''ਕਾਂਗਰਸ'' ਅੰਦਰ ਲਗਾਤਾਰ ਉੱਠ ਰਹੀਆਂ ਬਗਾਵਤੀ ਸੁਰਾਂ, ਦਬਾਉਣ ''ਚ ਅਸਫ਼ਲ ਸਿੱਧ ਹੋ ਰਹੀ ਪਾਰਟੀ
Friday, Aug 27, 2021 - 12:40 PM (IST)
ਜਲੰਧਰ (ਖੁਰਾਣਾ) : ਦੇਸ਼ ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਤਾਂ ਰਾਸ਼ਟਰੀ ਪੱਧਰ ’ਤੇ ਹੀ ਨਹੀਂ, ਸਥਾਨਕ ਪੱਧਰ ’ਤੇ ਵੀ ਪਾਰਟੀ ਵਿਚ ਅੰਦਰੂਨੀ ਬਗਾਵਤ ਦੇ ਦੂਰ-ਦੂਰ ਤੱਕ ਕੋਈ ਚਾਂਸ ਨਹੀਂ ਹਨ। ਦੂਜੇ ਪਾਸੇ ਰਾਸ਼ਟਰੀ ਪੱਧਰ ਦੀ ਪਾਰਟੀ ਕਾਂਗਰਸ, ਜਿਸ ਨੇ ਦੇਸ਼ ’ਤੇ ਲੰਮਾ ਸਮਾਂ ਰਾਜ ਕੀਤਾ, ਹੁਣ ਪਾਰਟੀ ਦੇ ਅੰਦਰ ਉੱਠ ਰਹੀਆਂ ਬਗਾਵਤੀ ਸੁਰਾਂ ਨੂੰ ਦਬਾਉਣ ਵਿਚ ਪਾਰਟੀ ਬੁਰੀ ਤਰ੍ਹਾਂ ਅਸਫ਼ਲ ਸਿੱਧ ਹੋ ਰਹੀ ਹੈ, ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਰਾਸ਼ਟਰੀ ਅਤੇ ਸੂਬਾ ਪੱਧਰ ’ਤੇ ਭੁਗਤਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਵਿਧਾਇਕਾਂ 'ਚੋਂ ਪ੍ਰਕਾਸ਼ ਸਿੰਘ ਬਾਦਲ ਤੇ ਮਜੀਠੀਆ ਨਹੀਂ ਲੈਂਦੇ ਸਫ਼ਰ ਭੱਤਾ ਤੇ ਤੇਲ ਖ਼ਰਚਾ
ਕਈ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਤ੍ਰਿਣਮੂਲ ਕਾਂਗਰਸ ਅਤੇ ਵਾਈ. ਐੱਸ. ਕਾਂਗਰਸ ਦਾ ਗਠਨ ਵੀ ਇਸ ਪਾਰਟੀ ਦੀ ਅੰਦਰੂਨੀ ਫੁੱਟ ਕਾਰਨ ਹੋਇਆ, ਜਿਸ ਦਾ ਰਾਸ਼ਟਰੀ ਪੱਧਰ ’ਤੇ ਕਾਂਗਰਸ ਨੂੰ ਬਹੁਤ ਨੁਕਸਾਨ ਝੱਲਣਾ ਪਿਆ। ਹੇਮੰਤ ਬਿਸਵਾ ਸਰਮਾ ਵਰਗੇ ਆਗੂਆਂ ਨੇ ਵੀ ਪਾਰਟੀ ਤੋਂ ਵੱਖ ਹੋ ਕੇ ਇਸ ਨੂੰ ਕਾਫੀ ਸੱਟ ਪਹੁੰਚਾਈ। ਅਜੋਕੇ ਹਾਲਾਤ ’ਤੇ ਨਜ਼ਰ ਮਾਰੀ ਜਾਵੇ ਤਾਂ ਛੱਤੀਸਗੜ੍ਹ ਵਿਚ ਵੀ ਇਨ੍ਹੀਂ ਦਿਨੀਂ ਘਮਸਾਨ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਉੱਥੇ ਕਾਂਗਰਸ ਨੇ ਪਾਵਰ ਸ਼ੇਅਰਿੰਗ ਫਾਰਮੂਲਾ ਲਾਗੂ ਕੀਤਾ ਸੀ, ਜਿਸ ਕਾਰਨ 2 ਦਾਅਵੇਦਾਰਾਂ ਨੇ ਢਾਈ-ਢਾਈ ਸਾਲ ਬਤੌਰ ਸੀ. ਐੱਮ. ਕੰਮ ਕਰਨਾ ਸੀ। ਹੁਣ ਮੌਜੂਦਾ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਲਾਹੁਣਾ ਕਾਂਗਰਸ ਲਈ ਟੇਢੀ ਖੀਰ ਸਾਬਿਤ ਹੋ ਰਿਹਾ ਹੈ ਅਤੇ ਉੱਥੇ ਬਗਾਵਤ ਫੈਲੀ ਹੋਈ ਹੈ। ਇਸੇ ਤਰ੍ਹਾਂ ਰਾਜਸਥਾਨ ਵਿਚ ਵੀ ਪਾਇਲਟ ਧੜਾ ਖੁੱਲ੍ਹ ਕੇ ਬਗਾਵਤ ’ਤੇ ਉਤਾਰੂ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਸਿਰਫਿਰੇ ਵਿਅਕਤੀ ਨੇ ਪਾਇਆ ਭੜਥੂ, ਲੋਕਾਂ ਪਿੱਛੇ ਕੁਹਾੜੀ ਲੈ ਕੇ ਦੌੜਿਆ
