ਕਾਂਗਰਸ ''ਚ ਬਗਾਵਤ, ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਠੋਕਵਾਂ ਜਵਾਬ

Wednesday, Aug 05, 2020 - 06:31 PM (IST)

ਕਾਂਗਰਸ ''ਚ ਬਗਾਵਤ, ਸੁਨੀਲ ਜਾਖੜ ਦੇ ਬਿਆਨ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਠੋਕਵਾਂ ਜਵਾਬ

ਗੁਰਦਾਸਪੁਰ (ਹਰਮਨ) : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਕਾਂਗਰਸ ਹਾਈ ਕਮਾਨ ਨੂੰ ਪੱਤਰ ਲਿਖ ਕੇ ਕਾਰਵਾਈ ਲਈ ਕੀਤੀ ਮੰਗ ਤੋਂ ਬਾਅਦ ਤਿੱਖਾ ਜਵਾਬ ਦਿੰਦੇ ਹੋਏ ਪ੍ਰਤਾਪ ਬਾਜਵਾ ਨੇ ਜਾਖੜ ਨੂੰ ਕਿਹਾ ਕਿ ਮੁੱਖ ਮੰਤਰੀ ਦਾ ਪੱਖ ਪੂਰਨ ਦੀ ਬਜਾਏ ਉਨ੍ਹਾਂ ਨੂੰ ਆਪਣੇ ਸੰਸਦੀ ਹਲਕੇ ਨਾਲ ਸਬੰਧਤ ਬਟਾਲਾ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਮਾਰੇ ਗਏ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਹੌਸਲਾ ਦੇਣਾ ਚਾਹੀਦਾ ਸੀ। ਬਾਜਵਾ ਨੇ ਕਿਹਾ ਕਿ ਜਾਖੜ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪ੍ਰਸ਼ਾਸਨ ਦੇ ਨਿਕੰਮੇਪਨ ਅਤੇ ਗਲਤ ਕੰਮਾਂ ਨੂੰ ਬਰਦਾਸ਼ਤ ਕਰਨ ਦੀ ਇਕ ਸੀਮਾ ਹੁੰਦੀ ਹੈ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਰਾਜਸੀ ਆਗੂਆਂ ਨੂੰ ਕਦੇ ਵੀ ਅਜਿਹੀ ਲਾਪਰਵਾਹੀ ਸਵੀਕਾਰ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਤੇ ਦੂਲੋ ਪੰਜਾਬ ਅੰਦਰ ਸ਼ਰਾਬ ਮਾਫੀਆ ਸਮੇਤ ਹੋਰ ਗੰਭੀਰ ਮੁੱਦੇ ਚੁੱਕ ਰਹੇ ਹਨ ਪਰ ਮੁੱਖ ਮੰਤਰੀ ਇਹ ਸਪੱਸ਼ਟ ਤੌਰ 'ਤੇ ਕਹਿ ਚੁੱਕੇ ਹਨ ਕਿ ਉਹ ਉਨ੍ਹਾਂ ਦੇ ਪੱਤਰ ਪੜ੍ਹਦੇ ਹੀ ਨਹੀਂ। 

ਇਹ ਵੀ ਪੜ੍ਹੋ : ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਤਾਪ ਬਾਜਵਾ ਤੇ ਸ਼ਮਸ਼ੇਰ ਦੂਲੋ ਖ਼ਿਲਾਫ਼ ਖੋਲ੍ਹਿਆ ਮੋਰਚਾ

ਉਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਉਨ੍ਹਾਂ ਦਾ ਪੱਤਰ ਪੜ੍ਹ ਕੇ ਸਮਾਂ ਰਹਿੰਦਿਆਂ ਕਾਰਵਾਈ ਕੀਤੀ ਹੁੰਦੀ ਤਾਂ ਹੁਣ 117 ਬੇਕਸੂਰ ਜ਼ਿੰਦਗੀਆਂ ਮੌਤ ਦੇ ਮੂੰਹ ਵਿਚ ਨਾ ਜਾਂਦੀਆਂ। ਉਨ੍ਹਾਂ ਕਿਹਾ ਕਿ ਜੇਕਰ ਜਾਖੜ ਵਿਚ ਹਿੰਮਤ ਹੁੰਦੀ ਤਾਂ ਉਹ ਮੁੱਖ ਮੰਤਰੀ ਨੂੰ ਇਨ੍ਹਾਂ ਮੁੱਦਿਆਂ 'ਤੇ ਸਵਾਲ ਕਰਦੇ, ਜਿਸ ਨਾਲ ਇਹ ਦੁਖਾਂਤ ਰੋਕਿਆ ਜਾ ਸਕਦਾ ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੇ ਬਾਵਜੂਦ ਜਾਖੜ ਨੇ ਆਪਣਾ ਫਰਜ਼ ਨਹੀਂ ਨਿਭਾਇਆ ਅਤੇ ਹਰੇਕ ਚੰਗੇ-ਮਾੜੇ ਕੰਮ ਵਿਚ ਮੁੱਖ ਮੰਤਰੀ ਦੀ ਹਾਂ ਵਿਚ ਹਾਂ ਮਿਲਾ ਕੇ ਉਨ੍ਹਾਂ ਨੇ ਪੰਜਾਬ ਦੇ ਕਾਂਗਰਸੀ ਵਰਕਰਾਂ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਜਾਖੜ ਨੂੰ ਕਿਹਾ ਕਿ ਕੈਪਟਨ ਦੀ ਵਕਾਲਤ ਕਰਨ ਦੀ ਬਜਾਏ ਉਹ ਇਨਸਾਫ ਦੀ ਗੱਲ ਕਰਨ।

ਇਹ ਵੀ ਪੜ੍ਹੋ : ਸੁੱਚਾ ਸਿੰਘ ਲੰਗਾਹ ਨਾਲ ਸੰਬੰਧ ਰੱਖਣ ਵਾਲੇ ਸ਼੍ਰੋਮਣੀ ਕਮੇਟੀ ਮੈਂਬਰਾਂ ''ਤੇ ਸ੍ਰੀ ਅਕਾਲ ਤਖਤ ਦੀ ਵੱਡੀ ਕਾਰਵਾਈ

ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਦੂਲੋ ਨੇ ਆਪਣਾ ਕੋਈ ਨਿੱਜੀ ਮੁੱਦਾ ਨਹੀਂ ਚੁੱਕਿਆ ਸਗੋਂ ਉਨ੍ਹਾਂ ਨੇ ਇਕ ਜ਼ਿੰਮੇਵਾਰ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਕੇਂਦਰ ਵਿਚ ਵੀ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਪੈਰਵੀ ਕੀਤੀ ਹੈ ਅਤੇ ਹੁਣ ਵੀ ਉਹ ਇਹੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਇਥੋਂ ਤਕ ਕਹਿ ਦਿੱਤਾ ਕਿ ਮੈਂ ਮਹਾਰਾਜੇ ਦੇ ਦਰਬਾਰ ਵਿਚ ਆਪਣੀ ਜ਼ਮੀਰ ਨੂੰ ਨਹੀਂ ਰੋਲਿਆ ਹੈ। ਉਨ੍ਹਾਂ ਕਿਹਾ ਕਿ ਉਹ ਤੇ ਦੂਲੋ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਹਨ ਪਰ ਉਨ੍ਹਾਂ ਨੇਤਾਵਾਂ ਵਾਂਗ ਨਹੀਂ ਹਾਂ ਜੋ ਸੂਬੇ ਨੂੰ ਲੁੱਟ ਰਹੇ ਹਨ। ਬਾਜਵਾ ਨੇ ਜਾਖੜ ਨੂੰ ਕਿਹਾ ਕਿ ਅਜੇ ਵੀ ਸਮਾਂ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਵਕਾਲਤ ਕਰਨੀ ਬੰਦ ਕਰਕੇ ਸੱਚ ਅਤੇ ਇਨਸਾਫ਼ ਦੀ ਗੱਲ ਕਰਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਸਿਰਫ਼ ਕੈਪਟਨ ਅਮਰਿੰਦਰ ਸਿੰਘ ਹੀ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਲਈ ਕਾਫੀ ਸਨ ਪਰ ਹੁਣ ਪਤਾ ਲੱਗ ਗਿਆ ਹੈ ਕਿ ਜਾਖੜ ਵੀ ਕੈਪਟਨ ਦੇ ਨਾਲ ਹੀ ਸ਼ਾਮਲ ਹਨ।

ਇਹ ਵੀ ਪੜ੍ਹੋ : ਲੰਗਾਹ ਨੂੰ 'ਸੁੱਚਾ' ਕਰਨ 'ਤੇ ਬਵਾਲ, ਭੜਕੇ ਭਾਈ ਮਾਝੀ ਨੇ ਸੁਖਬੀਰ ਤੇ ਮਜੀਠੀਆ 'ਤੇ ਦਿੱਤਾ ਵੱਡਾ ਬਿਆਨ


author

Gurminder Singh

Content Editor

Related News