ਕੈਪਟਨ-ਸਿੱਧੂ ਦੀ ਲੜਾਈ, ਇਕ ਪਾਸੇ ਖੂਹ, ਦੂਜੇ ਪਾਸੇ ਖੱਡ

Sunday, Jun 06, 2021 - 06:53 PM (IST)

ਕੈਪਟਨ-ਸਿੱਧੂ ਦੀ ਲੜਾਈ, ਇਕ ਪਾਸੇ ਖੂਹ, ਦੂਜੇ ਪਾਸੇ ਖੱਡ

ਚੰਡੀਗੜ੍ਹ (ਅਸ਼ਵਨੀ) : ਬੇਸ਼ੱਕ ਪੰਜਾਬ ਕਾਂਗਰਸ ਦੇ ਸਿਆਸੀ ਘਮਸਾਨ ਨੂੰ ਸ਼ਾਂਤ ਕਰਨ ਲਈ ਹਾਈਕਮਾਨ ਨੇ ਮੋਰਚਾ ਸੰਭਾਲ ਲਿਆ ਹੈ ਪਰ ਸਭ ਕੁੱਝ ਠੀਕ ਹੋ ਜਾਣ ਦੀਆਂ ਉਮੀਦਾਂ ’ਤੇ ਸ਼ੰਕਾਵਾਂ ਜ਼ਿਆਦਾ ਹਾਵੀ ਹਨ। ਸਭ ਤੋਂ ਵੱਡੀ ਸ਼ੰਕਾ ਇਹ ਹੈ ਕਿ ਜੇਕਰ ਹਾਈਕਮਾਨ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿੰਦੀ ਹੈ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕਹੀਆਂ ਉਨ੍ਹਾਂ ਗੱਲਾਂ ਦਾ ਕੀ ਹੋਵੇਗਾ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਸਿੱਧੂ ਨੂੰ ਉਪ ਮੁੱਖ ਮੰਤਰੀ ਬਣਾਉਣਾ ਸੰਭਵ ਨਹੀਂ ਹੈ ਕਿਉਂਕਿ ਪਾਰਟੀ ਵਿਚ ਉਨ੍ਹਾਂ ਤੋਂ ਕਈ ਸੀਨੀਅਰ ਨੇਤਾ ਮੌਜੂਦ ਹਨ। ਸਿਰਫ਼ ਕੁੱਝ ਸਾਲ ਪਹਿਲਾਂ ਆਏ ਸਿੱਧੂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਪੜ੍ਹੋ : ਕਾਂਗਰਸ ਦੇ ਕਲੇਸ਼ ਦਰਮਿਆਨ ਵੱਡੀ ਖ਼ਬਰ, ਪੰਜਾਬ ਕੈਬਨਿਟ ’ਚ ਫੇਰਬਦਲ ਜਲਦ, ਸਿੱਧੂ ਦੀ ਐਂਟਰੀ ਸੰਭਵ

