰਸ਼ੁਮਨ ਕਾਲੀਆ ਤੋਂ ਇਲਾਵਾ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਕਾਂਗਰਸੀ ਕੌਂਸਲਰ ਦੀਪਕ ਸ਼ਾਰਦਾ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਸਨ। ਵਿਧਾਇਕ ਹੈਨਰੀ ਦੀ ਗ੍ਰਾਂਟ ਵਿਚ ਗਬਨ ਦੇ ਮਾਮਲੇ ਵਿਚ 6 ਐੱਫ਼. ਆਈ. ਆਰ. ਦਰਜ ਹੋ ਜਾਣ ’ਤੇ ਸਿਆਸੀ ਹਲਕਿਆਂ ਵਿਚ ਹੜਕੰਪ ਮਚ ਗਿਆ ਸੀ ਪਰ ਜਲੰਧਰ ਪੁਲਸ ਦੇ ਢਿੱਲੇ ਰਵੱਈਏ ਕਾਰਨ ਅਜੇ ਤੱਕ ਇਸ ਮਾਮਲੇ ਵਿਚ ਜ਼ਿਆਦਾ ਤਰੱਕੀ ਨਹੀਂ ਹੋਈ। ਹੁਣ ਪਤਾ ਲੱਗਾ ਹੈ ਕਿ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਦਾ ਨਾਂ ਇਕ ਹੋਰ ਗ੍ਰਾਂਟ ਵਿਚ ਗਬਨ ਦੇ ਮਾਮਲੇ ਵਿਚ ਜੁੜ ਗਿਆ ਹੈ, ਜੋ ਇੰਡਸਟਰੀਅਲ ਏਰੀਆ ਪਾਰਕ ਨੂੰ ਲੈ ਕੇ ਵਿਧਾਇਕ ਬਾਵਾ ਹੈਨਰੀ ਵੱਲੋਂ ਜਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਫੜੇ ਗਏ ਦੋਸ਼ੀਆਂ ਨੂੰ ਲੈ ਕੇ ਪੰਜਾਬ DGP ਗੌਰਵ ਯਾਦਵ ਦਾ ਹੁਣ ਤੱਕ ਦਾ ਵੱਡਾ ਖ਼ੁਲਾਸਾ
ਪਹਿਲਾਂ ਇਸ ਗਬਨ ਸਬੰਧੀ ਹੋਈ ਐੱਫ਼. ਆਈ. ਆਰ. ਨੰਬਰ 202 ਵਿਚ ਸਿਰਫ਼ ਕ੍ਰਿਕਟ ਕੋਚ ਰਾਕੇਸ਼ ਮਲਹੋਤਰਾ (ਗੁੱਡੂ) ਦਾ ਨਾਂ ਸ਼ਾਮਲ ਸੀ ਪਰ ਗੁੱਡੂ ਮਲਹੋਤਰਾ ਵੱਲੋਂ ਪੁਲਸ ਕੋਲ ਜਾ ਕੇ ਬਿਆਨ ਦਰਜ ਕਰਵਾ ਦਿੱਤੇ ਗਏ ਕਿ ਉਨ੍ਹਾਂ ਦਾ ਇਸ ਮਾਮਲੇ ਜਾਂ ਗ੍ਰਾਂਟ ਨਾਲ ਕੋਈ ਲੈਣਾ-ਦੇਣਾ ਨਹੀਂ। ਜਦੋਂ ਤੱਕ ਉਹ ਵਿਦੇਸ਼ ਵਿਚ ਸਨ, ਉਦੋਂ ਉਨ੍ਹਾਂ ਨੂੰ ਸੋਸਾਇਟੀ ਦਾ ਅਚਾਨਕ ਪ੍ਰਧਾਨ ਬਣਾ ਦਿੱਤਾ ਗਿਆ ਅਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ’ਤੇ ਗ੍ਰਾਂਟ ਪ੍ਰਾਪਤ ਕਰਨ ਵਿਚ ਕੌਂਸਲਰ ਵਿੱਕੀ ਕਾਲੀਆ ਅਤੇ ਉਨ੍ਹਾਂ ਦੇ ਸਪੁੱਤਰ ਅੰਸ਼ੁਮਨ ਕਾਲੀਆ ਦੀ ਹੀ ਭੂਮਿਕਾ ਰਹੀ, ਜਿਹੜੇ ਇਸ ਮਾਮਲੇ ਵਿਚ ਯੂਕੋ ਬੈਂਕ ਦਾ ਖਾਤਾ ਵੀ ਆਪ੍ਰੇਟ ਕਰਦੇ ਸਨ। ਪਤਾ ਲੱਗਾ ਹੈ ਕਿ ਜਲੰਧਰ ਪੁਲਸ ਵਿਚ ਏ. ਸੀ. ਪੀ. ਲੈਵਲ ਦੇ ਇਕ ਅਧਿਕਾਰੀ ਵੱਲੋਂ ਗ੍ਰਾਂਟ ਵਿਚ ਗਬਨ ਦੇ ਇਸ ਮਾਮਲੇ ਵਿਚ ਰਾਕੇਸ਼ ਮਲਹੋਤਰਾ (ਗੁੱਡੂ) ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਦੌਰਾਨ ਉਨ੍ਹਾਂ ਦੀ ਬੇਗੁਨਾਹੀ ਦੇ ਕਈ ਸਬੂਤ ਸਾਹਮਣੇ ਆ ਰਹੇ ਹਨ। ਇਸੇ ਕਾਰਨ ਹੁਣ ਇਸ ਕੇਸ ਵਿਚ ਕੌਂਸਲਰ ਵਿੱਕੀ ਕਾਲੀਆ ਅਤੇ ਉਨ੍ਹਾਂ ਦੇ ਬੇਟੇ ਅੰਸ਼ੁਮਨ ਕਾਲੀਆ ਦਾ ਨਾਂ ਵੀ ਜੋੜਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਕੌਂਸਲਰ ਵਿੱਕੀ ਕਾਲੀਆ ਇਸ ਕੇਸ ਵਿਚ ਅਦਾਲਤ ਤੋਂ ਜ਼ਮਾਨਤ ਲੈਣ ਦੇ ਯਤਨ ਕਰ ਚੁੱਕੇ ਹਨ ਅਤੇ ਇਸ ਮਾਮਲੇ ਦੀ 4-5 ਵਾਰ ਸੁਣਵਾਈ ਤੱਕ ਹੋ ਚੁੱਕੀ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲੀ।
ਵਿਆਹ-ਸ਼ਾਦੀ ਵਿਚ ਦਿਸੇ ਕੌਂਸਲਰ ਵਿੱਕੀ ਕਾਲੀਆ ਪਰ ਪੁਲਸ ਬੇਖਬਰ
ਐੱਫ਼. ਆਈ. ਆਰ. ਨੰਬਰ 202 ਵਿਚ ਨਾਂ ਆਉਣ ਤੋਂ ਬਾਅਦ ਕੌਂਸਲਰ ਵਿੱਕੀ ਕਾਲੀਆ ਅਤੇ ਉਨ੍ਹਾਂ ਦਾ ਸਪੁੱਤਰ ਅੰਸ਼ੁਮਨ ਕਾਲੀਆ ਅੰਡਰਗਰਾਊਂਡ ਹੀ ਚੱਲ ਰਹੇ ਹਨ ਕਿਉਂਕਿ ਇਸ ਮਾਮਲੇ ਵਿਚ ਧਾਰਾ 409 ਅਤੇ 120-ਬੀ ਲੱਗੀ ਹੋਈ ਹੋਣ ਕਾਰਨ ਪੁਲਸ ਉਨ੍ਹਾਂ ਨੂੰ ਕਦੀ ਵੀ ਗ੍ਰਿਫ਼ਤਾਰ ਕਰ ਸਕਦੀ ਹੈ। ਅਜੇ ਇਸ ਕੇਸ ਵਿਚ ਕੌਂਸਲਰ ਵਿੱਕੀ ਕਾਲੀਆ ਦੀ ਜ਼ਮਾਨਤ ਵੀ ਨਹੀਂ ਹੋਈ ਹੈ ਪਰ ਉਹ ਅਕਸਰ ਵਿਆਹ-ਸ਼ਾਦੀਆਂ ਵਿਚ ਦੇਖੇ ਜਾ ਰਹੇ ਹਨ, ਜਿਸ ਪ੍ਰਤੀ ਜਲੰਧਰ ਪੁਲਸ ਬਿਲਕੁਲ ਬੇਖ਼ਬਰ ਹੈ। ਕੌਂਸਲਰ ਵਿੱਕੀ ਕਾਲੀਆ ਦੇ ਜਾਣਕਾਰ ਦੱਸਦੇ ਹਨ ਕਿ ਉਹ 1 ਅਗਸਤ ਤੋਂ ਹੀ ਅੰਡਰਗਰਾਊਂਡ ਚਲੇ ਆ ਰਹੇ ਹਨ। ਉਨ੍ਹਾਂ ਨੂੰ ਗਾਇਬ ਹੋਇਆਂ ਲਗਭਗ 5 ਮਹੀਨੇ ਹੋਣ ਵਾਲੇ ਹਨ ਅਤੇ ਇਸ ਦੌਰਾਨ ਉਨ੍ਹਾਂ ਕਈ ਵਾਰ ਆਪਣਾ ਰੂਪ ਤੱਕ ਬਦਲਿਆ। ਕਈ ਵਾਰ ਤਾਂ ਉਹ ਪੱਗੜੀਧਾਰੀ ਤੱਕ ਦਿਸੇ ਅਤੇ ਉਨ੍ਹਾਂ ਦਾੜ੍ਹੀ ਵੀ ਰੱਖੀ ਪਰ ਹੁਣ ਉਹ ਕਲੀਨਸ਼ੇਵ ਹਨ। ਹਾਲ ਹੀ ਵਿਚ ਇਕ ਪਰਿਵਾਰਕ ਮੈਂਬਰ ਦੇ ਵਿਆਹ ਵਿਚ ਉਹ ਸੂਟ-ਬੂਟ ਪਹਿਨ ਕੇ ਸ਼ਾਮਲ ਹੋਏ। ਵਿੱਕੀ ਕਾਲੀਆ ਦੇ ਵਿਆਹ ਸਮਾਰੋਹ ਵਿਚ ਮੌਜੂਦ ਰਹਿਣ ਸਬੰਧੀ ਵੀਡੀਓ ਕਲਿੱਪ ਪੂਰੇ ਸ਼ਹਿਰ ਵਿਚ ਵਾਇਰਲ ਹੋ ਰਿਹਾ ਹੈ।
