ਕਾਂਗਰਸ ਦਾ ਹੱਥ ਹਮੇਸ਼ਾ ਦੁਸ਼ਮਣਾਂ ਦੇ ਨਾਲ ਰਿਹਾ : ਚੁੱਘ
Saturday, Mar 22, 2025 - 12:24 AM (IST)

ਜਲੰਧਰ/ਚੰਡੀਗੜ੍ਹ, (ਵਿਸ਼ੇਸ਼)– ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਦਾ ਹੱਥ ਹਮੇਸ਼ਾ ਦੁਸ਼ਮਣਾਂ ਦੇ ਨਾਲ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਦੇ ਨੇਤਾ ਪਾਕਿਸਤਾਨ ਦੀ ਇਫਤਾਰ ਪਾਰਟੀ ਵਿਚ ਤਾਂ ਜਾਂਦੇ ਹਨ ਪਰ ਉਨ੍ਹਾਂ ਨੂੰ ਮਹਾਕੁੰਭ ਵਿਚ ਇਸ਼ਨਾਨ ਕਰਨ ਲਈ ਜਾਣ ਦਾ ਸਮਾਂ ਨਹੀਂ ਮਿਲਦਾ।
ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਹੁਣ ਸੱਚਾਈ ਜਾਣਦੀ ਹੈ। ਮਹਾਕੁੰਭ ਵੇਲੇ ਵੀ ਕਾਂਗਰਸੀ ਨੇਤਾਵਾਂ ਨੇ ਗਲਤ ਬਿਆਨਬਾਜ਼ੀ ਕਰ ਕੇ ਜਨਤਾ ਵਿਚਾਲੇ ਭੁਲੇਖੇ ਦੀ ਸਥਿਤੀ ਪੈਦਾ ਕਰਨ ਦਾ ਯਤਨ ਕੀਤਾ ਸੀ। ਦੁਸ਼ਮਣ ਭਾਵੇਂ ਦੇਸ਼ ਦੇ ਅੰਦਰ ਹੋਣ ਜਾਂ ਬਾਹਰ, ਉਨ੍ਹਾਂ ਨੂੰ ਕੇਂਦਰ ਸਰਕਾਰ ਬਖਸ਼ਣ ਵਾਲੀ ਨਹੀਂ। ਪਹਿਲਾਂ ਲੋਕ ਸਭਾ ਅਤੇ ਫਿਰ ਸੂਬਾ ਵਿਧਾਨ ਸਭਾ ਚੋਣਾਂ ਵਿਚ ਇੰਡੀਆ ਗੱਠਜੋੜ ਨੂੰ ਮਿਲੀ ਹਾਰ ਨੂੰ ਉਹ ਪਚਾ ਨਹੀਂ ਸਕੇ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਲੱਖਾਂ ਔਰਤਾਂ ਨੂੰ ਭਾਜਪਾ ਸਰਕਾਰ ਨੇ ਪੈਨਸ਼ਨ ਲਾਈ ਹੈ ਅਤੇ ਵਿਰੋਧੀ ਪਾਰਟੀਆਂ ਪਾਸੋਂ ਇਹ ਸਹਿਣ ਨਹੀਂ ਹੋ ਰਿਹਾ। ਆਮ ਆਦਮੀ ਪਾਰਟੀ ਦੇ ਨੇਤਾ ਵੀ ਭੁਲੇਖਾ ਪੈਦਾ ਕਰਨ ਦਾ ਲਗਾਤਾਰ ਯਤਨ ਕਰ ਰਹੇ ਹਨ। ਇਨ੍ਹਾਂ ਨੇਤਾਵਾਂ ਦਾ ਭ੍ਰਿਸ਼ਟਾਚਾਰੀ ਚਿਹਰਾ ਸਾਹਮਣੇ ਆ ਚੁੱਕਾ ਹੈ। ਦਿੱਲੀ ਵਿਚ ਇਨ੍ਹਾਂ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੀ ਵੀ ਜਾਂਚ ਕੀਤੀ ਜਾਵੇਗੀ।