ਲਹਿਰਾਗਾਗਾ ’ਚ ਕਾਂਗਰਸ ਦੀ ਗੁੱਟਬੰਦੀ ਉਜਾਗਰ, ਸਿੱਧੂ ਦੇ ਹੋਰਡਿੰਗਾਂ ਤੋਂ ਕੈਪਟਨ ਤੇ ਭੱਠਲ ਗਾਇਬ

Wednesday, Jul 21, 2021 - 12:34 PM (IST)

ਲਹਿਰਾਗਾਗਾ ’ਚ ਕਾਂਗਰਸ ਦੀ ਗੁੱਟਬੰਦੀ ਉਜਾਗਰ, ਸਿੱਧੂ ਦੇ ਹੋਰਡਿੰਗਾਂ ਤੋਂ ਕੈਪਟਨ ਤੇ ਭੱਠਲ ਗਾਇਬ

ਲਹਿਰਾਗਾਗਾ (ਗਰਗ, ਜ.ਬ.) : ਬੇਸ਼ੱਕ ਕਾਂਗਰਸ ਵੱਲੋਂ ਪਾਰਟੀ ਆਗੂਆਂ ਤੇ ਵਰਕਰਾਂ ’ਚ ਕਿਸੇ ਵੀ ਤਰ੍ਹਾਂ ਦੀ ਗੁੱਟਬੰਦੀ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਪਰ ਵਿਧਾਨ ਸਭਾ ਹਲਕਾ ਲਹਿਰਾਗਾਗਾ ’ਚ ਕਾਂਗਰਸ ਦੇ ਸਾਬਕਾ ਸੂਬਾ ਸਕੱਤਰ ਸੋਮਨਾਥ ਸਿੰਗਲਾ ਅਤੇ ਕਾਂਗਰਸ ਐੱਸ. ਸੀ. ਡਿਪਾਰਟਮੈਂਟ ਦੇ ਜ਼ਿਲ੍ਹਾ ਚੇਅਰਮੈਨ ਗੁਰਲਾਲ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਸੂਬਾ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਲਾਏ ਗਏ ਹੋਰਡਿੰਗਾਂ ’ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਨਾਲ-ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਦਾ ਨਾ ਹੋਣਾ ਹਲਕੇ ਅੰਦਰ ਕਾਂਗਰਸ ਦੀ ਗੁੱਟਬੰਦੀ ਨੂੰ ਜੱਗ ਜ਼ਾਹਿਰ ਕਰ ਰਿਹਾ ਹੈ। ਉਕਤ ਹੋਰਡਿੰਗ ਜਿੱਥੇ ਹਲਕੇ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ,ਉਥੇ ਇਸ ਦੀ ਚਰਚਾ ਸਰਕਾਰੇ/ ਦਰਬਾਰੇ ਵੀ ਹੋ ਰਹੀ ਹੈ।

ਇਹ ਵੀ ਪੜ੍ਹੋ : ਨਵੀਂਆਂ ਗਾਈਡਲਾਈਨਜ਼ ਦੇ ਨਾਲ ਪੰਜਾਬ ਸਰਕਾਰ ਵਲੋਂ ਸੂਬੇ ’ਚ ਸਕੂਲ ਖੋਲ੍ਹਣ ਦਾ ਐਲਾਨ

ਤਹਿਕੀਕਾਤ ਕਰਨ ’ਤੇ ਪਤਾ ਚੱਲਿਆ ਕਿ ਹਲਕੇ ਦੇ ਕੁਝ ਟਕਸਾਲੀ ਤੇ ਯੂਥ ਆਗੂ ਬੀਬੀ ਭੱਠਲ ਨਾਲ ਨਾਰਾਜ਼ ਚੱਲ ਰਹੇ ਹਨ ਤੇ ਉਨ੍ਹਾਂ ਦੀ ਕਿਤੇ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਨ੍ਹਾਂ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਹੋਰਡਿੰਗ ਲਾ ਕੇ ਆਪਣੇ ਗਿਲੇ ਸ਼ਿਕਵੇ ਜ਼ਾਹਿਰ ਕੀਤੇ ਹਨ, ਉਥੇ ਹੀ ਸਾਬਕਾ ਸੂਬਾ ਪ੍ਰਧਾਨਾਂ ’ਤੇ ਕਿੰਤੂ-ਪ੍ਰੰਤੂ ਕਰਦਿਆਂ ਸਪੱਸ਼ਟ ਲਿਖਿਆ ਹੈ ਕਿ ਪੰਜਾਬ ’ਚ ਪਹਿਲੀ ਵਾਰ ਈਮਾਨਦਾਰ ਤੇ ਲੋਕਾਂ ਦਾ ਪਸੰਦੀਦਾ ਨੇਤਾ ਸੂਬਾ ਪ੍ਰਧਾਨ ਬਣਿਆ ਹੈ ਪਰ ਦੂਜੇ ਪਾਸੇ ਕੁਝ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਹਲਕੇ ਅੰਦਰ ਕਾਂਗਰਸ ’ਚ ਕੋਈ ਗੁੱਟਬੰਦੀ ਨਹੀਂ ਇਹ ਸਿਰਫ਼ ਦਬਾਅ ਦੀ ਰਾਜਨੀਤੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਐਕਸ਼ਨ ਮੂਡ ’ਚ ਕੈਪਟਨ, ਲਿਆ ਅਹਿਮ ਫ਼ੈਸਲਾ

ਇਨ੍ਹਾਂ ਦਾਅਵਿਆਂ ਦੇ ਬਾਵਜੂਦ ਉਕਤ ਹੋਰਡਿੰਗ ਕਿਤੇ ਨਾ ਕਿਤੇ ਬੀਬੀ ਭੱਠਲ ਲਈ ਖਤਰੇ ਦੀ ਘੰਟੀ ਸਾਬਿਤ ਹੋ ਹੀ ਸਕਦੇ ਹਨ। ਜੇਕਰ ਸਮਾਂ ਰਹਿੰਦੇ ਬੀਬੀ ਭੱਠਲ ਨੇ ਰੁੱਸੇ ਟਕਸਾਲੀ ਤੇ ਹੋਰ ਆਗੂਆਂ ਨੂੰ ਨਾ ਮਨਾਇਆ ਤਾਂ ਉਨ੍ਹਾਂ ਲਈ ਅਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਬੀਬੀ ਰਾਜਿੰਦਰ ਕੌਰ ਭੱਠਲ ਉਕਤ ਮਾਮਲੇ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦੇ ਹਨ , ਫਿਲਹਾਲ ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਲੱਗੇ ਹੋਰਡਿੰਗ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਇਹ ਵੀ ਪੜ੍ਹੋ : ਕੈਪਟਨ-ਸਿੱਧੂ ਵਿਵਾਦ ’ਚ ਮੰਤਰੀ ਬ੍ਰਹਮ ਮਹਿੰਦਰਾ ਦੀ ਐਂਟਰੀ, ਸਿੱਧੂ ਨੂੰ ਮਿਲਣ ਲਈ ਰੱਖੀ ਇਹ ਵੱਡੀ ਸ਼ਰਤ

ਨੋਟ - ਪੰਜਾਬ ਕਾਂਗਰਸ ’ਚ ਚੱਲ ਰਹੀ ਧੜੇਬੰਦੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News