ਇਹ ਵੀ ਪੜ੍ਹੋ : 26 ਜਨਵਰੀ ਨੂੰ ਜੇਲ੍ਹ 'ਚੋਂ ਬਾਹਰ ਆਉਣਗੇ ਨਵਜੋਤ ਸਿੱਧੂ, ਮੋਦੀ ਸਰਕਾਰ ਦੀ ਵਿਸ਼ੇਸ਼ ਗਾਈਡ ਲਾਈਨ ਬਣੇਗੀ ਮਦਦਗਾਰ
ਚਰਚਾ : ਜਲੰਧਰ ਪੁਲਸ ਅਜੇ ਵੀ ਕਾਂਗਰਸੀ ਆਗੂਆਂ ਦੇ ਦਬਾਅ ’ਚ
ਆਮ ਆਦਮੀ ਪਾਰਟੀ ਭਾਵੇਂ ਪੰਜਾਬ ਦੀ ਸੱਤਾ ’ਤੇ ਕਬਜ਼ਾ ਕਰ ਚੁੱਕੀ ਹੈ ਪਰ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਇਸ ਪਾਰਟੀ ਦਾ ਫਿਲਹਾਲ ਕੋਈ ਖਾਸ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ। ਅੱਜ ਵੀ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਸ ਨਾਲ ਜੁੜ਼ੇ ਲੋਕ ਕਾਂਗਰਸ ਜਾਂ ਹੋਰ ਪਾਰਟੀਆਂ ਦੇ ਆਗੂਆਂ ਦੇ ਹੀ ਜ਼ਿਆਦਾ ਕੰਮ ਕਰਨ ਨੂੰ ਅਹਿਮੀਅਤ ਦਿੰਦੇ ਹਨ। 60 ਲੱਖ ਦੀ ਸਰਕਾਰੀ ਗ੍ਰਾਂਟ ਵਿਚ ਗਬਨ ਦੇ 6 ਮਾਮਲਿਆਂ ਵਿਚ ਜਲੰਧਰ ਪੁਲਸ ਵੱਲੋਂ ਜਿਸ ਤਰ੍ਹਾਂ ਢਿੱਲੀ ਕਾਰਜਸ਼ੈਲੀ ਦਾ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਤੱਕ ਹੱਥ ਨਹੀਂ ਪਾਇਆ ਜਾ ਰਿਹਾ ਹੈ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਇਸ ਮਾਮਲੇ ਵਿਚ ਵੀ ਕਾਂਗਰਸੀ ਆਮ ਆਦਮੀ ਪਾਰਟੀ ਤੋਂ ਕਿਤੇ ਜ਼ਿਆਦਾ ਹਾਵੀ ਹਨ। ਕਾਂਗਰਸੀ ਕੌਂਸਲਰਪਤੀ ਰਵੀ ਸੈਣੀ ਦੇ ਮਾਮਲੇ ਵਿਚ ਵੀ ਜਲੰਧਰ ਪੁਲਸ ਨੇ ਜਿਸ ਤਰ੍ਹਾਂ ਕਾਂਗਰਸ ਦੇ ਦਬਾਅ ਵਿਚ ਆ ਕੇ ਕੰਮ ਕੀਤਾ, ਉਸ ਨਾਲ ਸ਼ਹਿਰ ਵਿਚ ਆਮ ਆਦਮੀ ਪਾਰਟੀ ਦੀ ਕਾਫ਼ੀ ਫਜ਼ੀਹਤ ਹੋਈ ਸੀ।
ਇਹ ਵੀ ਪੜ੍ਹੋ : ਸਾਹਿਬਜ਼ਾਦਿਆਂ ਦੀ ਯਾਦ 'ਚ 26 ਦਸੰਬਰ ਨੂੰ ਮਨਾਇਆ ਜਾਵੇਗਾ 'ਵੀਰ ਬਾਲ ਦਿਵਸ', ਕਰਵਾਏ ਜਾਣਗੇ ਕੁਇਜ਼ ਮੁਕਾਬਲੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