ਕਾਂਗਰਸ ਲਈ ਇਕ ਹੋਰ ਖ਼ਤਰੇ ਦੀ ਘੰਟੀ, ਟਿਕਟ ਨਾ ਮਿਲਣ ’ਤੇ ‘ਆਪ’ ’ਚੋਂ ਆਏ ਵਿਧਾਇਕ ਕਰ ਸਕਦੇ ਨੇ ਬਗਾਵਤ
Sunday, Jan 16, 2022 - 10:20 PM (IST)
ਲੁਧਿਆਣਾ (ਹਿਤੇਸ਼) : ਇਕ ਪਾਸੇ ਜਿੱਥੇ ਕਾਂਗਰਸ ਵਲੋਂ ਉਮੀਦਵਾਰਾਂ ਦਾ ਐਲਾਨ ਕਰਨ ਤੋਂ ਪਹਿਲਾਂ ਹੀ ਕਈ ਮੌਜੂਦਾ ਵਿਧਾਇਕ ਅਤੇ ਵੱਡੇ ਆਗੂ ਭਾਜਪਾ, ਅਕਾਲੀ ਦਲ, ਆਮ ਆਦਮੀ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਪੱਲਾ ਫੜ ਚੁੱਕੇ ਹਨ, ਉਥੇ ਹੀ ਪਹਿਲੀ ਸੂਚੀ ਜਾਰੀ ਹੋਣ ਤੋਂ ਬਾਅਦ ਕਾਂਗਰਸ ਨੂੰ ਅੰਗੂਠਾ ਦਿਖਾਉਣ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਜਿਨ੍ਹਾਂ ਵਿਚ ਮੁੱਖ ਰੂਪ ਤੋਂ ਆਮ ਆਦਮੀ ਪਾਰਟੀ ਤੋਂ ਆਏ ਵਿਧਾਇਕਾਂ ਦੀ ਚਰਚਾ ਹੋ ਰਹੀ ਹੈ ਕਿਉਂਕਿ ਕਾਂਗਰਸ ਵਲੋਂ ‘ਆਪ’ ਦੇ ਵਿਧਾਇਕ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਭੁਲੱਥ ਤੇ ਬਠਿੰਡਾ ਦੇਹਾਤੀ ਤੋਂ ਵਿਧਾਇਕ ਰੁਪਿੰਦਰ ਰੂਬੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਤੋਂ ਆਏ ਕਿਸੇ ਵਿਧਾਇਕ ਨੂੰ ਟਿਕਟ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਅਕਾਲੀ ਆਗੂ ਬਿਕਰਮ ਮਜੀਠੀਆ ਖ਼ਿਲਾਫ਼ ਇਕ ਹੋਰ ਮਾਮਲਾ ਦਰਜ
ਇਨ੍ਹਾਂ ਵਿਚ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਦੀ ਜਗ੍ਹਾ ਸਿੱਧੂ ਮੂਸੇਵਾਲਾ, ਰਾਏਕੋਟ ਤੋਂ ਜਗਤਾਰ ਜੱਗਾ ਦੀ ਜਗ੍ਹਾ ਕਾਮਿਲ ਅਮਰ ਸਿੰਘ ਅਤੇ ਮੌੜ ਤੋਂ ਜਗਦੇਵ ਸਿੰਘ ਕਮਾਲੂ ਦੀ ਜਗ੍ਹਾ ਮੰਜੂ ਬਾਂਸਲ ਨੂੰ ਟਿਕਟ ਦਿੱਤੀ ਗਈ ਹੈ। ਹਾਲਾਂਕਿ ‘ਆਪ’ ਤੋਂ ਹੀ ਵਿਧਾਇਕ ਭਦੌੜ ਤੋਂ ਪਿਰਮਲ ਖਾਲਸਾ ਤੇ ਜੈਤੋਂ ਦੇ ਮਾਸਟਰ ਬਲਦੇਵ ਸਿੰਘ ਦੀ ਜਗ੍ਹਾ ਅਜੇ ਕਿਸੇ ਨੂੰ ਟਿਕਟ ਨਹੀਂ ਦਿੱਤੀ ਗਈ ਹੈ। ਇਸੇ ਤਰ੍ਹਾਂ ਜਗਤਾਰ ਜੱਗਾ ਨੂੰ ਜਗਰਾਓਂ ਜਾਂ ਗਿੱਲ ਤੋਂ ਟਿਕਟ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਸਿੱਧੂ ’ਤੇ ਭਾਰੀ ਪਿਆ ਹਾਈਕਮਾਨ, ਪਹਿਲੀ ਸੂਚੀ ’ਚ ਹੀ ਵਿਰੋਧੀ ਕੀਤੇ ਚਾਰੋ ਖਾਨੇ ਚਿੱਤ
ਸੂਤਰਾਂ ਅਨੁਸਾਰ ਇਹ ਸਾਰੇ ਵਿਧਾਇਕ ਕਾਂਗਰਸ ਦੀ ਦੂਜੀ ਸੂਚੀ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਜੇ ਉਨ੍ਹਾਂ ਨੂੰ ਐਡਜਸਟ ਨਹੀਂ ਕੀਤਾ ਗਿਆ ਤਾਂ ਉਹ ਖੇਮਾ ਬਦਲ ਸਕਦੇ ਹਨ। ਇਥੇ ਦੱਸਣਾ ਠੀਕ ਹੋਵੇਗਾ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਸੀਟਾਂ ’ਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਲੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਹਨ, ਜਿਸ ਦੇ ਚੱਲਦੇ ਉਕਤ ਵਿਧਾਇਕਾਂ ਕੋਲ ਵਾਪਸ ‘ਆਪ’ ਜਾਂ ਅਕਾਲੀ ਦਲ ਵਿਚ ਜਾਣ ਦਾ ਬਦਲ ਨਹੀਂ ਹੈ। ਇਸ ਹਾਲਾਤ ਵਿਚ ਇਹ ਵਿਧਾਇਕ ਆਪਣਾ ਸਿਆਸੀ ਭਵਿੱਖ ਬਚਾਉਣ ਲਈ ਭਾਜਪਾ ਜਾਂ ਕੈਪਟਨ ਦੀ ਪਾਰਟੀ ਵਿਚ ਜਾਣ ਦਾ ਰਸਤਾ ਲੱਭ ਸਕਦੇ ਹਨ।
ਇਹ ਵੀ ਪੜ੍ਹੋ : ਸਿੱਧੂ ਮੂਸੇ ਵਾਲੇ ਨੂੰ ਟਿਕਟ ਮਿਲਣ ’ਤੇ ਕਾਂਗਰਸ ’ਚ ਬਗਾਵਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?