PunjabKesari

ਇਹੀ ਨਹੀਂ ਮੁੱਖ ਮੰਤਰੀ ਨੇ ਤਾਂ ਸਿੱਧੂ ਨੂੰ ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਦੋਸਤ ਦੱਸਦਿਆਂ ਉਨ੍ਹਾਂ ਦੀ ਕੌਮੀ ਭਾਵਨਾ ’ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਸਨ। ਇਸ ਸਬੰਧੀ ਸ਼ੰਕਾ ਨਵਜੋਤ ਸਿੱਧੂ ਦੇ ਪੱਧਰ ’ਤੇ ਵੀ ਹੈ ਕਿ ਕੀ ਸਿੱਧੂ ਲਈ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰਿਆ ਜਾਣਾ ਸਹਿਜ ਹੋਵੇਗਾ ਕਿਉਂਕਿ ਉਹ ਲਗਾਤਾਰ ਇਹ ਦਾਅਵਾ ਕਰਦੇ ਰਹੇ ਹਨ ਕਿ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ। ਉਨ੍ਹਾਂ ਦੀ ਅਸਲ ਲੜਾਈ ਤਾਂ ਮੁੱਦਿਆਂ ਦੀ ਹੈ। ਅਜਿਹੇ ਸਮੇਂ ਜੇਕਰ ਸਿੱਧੂ ਉਪ ਮੁੱਖ ਮੰਤਰੀ ਦਾ ਅਹੁਦਾ ਸਵੀਕਾਰ ਕਰ ਲੈਂਦੇ ਹਨ ਤਾਂ ਸੁਭਾਵਿਕ ਤੌਰ ’ਤੇ ਸਵਾਲ ਉਠੇਗਾ ਕਿ ਕੀ ਸਿੱਧੂ ਅਹੁਦੇ ਦੀ ਲਾਲਸਾ ਲਈ ਹੀ ਹੁਣ ਤੱਕ ਆਵਾਜ਼ ਬੁਲੰਦ ਕਰਦੇ ਰਹੇ। ਸਵਾਲ ਇਹ ਵੀ ਉੱਠਣਾ ਤੈਅ ਹੈ ਕਿ ਨਵਜੋਤ ਸਿੱਧੂ ਵੀ ਵਿਧਾਇਕ ਸੁਖਪਾਲ ਖਹਿਰਾ ਵਾਂਗ ਨਿਕਲੇ। ਇਸ ’ਚ ਵੱਡਾ ਸਵਾਲ ਇਹ ਵੀ ਹੋਵੇਗਾ ਕਿ ਪੰਜਾਬ ਦੇ ਕਿਸਾਨਾਂ ਦੀ ਪੀੜਾ, ਮਾਫੀਆ ਰਾਜ, ਦਲਿਤਾਂ ਨੂੰ ਨਜ਼ਰਅੰਦਾਜ਼ ਕਰਨਾ, ਬੇਅਦਬੀ-ਗੋਲੀਕਾਂਡ ਵਰਗੇ ਮੁੱਦਿਆਂ ਦਾ ਕੀ ਹੋਇਆ ਜਾਂ ਕੀ ਹੋਵੇਗਾ। ਕੀ ਸਿਰਫ਼ ਸਿੱਧੂ ਨੂੰ ਅਹੁਦਾ ਦੇ ਕੇ ਇਹ ਸਾਰੇ ਮੁੱਦੇ ਸ਼ਾਂਤ ਹੋ ਜਾਣਗੇ। ਉਥੇ ਹੀ, ਸਵਾਲ ਇਹ ਵੀ ਹੈ ਕਿ ਸਿੱਧੂ ਨਾਲ ਵਿਰੋਧ ਦੀ ਆਵਾਜ਼ ਬੁਲੰਦ ਕਰਨ ਵਾਲੇ ਕਾਂਗਰਸੀ ਨੇਤਾਵਾਂ ਦਾ ਖੇਮਾ ਖ਼ਤਮ ਹੋ ਜਾਵੇਗਾ।

ਇਹ ਵੀ ਪੜ੍ਹੋ : ਕੈਪਟਨ ਨੇ ਜਾਖੜ ਦੇ ਹੱਕ ’ਚ ਵੱਡਾ ਪੱਤਾ ਖੇਡਿਆ, ਅੰਕੜਿਆਂ ਸਣੇ ਹਾਈਕਮਾਨ ਅੱਗੇ ਪੇਸ਼ ਕੀਤੇ ਤੱਥ

