ਮੋਦੀ ਦੀਆਂ ਨੀਤੀਆਂ ਖਿਲਾਫ ਕਾਂਗਰਸ 14 ਨੂੰ ਦਿੱਲੀ ''ਚ ਲਾਵੇਗੀ ਮੋਰਚਾ

Tuesday, Dec 10, 2019 - 06:36 PM (IST)

ਚੰਡੀਗੜ੍ਹ : ਅਖਿਲ ਭਾਰਤੀ ਕਾਂਗਰਸ ਕਮੇਟੀ ਵੱਲੋਂ 14 ਦਸੰਬਰ ਨੂੰ ਨਵੀਂ ਦਿੱਲੀ ਵਿਖੇ 'ਭਾਰਤ ਬਚਾਓ' ਰੈਲੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿੱਤੀ। ਅੱਜ ਇੱਥੇ ਪਾਰਟੀ ਦੇ ਮੰਤਰੀਆਂ, ਵਿਧਾਇਕਾਂ, ਸੀਨੀਅਰ ਆਗੂਆਂ ਨਾਲ ਮੀਟਿੰਗ ਕਰਦਿਆਂ ਜਾਖੜ ਨੇ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕੁਸ਼ਾਸਨ ਵਿਚ ਦੇਸ਼ ਹਰ ਖਿੱਤੇ ਵਿਚ ਪਿੱਛੜ ਰਿਹਾ ਹੈ ਅਤੇ ਸਮਾਜ ਦਾ ਹਰ ਵਰਗ ਪੀੜਤ ਹੈ। ਇਸ ਬੈਠਕ ਵਿਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ, ਭਾਰਤ ਭੂਸ਼ਣ ਆਸ਼ੂ, ਗੁਰਪ੍ਰੀਤ ਸਿੰਘ ਕਾਂਗੜ ਅਤੇ ਰਜ਼ੀਆ ਸੁਲਤਾਨਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਇਸ ਮੌਕੇ ਜਾਖੜ ਨੇ ਕਿਹਾ ਕਿ ਪਾਰਟੀ ਮੋਦੀ ਸਰਕਾਰ ਨੂੰ ਉਸਦੀਆਂ ਕਿਸਾਨ ਅਤੇ ਗਰੀਬ ਵਿਰੋਧੀ ਅਤੇ ਗਲਤ ਆਰਥਿਕ ਨੀਤੀਆਂ ਤੋਂ ਵਰਜਣ ਲਈ ਭਾਰਤ ਬਚਾਓ ਰੈਲੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਸਾਹਮਣੇ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਮੰਦਹਾਲੀ ਵਰਗੀਆਂ ਵੱਡੀਆਂ ਚੁਣੌਤੀਆਂ ਹਨ ਪਰ ਐੱਨ. ਡੀ. ਏ. ਲੋਕ ਮਸਲਿਆਂ ਦੇ ਹੱਲ ਦੀ ਬਜਾਏ ਖੋਖੇ ਦਾਅਵਿਆਂ ਨਾਲ ਸਰਕਾਰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਫਸਲਾਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਜਦਕਿ ਗ੍ਰਾਹਕਾਂ ਨੂੰ ਫਲ ਸਬਜੀਆਂ ਅਤੇ ਹੋਰ ਉਤਪਾਦ ਮਹਿੰਗੇ ਮੁੱਲ ਮਿਲ ਰਹੇ ਹਨ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਨਾ ਨੀਤੀ ਹੈ ਅਤੇ ਨਾ ਹੀ ਨੀਅਤ ਹੈ, ਇਸੇ ਕਾਰਨ ਸਮਾਜ ਦਾ ਹਰ ਵਰਗ ਇਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਤੋਂ ਪ੍ਰਭਾਵਿਤ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਪਾਰਟੀ ਵੱਲੋਂ ਦੇਸ ਦੇ ਆਵਾਮ ਨੂੰ ਜਾਗਰੂਕ ਕਰਨ ਲਈ ਭਾਰਤ ਬਚਾਓ ਰੈਲੀ ਕੀਤੀ ਜਾ ਰਹੀ ਹੈ। ਜਾਖੜ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਹਿੱਸੇ ਦੇ 4100 ਕਰੋੜ ਰੁਪਏ ਦੇ ਜੀ. ਐੱਸ. ਟੀ. ਬਕਾਏ ਨਜਾਇਜ਼ ਤੌਰ 'ਤੇ ਰੋਕ ਰੱਖੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਦੇਸ਼ ਦੇ ਸੰਘੀ ਢਾਂਚੇ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਕੇਂਦਰ ਸਰਕਾਰ ਪੰਜਾਬ ਨਾਲ ਭੇਦ-ਭਾਵ ਕਰ ਰਹੀ ਹੈ।


Gurminder Singh

Content Editor

Related News