ਫੂਲਕਾ ਦੇ ਅਸਤੀਫੇ ਨਾਲ ਹੋਰ ਪਏਗਾ ਘਮਾਸਾਨ!

Saturday, Jul 28, 2018 - 06:31 AM (IST)

ਲੁਧਿਆਣਾ(ਮੁੱਲਾਂਪੁਰੀ)-ਪੰਜਾਬ ਵਿਧਾਨ ਸਭਾ ਦੇ ਹਲਕਾ ਦਾਖਾ ਤੋਂ 'ਆਪ' ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਮੀਡੀਆ 'ਚ ਤਾਜ਼ਾ ਬਿਆਨ ਦੇ ਕੇ 'ਆਪ' ਨੂੰ ਵੰਗਾਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ 'ਆਪ' ਨੇ ਕਾਂਗਰਸ ਨਾਲ ਚੋਣ ਸਮਝੌਤਾ ਕੀਤਾ ਤਾਂ ਉਹ ਉਸੇ ਵੇਲੇ ਅਸਤੀਫਾ ਦੇ ਦੇਣਗੇ। ਇਸ ਕਾਰਵਾਈ ਨੂੰ ਲੈ ਕੇ ਜਿੱਥੇ 'ਆਪ' ਵਿਚ ਹੋਰ ਵੱਡਾ ਭੂਚਾਲ ਤੇ ਘਮਾਸਾਨ ਮਚ ਸਕਦਾ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਮਨ 'ਚ ਲੱਡੂ ਫੁੱਟਣੇ ਸੁਭਾਵਿਕ ਹਨ। ਬਿਕਰਮ ਸਿੰਘ ਮਜੀਠੀਆ ਨੇ ਤਾਂ ਫੂਲਕੇ ਦੇ ਬਿਆਨ 'ਤੇ ਚੁਟਕੀ ਲੈ ਕੇ ਉਸ ਦੇ ਬਿਆਨ 'ਤੇ ਖੁਸ਼ੀ ਪ੍ਰਗਟ ਕਰਦਿਆਂ ਮਰਦਾਂ ਵਾਲਾ ਫੈਸਲਾ ਆਖ ਦਿੱਤਾ। ਬਾਕੀ ਜੇਕਰ ਫੂਲਕਾ 'ਆਪ' ਵੱਲੋਂ ਕਾਂਗਰਸ ਨਾਲ ਗੱਠਜੋੜ ਕਰਨ 'ਤੇ ਸੱਚਮੁੱਚ ਅਸਤੀਫਾ ਦੇ ਦਿੰਦੇ ਹਨ ਤਾਂ ਲੁਧਿਆਣਾ ਹਲਕਾ ਦਾਖਾ ਵਿਚ ਜ਼ਿਮਨੀ ਚੋਣ ਦਾ ਡਮਰੂ ਵੱਜ ਜਾਵੇਗਾ। ਹੋ ਸਕਦਾ ਹੈ ਕਿ ਇਸ ਅਸਤੀਫੇ ਤੋਂ ਬਾਅਦ ਇਹ ਚੋਣ ਲੋਕ ਸਭਾ ਦੀ ਚੋਣ ਦੇ ਨਾਲ ਆ ਜਾਵੇ ਪਰ ਜਾਣਕਾਰ ਸੂਤਰਾਂ ਨੇ ਦੱਸਿਆ ਕਿ ਜੇਕਰ ਫੂਲਕਾ ਅਸਤੀਫਾ ਦੇ ਗਏ ਤਾਂ 'ਆਪ' ਦਾ ਰਹਿੰਦਾ-ਖੂੰਹਦਾ ਵਜੂਦ ਲੋਕ ਸਭਾ ਚੋਣ 'ਚੋਂ ਖਿੰਡ ਜਾਵੇਗਾ, ਕਿਉਂਕਿ ਫੂਲਕਾ ਪਾਰਟੀ ਦੇ ਵੱਡੇ ਕੱਦ ਦੇ ਨੇਤਾ ਵਜੋਂ ਵਿਚਰ ਰਹੇ ਹਨ ਅਤੇ ਉਸ ਤੋਂ ਬਾਅਦ ਆਮ ਪਾਰਟੀ ਦੀ ਸਥਿਤੀ ਕੀ ਬਣਦੀ ਜਾਂ ਖਿੱਲਰਦੀ ਹੈ, ਇਸ 'ਤੇ ਹੋਰ ਅੱਖ ਰੱਖੇ ਨਾ ਰੱਖੇ ਅਕਾਲੀ ਦਲ ਜ਼ਰੂਰ ਬਾਜ ਅੱਖ ਰੱਖੇਗਾ, ਕਿਉਂਕਿ ਇਸ ਵਾਰ ਅਕਾਲੀ ਦਲ ਨੂੰ 'ਆਪੋਜ਼ੀਸ਼ਨ ਦੀ ਕੁਰਸੀ ਵੀ ਨਸੀਬ ਨਹੀਂ ਹੋਈ।
 


Related News