PunjabKesari

ਸਿੱਧੂ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਰਾਹ ਵੀ ਔਖਾ, ਹਿੰਦੂ ਵਿਰੋਧ ਦਾ ਖ਼ਤਰਾ
ਦੂਜੇ ਪਾਸੇ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਏ ਜਾਣ ਦੀਆਂ ਚਰਚਾਵਾਂ ਜੇਕਰ ਸੱਚ ਹੋ ਜਾਂਦੀਆਂ ਹਨ ਤਾਂ ਵੀ ਰਿਸਕ ਫੈਕਟਰ ਘੱਟ ਹੋਣਾ ਤੈਅ ਨਹੀਂ ਹੈ। ਸਭ ਤੋਂ ਵੱਡਾ ਰਿਸਕ ਤਾਂ ਇਹੀ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਬਾਗੀ ਤੇਵਰ ਅਖ਼ਤਿਆਰ ਕਰ ਸਕਦੇ ਹਨ। ਉਸ ’ਤੇ ਪੰਜਾਬ ’ਚ ਹਿੰਦੂ ਲੀਡਰਸ਼ਿਪ ਨੂੰ ਸਾਈਡ ਲਾਈਨ ਕਰਨ ਦਾ ਖ਼ਤਰਾ ਵੀ ਤੈਅ ਹੈ। ਅਜਿਹਾ ਇਸ ਲਈ ਵੀ ਹੈ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਬਟਾਲੇ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਪਹਿਲਾਂ ਹੀ ਪੰਜਾਬ ਕਾਂਗਰਸ ’ਚ ਹਿੰਦੂ ਲੀਡਰਸ਼ਿਪ ਨੂੰ ਸਾਈਡ ਲਾਈਨ ਕਰਨ ਦਾ ਦੋਸ਼ ਲਗਾ ਚੁੱਕੇ ਹਨ। ਸਾਫ਼ ਹੈ ਕਿ ਜਾਖੜ ਦੇ ਸਾਈਡ ਲਾਈਨ ਹੁੰਦੇ ਹੀ ਕਾਂਗਰਸ ਖ਼ਿਲਾਫ਼ ਹਿੰਦੂ ਵਿਰੋਧ ਹੋਣ ਦਾ ਕਾਰਡ ਬਾਹਰ ਆ ਸਕਦਾ ਹੈ ਅਤੇ ਵਿਰੋਧੀ ਦਲ ਇਸ ਦਾ ਫਾਇਦਾ ਲੈਣ ’ਚ ਕੋਈ ਕਸਰ ਨਹੀਂ ਛੱਡਣਗੇ। ਖਾਸ ਗੱਲ ਇਹ ਵੀ ਹੈ ਕਿ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਕਰੀਬੀ ਕਿਹਾ ਜਾਂਦਾ ਹੈ। ਖੁਦ ਮੁੱਖ ਮੰਤਰੀ ਵੀ ਇਹ ਗੱਲ ਸਪੱਸ਼ਟ ਕਰ ਚੁੱਕੇ ਹਨ ਕਿ ਪਾਰਟੀ ਪ੍ਰਧਾਨ ਦੇ ਤੌਰ ’ਤੇ ਸੁਨੀਲ ਜਾਖੜ ਚੰਗਾ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਹਟਾਉਣ ਦਾ ਕੋਈ ਸਵਾਲ ਹੀ ਨਹੀਂ ਉਠਦਾ। ਸਾਫ਼ ਤੌਰ ’ਤੇ ਪੰਜਾਬ ਦੀ ਸਿਆਸੀ ਪਿਚ ਦੇ ਇਕ ਕੰਢੇ ’ਤੇ ਖੜ੍ਹੇ ਕੈਪਟਨ ਅਮਰਿੰਦਰ ਸਿੰਘ ਅਤੇ ਦੂਜੇ ਕੰਢੇ ਖੜ੍ਹੇ ਨਵਜੋਤ ਸਿੰਘ ਸਿੱਧੂ ਭਾਵ ਦੋਵਾਂ ਲਈ ਬੈਕਫੁੱਟ ਜਾਂ ਫਰੰਟ ਫੁੱਟ ’ਤੇ ਆਉਣਾ ਰਿਸਕੀ ਹੋ ਸਕਦਾ ਹੈ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਕੈਪਟਨ-ਸਿੱਧੂ ਦੀ ਲੜਾਈ ’ਚ ਇਕ ਪਾਸੇ ਖੂਹ ਹੈ ਤਾਂ ਦੂਜੇ ਪਾਸੇ ਖੱਡ ਹੈ।

