ਅਫਸਰਸ਼ਾਹੀ ਉਪਰ ਚਡ਼੍ਹੀ ਨੀਲੇ ਰੰਗ ਦੀ ਪਰਤ ਨੇ ਕਾਂਗਰਸੀ ਕੀਤੇ ‘ਲਾਲ ਪੀਲੇ’
Friday, Jul 27, 2018 - 05:06 AM (IST)
ਬਾਘਾਪੁਰਾਣਾ(ਚਟਾਨੀ)-ਪੰਜਾਬ ਅੰਦਰ ਹੋ ਚੁੱਕੀ ਸਤਾ ਦੀ ਤਬਦੀਲੀ ਤੋਂ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਕਈ ਉੱਚ ਅਧਿਕਾਰੀ ਅਜੇ ਵੀ ਅਨਜਾਣ ਚੱਲੇ ਆ ਰਹੇ ਹਨ, ਇਹੀ ਕਾਰਨ ਹੈ ਕਿ ਸਰਕਾਰੀ ਦਫਤਰਾਂ ’ਚ ਕਾਂਗਰਸੀ ਆਗੂਆਂ ਨਾਲੋਂ ਅਕਾਲੀ ਆਗੂਆਂ ਦੀ ਪੁੱਛ ਪ੍ਰਤੀਤ ਮੁਕਾਬਲਤਨ ਵਧੇਰੇ ਹੈ, ਜਿਹਡ਼ੇ ਅਫਸਰਾਂ ਉਪਰੋਂ ਅਜੇ ਤੱਕ ਨੀਲੇ ਰੰਗ ਦਾ ਪ੍ਰਭਾਵ ਖਤਮ ਨਹੀਂ ਹੋਇਆ, ਉਹ ਅਫਸਰ ਕਾਂਗਰਸੀਆਂ ਨੂੰ ਟਿੱਚ ਜਾਣਦੇ ਤੁਰੇ ਆ ਰਹੇ ਹਨ ਜਦਕਿ ਅਕਾਲੀ ਆਗੂਆਂ ਲਈ ‘ਕੁਰਸੀ’ ਅਤੇ ‘ਚਾਹ’ ਦੀ ਪੇਸ਼ਕਸ਼ ਮੂਹਰੇ ਹੋ ਕੇ ਕੀਤੀ ਜਾਂਦੀ ਹੈ। ਕਾਂਗਰਸ ਪਾਰਟੀ ਦੀਆਂ ਮੀਟਿੰਗਾਂ ਦੌਰਾਨ ਕਾਂਗਰਸੀ ਆਗੂਆਂ ਵੱਲੋਂ ਆਪਣੇ ਉੱਚ ਆਕਾਵਾਂ ਮੂਹਰੇ ਭਾਵੇਂ ਅਫਸਰਸ਼ਾਹੀ ਦੀਆਂ ਮਨਮਰਜ਼ੀਆਂ ਦਾ ਰੋਣਾ ਕਈ ਵਾਰ ਰੋਇਆ ਗਿਆ ਹੈ ਪਰ ਪਰਨਾਲਾ ਅਜੇ ਵੀ ਉਥੇ ਦਾ ਉਥੇ ਹੀ ਹੈ।
ਮਾਲਵਾ ਜੋਨ ਦਾ ਜ਼ਿਲਾ ਮੋਗਾ ‘ਨੀਲੇ’ ਦੇ ਪ੍ਰਭਾਵ ਹੇਠ ਵਧੇਰੇ ਹੈ, ਜਿਸ ਦੀ ਪੁਸ਼ਟੀ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਤੋਂ ਇਲਾਵਾ ਹੋਰ ਹਲਕਿਆਂ ਦੇ ਆਗੂਆਂ ਨੇ ਕੀਤੀ ਹੈ। ਆਗੂਆਂ ਦਾ ਕਹਿਣਾ ਹੈ ਕਿ 10 ਸਾਲਾਂ ਦੇ ਅਕਾਲੀ ਸ਼ਾਸਨ ਦੌਰਾਨ ਅਕਾਲੀ ਆਗੂਆਂ ਦੀ ਕਥਿਤ ਧੱਕੇਸ਼ਾਹੀ ਦਾ ਸੰਤਾਪ ਹੰਢਾਉਣ ਤੋਂ ਬਾਅਦ ਉਹ ਹੁਣ ਡੇਢ ਸਾਲ ਦੇ ਕਾਂਗਰਸੀ ਸ਼ਾਸਨ ਦੌਰਾਨ ਵੀ ਅਣਗੋਲੇ ਕਰਕੇ ਸੁੱਟੇ ਪਏ ਹਨ। ਬਾਘਾਪੁਰਾਣਾ ਹਲਕੇ ਦੇ ਤਕਰੀਬਨ ਅੱਧੀ ਦਰਜਨ ਮੋਹਰੀ ਕਾਂਗਰਸੀ ਆਗੂਆਂ ਨੇ ਆਪਣਾ ਨਾਂ ਗੁਪਤ ਰੱਖੇ ਜਾਣ ਦੀ ਸੂਰਤ ’ਤੇ ਪ੍ਰੈੱਸ ਮੁੂਹਰੇ ਆਪਣੀ ਤਰਾਸਦੀ ਦੀ ਤਫਸੀਲ ਰੱਖਦਿਆਂ ਕਿਹਾ ਕਿ ਜਿਹਡ਼ੇ ਵਰਕਰਾਂ ਦੇ ਕੰਮ ਲਈ ਉਨ੍ਹਾਂ ਨੇ ਪੁਲਸ ਅਤੇ ਸਿਵਲ ਪ੍ਰਸ਼ਾਸਨ ਕੋਲ ਪਹੁੰਚ ਕੀਤੀ, ਉਹ ਕੰਮ ਮਹੀਨੇ ਮਹੀਨੇ ਦੇ ਲਾਰਿਆਂ ਤੋਂ ਬਾਅਦ ਵੀ ਨੇਪਰੇ ਨਹੀਂ ਚਾਡ਼ੇ ਗਏ ਪਰ ਵਰਕਰਾਂ ਨੇ ਕਈ ਕੰਮ ਤਾਂ ਅਫਸਰਸ਼ਾਹੀ ਦੀ ਮੁੱਠੀ ਗਰਮ ਕਰਕੇ ਕਰਵਾ ਲਏ ਅਤੇ ਕਈ ਵਰਕਰਾਂ ਨੇ ਅਕਾਲੀ ਆਗੂਆਂ ਦੀ ਸਿਫਾਰਿਸ਼ ਨਾਲ ਕੰਮ ਕਰਵਾਏ। ਨਿਰਾਸ਼ਾ ਦੇ ਆਲਮ ’ਚ ਡੁੱਬੇ ਸਰਕਾਰ ਦਾ ਕਾਂਗਰਸੀ ਆਗੂਆਂ ਨੇ ਕਿਹਾ ਕਿ ਉਹ ਹੁਣ ਕਿਹਡ਼ੇ ਮੂੰਹ ਨਾਲ ਵਰਕਰਾਂ ਤੋਂ ਲੋਕ ਸਭਾ ਚੋਣਾਂ ਵਾਸਤੇ ਪਾਰਟੀ ਲਈ ਵੋਟਾਂ ਲਈ ਪੱਲਾ ਅੱਡ ਸਕਣਗੇ। ਨਿਰਾਸ਼ ਕਾਂਗਰਸੀਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਕੀ ਕਾਰਜਾਂ ਲਈ ਅਫਸਰਸ਼ਾਹੀ ਮੂਹਰੇ ਹੁਣ ਵੀ ਬਿਨਾਂ ਵਜ੍ਹਾ ਨੱਕ ਰਗਡ਼ਨੇ ਪੈਣਗੇ ਜਾਂ ਮੁੱਠੀ ਗਰਮ ਕਰਨੀ ਪਵੇਗੀ ਤਾਂ ਫਿਰ ਕੈਪਟਨ ਦੇ ਪਾਰਦਰਸ਼ੀ ਚੁਸਤ ਫੁਰਤ ਪਾਰਟੀ ਵਰਕਰਾਂ ਦੇ ਮਾਣ ਸਨਮਾਨ ਦੀ ਬਹਾਲੀ ਅਤੇ ਭ੍ਰਿਸ਼ਟਾਚਾਰ ਮੁਕਤ ਰਾਜ ਪ੍ਰਬੰਧ ਦੇ ਕੀ ਮਾਇਨੇ ਸਮਝੇ ਜਾਣ। ਵਿਧਾਇਕ ਦਰਸ਼ਨ ਸਿੰਘ ਬਰਾਡ਼ ਨੇ ਕਿਹਾ ਕਿ ਵੱਖ-ਵੱਖ ਮੀਟਿੰਗਾਂ ’ਚ ਉਹ ਸਿਵਲ ਅਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵਾਰ-ਵਾਰ ਤਾਡ਼ਨਾ ਕਰ ਚੁੱਕੇ ਹਨ ਕਿ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੇ ਕੰਮਾਂ ਨੂੰ ਨੇਪਰੇ ਚਾਡ਼ਨ ਲਈ ਅਮਲ ਤੇਜ ਕੀਤਾ ਜਾਵੇ ਅਤੇ ਪਾਦਰਸ਼ੀ ਕਾਰਜ ਪ੍ਰਣਾਲੀ ਨੂੰ ਪਹਿਲ ਦਿੱਤੀ ਜਾਵੇ। ਬਰਾਡ਼ ਨੇ ਅਜਿਹੇ ਸਭਨਾਂ ਆਗੂਆਂ ਨੂੰ ਮੁਡ਼ ਤਾਡ਼ਨਾ ਕੀਤੀ ਹੈ ਜਿਹਡ਼ੇ ਅਕਾਲੀ ਦਲ ਦੇ ਆਗੂਆਂ ਦੇ ਮੈਰਿਟ ਤੋਂ ਊਣੇ ਕੰਮਾਂ ਨੂੰ ਪਿਛਲੇ ਦਰਵਾਜਿਓਂ ਕਰਦੇ ਆ ਰਹੇ ਹਨ। ਵਿਧਾਇਕ ਨੇ ਕਿਹਾ ਕਿ ਅਜਿਹੇ ਅਫਸਰ ਹਰਗਿਜ਼ ਬਖਸ਼ੇ ਨਹੀਂ ਜਾਣਗੇ।
