ਕਾਂਗਰਸ ਸਰਕਾਰ ਹੋਈ ਹਰ ਫਰੰਟ ''ਤੇ ਫੇਲ੍ਹ : ਰੱਖੜਾ
Saturday, Nov 07, 2020 - 06:03 PM (IST)
ਪਟਿਆਲਾ/ਰੱਖੜਾ (ਰਾਣਾ) : ਕਿਸਾਨ ਅੰਦਲੋਨ ਤੋਂ ਕਾਂਗਰਸ ਸਰਕਾਰ ਜੋ ਲਾਹਾ ਖੱਟਣ ਦੀ ਰਾਜਨੀਤੀ ਕਰ ਰਹੀ ਹੈ, ਉਸ ਵਿਚ ਕਦੇ ਵੀ ਕਾਮਯਾਬ ਨਹੀਂ ਹੋਵੇਗੀ ਕਿਉਂਕਿ ਸੂਬੇ ਦਾ ਕਿਸਾਨ ਕਾਂਗਰਸ ਦੀਆਂ ਲੂੰਬੜ ਚਾਲਾਂ ਵਿਚ ਫਸਣ ਵਾਲਾ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਦੇ ਮੁੜ ਤੋਂ ਥਾਪੇ ਗਏ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਰੱਖੜਾ ਨੇ ਕਾਂਗਰਸ ਸਰਕਾਰ ਵੱਲੋਂ ਦਿੱਲੀ ਰਾਜਘਾਟ ਵਿਖੇ ਦਿੱਤੇ ਧਰਨੇ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਜਿਹੜੀ ਸਰਕਾਰ ਨੇ ਪਹਿਲਾਂ ਕੇਂਦਰ ਨਾਲ ਸਹਿਮਤੀ ਜਤਾਈ ਹੋਵੇ ਅਤੇ ਹੁਣ ਉਹ ਕਿਸਾਨਾਂ ਦਾ ਵਿਰੋਧ ਦੇਖ ਕੇ ਧਰਨੇ ਲਾਉਣ ਦੀ ਡਰਾਮੇਬਾਜ਼ੀ ਕਰ ਰਹੇ ਹਨ, ਜਿਸ ਦਾ ਖਮਿਆਜ਼ਾ ਭਵਿੱਖ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ ਕਿਉਂਕਿ ਕਾਂਗਰਸ ਨੇ ਜਦੋਂ ਵੀ ਸੂਬੇ ਅੰਦਰ ਰਾਜ ਕੀਤਾ ਉਦੋਂ ਹੀ ਪੰਜਾਬ ਵਿਰੋਧੀ ਫ਼ੈਸਲੇ ਲਏ ਹਨ। ਲਿਹਾਜ਼ਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਸਭ ਤੋਂ ਵੱਡਾ ਧੋਖਾ ਨੌਜਵਾਨਾਂ ਅਤੇ ਕਿਸਾਨਾਂ ਨਾਲ ਕੀਤਾ ਹੈ। ਜਿਹੜੀ ਸਰਕਾਰ ਨੇ ਕਿਸਾਨਾਂ ਨਾਲ ਪੂਰਾ ਕਰਜ਼ਾ ਮੁਆਫ ਕਰਨਾ, ਨੌਜਵਾਨਾਂ ਨੂੰ ਸਮਾਰਟ ਫੋਨ ਵੰਡਣਾ, ਘਰ-ਘਰ ਨੌਕਰੀ ਦੇਣਾ ਤਾਂ ਇਕ ਪਾਸੇ ਰਿਹਾ ਉਲਟਾ ਜਿਹੜੇ ਬਜ਼ੁਰਗਾਂ ਦੀਆਂ ਪੈਨਸ਼ਨਾਂ ਲੱਗੀਆਂ ਸਨ, ਉਹ ਕੱਟ ਕੇ ਬਕਾਇਆ ਰਕਮਾਂ ਭਰਨ ਦੇ ਨੋਟਿਸ ਕੱਢੇ ਜਾ ਰਹੇ ਹਨ।
ਇਸ ਮੌਕੇ ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਤੇ ਪਟਿਆਲਾ ਦਿਹਾਤੀ ਦੇ ਮੁੱਖ ਸੇਵਾਦਾਰ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਿਸਾਨਾਂ ਦੇ ਮੁੱਦੇ 'ਤੇ ਰਾਜਨੀਤੀ ਕਰਨਾ ਭਾਰੀ ਪਵੇਗਾ ਕਿਉਂਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਪਰ ਸਰਕਾਰ ਨੇ ਉਸ ਦਾ ਮਜ਼ਾਕ ਜਿਹਾ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣ ਪੱਤਰ ਵਿਚ ਕੀਤੇ ਵਾਅਦੇ ਹਵਾ ਹੋ ਚੁੱਕੇ ਹਨ ਤਾਂ ਹੀ ਮੁੜ ਤੋਂ ਸੂਬੇ ਦੇ ਲੋਕ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਦੇਖਣ ਲਈ ਉਤਾਵਲੇ ਹਨ।