ਇਹ ਵੀ ਪੜ੍ਹੋ : ਕਪੂਰਥਲਾ ਹਾਊਸ ’ਚ ਮੁੱਖ ਮੰਤਰੀ ਨੇ ਕੀਤਾ ਮੰਥਨ, ਕਮੇਟੀ ਨਾਲ ਮੁਲਾਕਾਤ ਤੋਂ ਪਹਿਲਾਂ ਹੋਈ ਡਿਨਰ ਡਿਪਲੋਮੈਸੀ

PunjabKesari

ਜ਼ਮੀਨ ਲੱਭ ਰਹੇ ਕਾਂਗਰਸੀਆਂ ਦਾ ਵੱਡਾ ਸੰਕਟ
ਘਮਸਾਨ ਦੇ ਸ਼ਾਂਤ ਹੋਣ ’ਤੇ ਸ਼ੱਕਾ ’ਚ ਇਕ ਵੱਡੀ ਅੜਚਣ ਜ਼ਮੀਨ ਲੱਭ ਰਹੇ ਉਹ ਕਾਂਗਰਸੀ ਨੇਤਾ ਵੀ ਹਨ, ਜੋ ਮੌਜੂਦਾ ਸਮੇਂ ’ਚ ਹਾਸ਼ੀਏ ’ਤੇ ਹਨ। ਉਧਰ, ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋਂ ਵਰਗੇ ਨੇਤਾਵਾਂ ਦੇ ਵਿਰੋਧ ਨਾਲ ਨਜਿੱਠਣਾ ਵੀ ਹਾਈਕਮਾਨ ਲਈ ਵੱਡੀ ਚੁਣੌਤੀ ਰਹੇਗਾ। ਦੋਵਾਂ ਸੰਸਦ ਮੈਂਬਰਾਂ ਨੇ ਪੰਜਾਬ ਕਾਂਗਰਸ ’ਚ ਘਮਸਾਨ ਦਰਮਿਆਨ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹ ਕੇ ਪੰਜਾਬ ’ਚ ਆਪਣੀ ਸਰਗਰਮੀ ਵਧਾ ਦਿੱਤੀ ਹੈ। ਇਥੋਂ ਤੱਕ ਕਿ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਿੱਧੀ ਚੁਣੌਤੀ ਦਿੰਦਿਆਂ 45 ਦਿਨ ਦਾ ਅਲਟੀਮੇਟਮ ਤੱਕ ਦਿੱਤਾ ਹੋਇਆ ਹੈ। ਉਨ੍ਹਾਂ ਨੇ ਤਾਂ ਹੁਣ ਇਥੋਂ ਤੱਕ ਕਹਿ ਦਿੱਤਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਇਕ ਮਹੀਨੇ ਦੇ ਅੰਦਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਖਿਲਾਫ਼ ਕਾਰਵਾਈ ਕਰਨ, ਨਹੀਂ ਤਾਂ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣ। ਇਸ ਤਹਿਤ ਸੰਸਦ ਸ਼ਮਸ਼ੇਰ ਸਿੰਘ ਦੂਲੋਂ ਨੇ ਦਲਿਤ ਕਾਰਡ ਖੇਡਦਿਆਂ ਮੁੱਖ ਮੰਤਰੀ ਨੂੰ ਦਲਿਤ ਵਿਰੋਧੀ ਕਰਾਰ ਦਿੱਤਾ ਹੋਇਆ ਹੈ।

ਇਹ ਵੀ ਪੜ੍ਹੋ : ਲੱਖਾ ਸਿਧਾਣਾ ਨੇ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ!

