ਗੌਰਮਿੰਟ ਮੈਡੀਕਲ ਕਾਲਜ ਦੇ ਨਿਰਮਾਣ ਲਈ ਜਗ੍ਹਾ ਦੀ ਚੋਣ ਵਾਸਤੇ ਕਮੇਟੀ ਗਠਿਤ
Sunday, Apr 08, 2018 - 02:15 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)—ਪੰਜਾਬ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਬਰਨਾਲਾ ਵਿਖੇ ਗੌਰਮਿੰਟ ਮੈਡੀਕਲ ਕਾਲਜ ਬਣਾਉਣ ਲਈ ਪੰਜਾਬ ਸਰਕਾਰ ਦੇ ਪਿੰ੍ਰਸੀਪਲ ਸੈਕਟਰੀ ਮੈਡੀਕਲ ਐਜੂਕੇਸ਼ਨ ਅਤੇ ਰਿਸਰਚਰ ਸੰਜੇ ਗੁਪਤਾ ਆਈ. ਏ. ਐੈੱਸ. ਨੇ ਪਿੰ੍ਰਸੀਪਲ ਮੈਡੀਕਲ ਕਾਲਜ ਪਟਿਆਲਾ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਦੀ ਅਗਵਾਈ ਵਿਚ ਟੀਮ ਗਠਿਤ ਕੀਤੀ ਹੈ। ਇਹ ਟੀਮ ਬਰਨਾਲਾ ਵਿਖੇ ਗੌਰਮਿੰਟ ਮੈਡੀਕਲ ਕਾਲਜ ਬਣਾਉਣ ਲਈ ਜਗ੍ਹਾ ਦੀ ਚੋਣ ਕਰੇਗੀ। ਅੱਜ ਇਸ ਟੀਮ ਨੇ ਪਿੰਡ ਬਡਬਰ ਵਿਖੇ ਵਕਫ ਬੋਰਡ ਦੀ 288 ਕਨਾਲ 16 ਮਰਲੇ ਜ਼ਮੀਨ ਦਾ ਸਰਵੇ ਕੀਤਾ। ਢਿੱਲੋਂ ਨੇ ਕਿਹਾ ਕਿ ਬਰਨਾਲਾ ਜ਼ਿਲੇ 'ਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।
'ਜਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਧਨੌਲਾ ਰੋਡ ਅਤੇ ਬੱਸ ਸਟੈਂਡ ਦੇ ਮੁੱਦੇ 'ਤੇ ਕੁਝ ਲੋਕਾਂ ਵੱਲੋਂ ਗੁੰਮਰਾਹ ਕੀਤਾ ਜਾ ਰਿਹਾ ਹੈ। ਧਨੌਲਾ ਰੋਡ ਦੇ ਨਿਰਮਾਣ ਦਾ ਕੰਮ ਇਸ ਮਹੀਨੇ ਦੇ ਅਖੀਰ ਤੱਕ ਸ਼ੁਰੂ ਹੋ ਜਾਵੇਗਾ, ਇਹ ਮੇਰਾ ਹਲਕੇ ਦੇ ਲੋਕਾਂ ਨਾਲ ਵਾਅਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਜੋ ਵੀ ਸ਼ਹਿਰ ਵਾਸੀਆਂ ਨਾਲ ਵਾਅਦਾ ਕੀਤਾ ਗਿਆ ਸੀ, ਉਸ ਨੂੰ ਮੈਂ ਪੂਰਾ ਕੀਤਾ ਹੈ। ਇਸੇ ਤਰ੍ਹਾਂ ਬੱਸ ਸਟੈਂਡ ਦੇ ਮੁੱਦੇ 'ਤੇ ਵੀ ਕੁਝ ਲੋਕ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਮੁੱਦੇ 'ਤੇ ਇਲਾਕਾ ਵਾਸੀਆਂ ਦੀ ਸਲਾਹ ਲਈ ਜਾਵੇਗੀ। ਜੋ ਲੋਕ ਕਹਿਣਗੇ, ਉਨ੍ਹਾਂ ਮੁਤਾਬਿਕ ਹੀ ਬੱਸ ਸਟੈਂਡ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਇਕ ਮੀਤ ਹੇਅਰ ਦਾ ਵਿਧਾਨ ਸਭਾ 'ਚ ਇਹ ਕਹਿਣਾ ਗ਼ਲਤ ਹੈ ਕਿ ਸਾਨੂੰ ਬੱਸ ਸਟੈਂਡ ਦੀ ਲੋੜ ਨਹੀਂ। ਸਾਡੀ ਜਗ੍ਹਾ ਕਿਸੇ ਹੋਰ ਨੂੰ ਨਵਾਂ ਬੱਸ ਸਟੈਂਡ ਦੇ ਦਿਓ। ਜੇਕਰ ਇਸੇ ਤਰ੍ਹਾਂ ਨਾਲ ਹੀ ਅਸੀਂ ਮੁੱਖ ਮੰਤਰੀ ਵੱਲੋਂ ਦਿੱਤੀਆਂ ਗਈਆਂ ਸਹੂਲਤਾਂ ਨੂੰ ਵਾਪਸ ਕਰਦੇ ਰਹੇ ਤਾਂ ਬਰਨਾਲਾ ਵਿਖੇ ਨਵੇਂ ਪ੍ਰਾਜੈਕਟ ਕਿਵੇਂ ਆਉਣਗੇ।