ਭਾਵੇਂ ਅਸ਼ੋਕ ਗਹਿਲੋਤ ਗਰੁੱਪ ਇਸ ਬਗਾਵਤ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਿਹਾ ਪਰ ਇਸ ਨੇ ਪਾਰਟੀ ਹਾਈਕਮਾਨ ਦੀਆਂ ਚਿੰਤਾਵਾਂ ਲਗਾਤਾਰ ਵਧਾਈਆਂ ਹੋਈਆਂ ਹਨ। ਗੱਲ ਪੰਜਾਬ ਦੀ ਕਰੀਏ ਤਾਂ ਪਾਰਟੀ ਹਾਈਕਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਇੱਛਾ ਦੇ ਉਲਟ ਜਾ ਕੇ ਬਾਗੀ ਸੁਰ ਅਪਣਾਉਣ ਵਾਲੇ ਨਵਜੋਤ ਸਿੰਘ ਸਿੱਧੂ ਦੇ ਹੱਥ ਪਾਰਟੀ ਦੀ ਕਮਾਨ ਤਾਂ ਦੇ ਦਿੱਤੀ ਹੈ ਪਰ ਇਸ ਨਾਲ ਸੂਬਾ ਕਾਂਗਰਸ ਵਿਚ ਆਪਸੀ ਗੁੱਟਬਾਜ਼ੀ ਤੇ ਧੜੇਬੰਦੀ ਕਾਫੀ ਤੇਜ਼ ਹੋ ਗਈ ਹੈ, ਜਿਸ ਕਾਰਨ ਆਉਣ ਵਾਲੀਆਂ ਚੋਣਾਂ ਵਿਚ ਨੁਕਸਾਨ ਹੋਣਾ ਤੈਅ ਮੰਨਿਆ ਜਾ ਰਿਹਾ ਹੈ। ਅਜਿਹੇ ਵਿਚ ਆਮ ਵਰਕਰ ਅਤੇ ਟਕਸਾਲੀ ਕਾਂਗਰਸੀ ਜਿੱਥੇ ਹਾਈਕਮਾਨ ਦੀਆਂ ਨੀਤੀਆਂ ਨੂੰ ਨਹੀਂ ਸਮਝ ਪਾ ਰਹੇ, ਉਥੇ ਹੀ ਹਾਈਕਮਾਨ ਦੇ ਕੰਟਰੋਲ ਤੋਂ ਵੀ ਕਈ ਚੀਜ਼ਾਂ ਬਾਹਰ ਹੁੰਦੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : 8 ਵਿਆਹ ਕਰਾਉਣ ਵਾਲੀ ਲੁਟੇਰੀ ਲਾੜੀ ਦੀ ਖੁੱਲ੍ਹੀ ਪੋਲ, ਇੰਝ ਜਾਲ 'ਚ ਫਸਾਉਂਦੀ ਸੀ ਭੋਲੇ-ਭਾਲੇ ਮੁੰਡੇ
ਆਰ. ਐੱਸ. ਐੱਸ. ਵਰਗਾ ਸੰਗਠਨ ਨਹੀਂ ਹੈ ਕਾਂਗਰਸ ਕੋਲ
ਇਸ ਸਥਿਤੀ ਵਿਚ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਲਾਭ ਮਿਲ ਰਿਹਾ ਹੈ ਕਿ ਉਸ ਕੋਲ ਪਾਰਟੀ ਸੰਗਠਨ ਚਲਾਉਣ ਲਈ ਆਰ. ਐੱਸ. ਐੱਸ. ਮੌਜੂਦ ਹੈ, ਜਿਹੜਾ ਪਾਰਟੀ ਦੇ ਛੋਟੇ ਜਿਹੇ ਅੰਦਰੂਨੀ ਕਲੇਸ਼ ਨੂੰ ਵੀ ਆਪਣੇ ਪ੍ਰਭਾਵ ਨਾਲ ਜਲਦ ਦਬਾਅ ਲੈਂਦਾ ਹੈ। ਦੂਜੇ ਪਾਸੇ ਕਾਂਗਰਸ ਨੇ ਯੂਥ ਕਾਂਗਰਸ ਵਰਗੇ ਸੰਗਠਨ ਵਿਚ ਵੀ ਚੋਣ ਪ੍ਰਕਿਰਿਆ ਲਾਗੂ ਕਰ ਕੇ ਇਸਨੂੰ ਕਾਫੀ ਕਮਜ਼ੋਰ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਅੱਜ ਕਾਂਗਰਸ ਦਾ ਘੇਰਾ ਲਗਾਤਾਰ ਸੁੰਗੜਦਾ ਚਲਿਆ ਜਾ ਰਿਹਾ ਹੈ ਅਤੇ ਇਸ ਨੂੰ ਚੋਣ ਗੱਠਜੋੜ ਲਈ ਖੇਤਰੀ ਪਾਰਟੀਆਂ ਦੀ ਲੋੜ ਮਹਿਸੂਸ ਹੋਣ ਲੱਗੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