PunjabKesari

ਸਿੱਧੂ ਨੂੰ ਅਖਿਲ ਭਾਰਤੀ ਕਾਂਗਰਸ ’ਚ ਜ਼ਿੰਮੇਵਾਰੀ ਦਾ ਕਾਰਡ
ਚਰਚਾ ਇਸ ਗੱਲ ਦੀ ਹੈ ਕਿ ਹਾਈਕਮਾਨ ਵੀ ਸਾਰੀਆਂ ਸ਼ੰਕਾਵਾਂ ਸਬੰਧੀ ਪੂਰੀ ਤਰ੍ਹਾਂ ਚੌਕਸ ਹੈ। ਹਾਈਕਮਾਨ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਹਰੀਸ਼ ਰਾਵਤ ਨੇ ਵੀ ਗੱਲਾਂ-ਗੱਲਾਂ ’ਚ ਜ਼ਾਹਿਰ ਕਰ ਦਿੱਤਾ ਹੈ ਕਿ ਸਾਰਿਆ ਨੂੰ ਮਿਲ-ਜੁਲ ਕੇ ਨਾਲ ਚੱਲਣ ਦਾ ਰਾਹ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦਾ ਰੋਡਮੈਪ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਲਾਹ-ਮਸ਼ਵਰੇ ਨਾਲ ਤਿਆਰ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਹਾਈਕਮਾਨ ਕੋਈ ਰਸਤਾ ਕੱਢਣ ਦੀ ਕੋਸ਼ਿਸ਼ ਕਰ ਸਕਦਾ ਹੈ, ਜਿਸ ਦੇ ਤਹਿਤ ਨਵਜੋਤ ਸਿੱਧੂ ਨੂੰ ਅਖਿਲ ਭਾਰਤੀ ਕਾਂਗਰਸ ਕਮੇਟੀ ਵਿਚ ਜਗ੍ਹਾ ਦਿੱਤੀ ਜਾ ਸਕਦੀ ਹੈ। ਹਾਲਾਂਕਿ ਨਵਜੋਤ ਸਿੰਘ ਸਿੱਧੂ ਦੇ ਇਸ ’ਤੇ ਰਾਜ਼ੀ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ ਕਿਉਂਕਿ ਸਿੱਧੂ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਪੰਜਾਬ ਦੀ ਧਰਤੀ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ।

ਇਹ ਵੀ ਪੜ੍ਹੋ : ਤਿੰਨ ਮੈਂਬਰੀ ਕਮੇਟੀ ਨਾਲ ਗੱਲਬਾਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ

