ਇਕ ਤੀਰ ਨਾਲ 3 ਨਿਸ਼ਾਨੇ, ਕਾਂਗਰਸ ਨੇ ਸੱਦੀਆਂ ਵੱਡੀਆਂ ਹਸਤੀਆਂ
Saturday, Nov 24, 2018 - 04:09 PM (IST)

ਕਪੂਰਥਲਾ— ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਰੱਖੇ ਗਏ ਇਕ ਸਮਾਗਮ 'ਚ ਕਾਂਗਰਸ ਵੱਲੋਂ ਇਕ ਤੀਰ ਨਾਲ 3 ਨਿਸ਼ਾਨੇ ਲਗਾਏ ਗਏ। ਸਮਾਗਮ 'ਚ ਇਕ ਪਾਸੇ ਜਿੱਥੇ ਵੱਖ-ਵੱਖ ਜ਼ਿਲਿਆਂ ਤੋਂ ਵਿਧਾਇਕ ਆਪਣੇ ਕਾਫਿਲੇ ਲੈ ਕੇ ਪਹੁੰਚੇ, ਉਥੇ ਹੀ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੁਲਾ ਕੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਸਮਾਗਮਾਂ ਦੀ ਸ਼ੁਰੂਆਤ ਕਰਵਾ ਕੇ 2019 ਦੀਆਂ ਲੋਕ ਸਭਾ ਚੋਣਾਂ 'ਚ ਸਿੱਖਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ 'ਚ ਮਨਮੋਹਨ ਸਿੰਘ ਦੇ ਚਿਹਰੇ ਨਾਲ ਕਾਂਗਰਸ ਨੂੰ ਇਨ੍ਹਾਂ ਚੋਣਾਂ 'ਚ ਵੱਧ ਤੋਂ ਵੱਧ ਪ੍ਰਭਾਵ ਮਿਲਣ ਦੀ ਸੰਭਾਵਨਾ ਹੈ। ਉਥੇ ਹੀ ਭਾਰਤ ਦੇ ਸਾਬਕਾ ਕ੍ਰਿਕਟਰ ਕਪਿਲ ਦੇਵ ਵੀ ਵਿਸ਼ਵ ਦੇ 100 ਗੁਰਦੁਆਰੇ ਸਾਹਿਬਾਂ 'ਤੇ ਕਿਤਾਬ ਰਿਲੀਜ਼ ਕਰਵਾਉਣ ਲਈ ਪਹੁੰਚੇ ਸਨ।
ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਕੈਬਨਿਟ ਅਤੇ ਵਿਧਾਇਕ ਪਹੁੰਚੇ ਸਨ ਪਰ ਉਹ ਮੰਤਰੀ ਇਸ ਸਮਾਗਮ 'ਚ ਪਹੁੰਚੇ ਹੀ ਨਹੀਂ, ਜਿਨ੍ਹਾਂ ਦੀ ਸਮਾਗਮ 'ਚ ਖੂਬ ਚਰਚਾ ਰਹੀ। ਸਮਾਗਮ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਗੈਰ-ਹਾਜ਼ਰ ਰਹੇ। ਇਸ ਦੌਰਾਨ ਕਰਤਾਰਪੁਰ ਕੋਰੀਡੋਰ ਖੋਲ੍ਹਣ ਨੂੰ ਲੈ ਕੇ ਖੂਬ ਚਰਚਾ ਕੀਤੀ ਗਈ। ਦੱਸ ਦੇਈਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਧਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਧਾਰਿਮਕ ਸਟੇਜ 'ਤੇ ਕਰਤਾਰਪੁਰ ਕੋਰੀਡੋਰ ਦਾ ਖੂਬ ਸਿਆਸੀ ਲਾਭ ਲਿਆ ਪਰ ਇਹ ਕੋਸ਼ਿਸ਼ ਕਿਵੇਂ ਉੱਠੀ, ਇਸ ਦਾ ਕਿਸੇ ਨੇ ਵੀ ਜ਼ਿਕਰ ਨਹੀਂ ਕੀਤਾ। ਨਵਜੋਤ ਸਿੰਘ ਸਿੱਧੂ ਸਮਾਗਮ 'ਚ ਸ਼ਾਮਲ ਨਹੀਂ ਸਨ। ਸਿੱਧੂ ਦਾ ਸਮਾਗਮ 'ਚ ਨਾ ਆਉਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ। ਅਜੇ ਕੁਝ ਹੀ ਦਿਨ ਪਹਿਲਾਂ ਸਿੱਧੂ ਵੱਲੋਂ ਸ਼ਤਾਬਦੀ ਕਮੇਟੀ 'ਚ ਉਪ ਚੇਅਰਮੈਨ ਨਾ ਲੈਣ 'ਤੇ ਖੂਬ ਚਰਚਾ ਹੋਈ ਸੀ।
ਚਰਚਾ ਇਹ ਵੀ ਹੈ ਕਿ ਕਪਿਲ ਦੇਵ ਨੂੰ ਪੰਜਾਬ 'ਚ ਕਿਤਾਬ ਲਾਂਚ ਕਰਨ ਦੇ ਪਿੱਛੇ ਵੀ ਸਿਆਸੀ ਮਾਇਨੇ ਹੋ ਸਕਦੇ ਹਨ। ਪੰਜਾਬ 'ਚ ਆਉਣ ਵਾਲੀਆਂ ਚੋਣਾਂ 'ਚ ਕਪਿਲ ਦੇਵ ਕਿਸੇ ਚਿਹਰੇ ਦੇ ਰੂਪ 'ਚ ਉਤਾਰ ਸਕਦੀ ਹੈ। ਉਥੇ ਹੀ ਆਮ ਆਦਮੀ ਪਾਰਟੀ ਨੂੰ ਛੱਡ ਚੁੱਕੇ ਸੁੱਚਾ ਸਿੰਘ ਛੋਟੇਪੁਰ ਵੀ ਇਸ ਸਮਾਗਮ 'ਚ ਪਹੁੰਚੇ ਸਨ। ਛੋਟੇਪੁਰ ਦੇ ਕਾਂਗਰਸ ਦੇ ਸੰਪਰਕ 'ਚ ਹੋਣ ਦੀ ਚਰਚਾ ਵੀ ਹੈ। ਇਸ ਦੌਰਾਨ ਛੋਟੇਪੁਰ ਦੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਵੀ ਹੋਈ। ਭਾਵੇਂ ਇਹ ਮੁਲਾਕਾਤ ਰਸਮੀ ਹੋ ਸਕਦੀ ਹੈ ਪਰ ਇਸ ਦੇ ਪਿੱਛੇ ਵੀ ਕਈ ਸਿਆਸੀ ਮਾਇਨੇ ਹੋ ਸਕਦੇ ਹਨ।