PunjabKesari

ਕੀ ਰਾਜਸਥਾਨ ਵਾਂਗ ਹੋਵੇਗਾ ਹਾਲ?
ਚਰਚਾ ਇਸ ਗੱਲ ਦੀ ਵੀ ਹੈ ਕਿ ਤਮਾਮ ਜ਼ੋਖਿਮਾਂ ਨੂੰ ਭਾਂਪਦਿਆਂ ਹਾਈਕਮਾਨ ਪੰਜਾਬ ਦੇ ਘਮਸਾਨ ’ਤੇ ਰਾਜਸਥਾਨ ਦਾ ਫਾਰਮੂਲਾ ਅਪਨਾ ਸਕਦੀ ਹੈ। ਰਾਜਸਥਾਨ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਪੈਦਾ ਹੋਈ ਖਿੱਚੋਤਾਣ ਨੂੰ ਸ਼ਾਂਤ ਕਰਨ ਲਈ ਹਾਈਕਮਾਨ ਨੇ ਇਕ ਕਮੇਟੀ ਦਾ ਗਠਨ ਕੀਤਾ ਸੀ। ਇਸ ਕਮੇਟੀ ਨੇ ਬੈਠਕਾਂ ਰਾਹੀਂ ਰਾਜਸਥਾਨ ਦੇ ਕਾਂਗਰਸੀ ਨੇਤਾਵਾਂ ਦਾ ਮਨ ਟਟੋਲਿਆ ਸੀ ਅਤੇ ਇਕ ਰਿਪੋਰਟ ਹਾਈਕਮਾਨ ਦੇ ਹਵਾਲੇ ਕੀਤੀ ਗਈ ਸੀ। ਇਸ ਰਿਪੋਰਟ ’ਚ ਕਈ ਮੁੱਦਿਆਂ ’ਤੇ ਆਮ ਸਹਿਮਤੀ ਬਣੀ ਸੀ, ਜਿਨ੍ਹਾਂ ’ਤੇ ਤੁਰੰਤ ਪ੍ਰਭਾਵ ਤੋਂ ਕਾਰਵਾਈ ਹੋਣ ਦੀ ਗੱਲ ਕਹੀ ਜਾ ਰਹੀ ਸੀ ਪਰ ਅੱਜ ਤੱਕ ਇਸ ’ਤੇ ਕੁੱਝ ਨਹੀਂ ਹੋਇਆ। ਸਚਿਨ ਪਾਇਲਟ ਅੱਜ ਵੀ ਹਾਈਕਮਾਨ ਦੀ ਕਾਰਵਾਈ ਦਾ ਇੰਤਜ਼ਾਰ ਕਰ ਰਹੇ ਹਨ। ਇਸ ਕਮੇਟੀ ਦੀ ਜਦੋਂ ਗੱਲ ਚਰਚਾ ਵਿਚ ਆਉਂਦੀ ਹੈ ਤਾਂ ਕਾਂਗਰਸ ਦੇ ਸੀਨੀਅਰ ਨੇਤਾ ਪਾਸਾ ਵੱਟ ਲੈਂਦੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਅਜੇ ਮਾਂਕਨ ਤਾਂ ਹਾਲ ਹੀ ਵਿਚ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਬੇਸ਼ੱਕ ਸਚਿਨ ਪਾਇਲਟ ਪਾਰਟੀ ਲਈ ਕੀਮਤੀ ਹਨ ਪਰ ਕਾਂਗਰਸ ਪਾਰਟੀ ਕਿਸੇ ਦੀਆਂ ਉਮੀਦਾਂ ਦੇ ਹਿਸਾਬ ਨਾਲ ਨਹੀਂ ਚੱਲਦੀ ਹੈ।

ਇਹ ਵੀ ਪੜ੍ਹੋ : ਗੈਂਗਸਟਰ ਲਾਰੈਂਸ਼ ਬਿਸ਼ਨੋਈ ਦੇ ਨਾਮ ’ਤੇ ਆਈ ਚਿੱਠੀ ਨੇ ਉਡਾਏ ਹੋਸ਼, ਸੱਚ ਕੁੱਝ ਹੋਰ ਹੀ ਨਿਕਲਿਆ

ਜੋਤਿਰਾਦਿੱਤਿਆ ਸਿੰਧੀਆ ਦਾ ਉਦਾਹਰਣ
ਕਾਂਗਰਸ ’ਚ ਰਾਜ ਪੱਧਰ ’ਤੇ ਘਮਸਾਨ ਕੋਈ ਨਵੀਂ ਗੱਲ ਨਹੀਂ ਹੈ। ਰਾਜਸਥਾਨ ਸਮੇਤ ਮੱਧ ਪ੍ਰਦੇਸ਼ ਤੋਂ ਲੈ ਕੇ ਹਰਿਆਣਾ, ਅਸਮ ਤੱਕ ਕਾਂਗਰਸ ’ਚ ਘਮਸਾਨ ਮਚਦਾ ਰਿਹਾ ਹੈ। ਮੱਧ ਪ੍ਰਦੇਸ਼ ਵਿਚ ਤਾਂ ਰਾਹੁਲ ਗਾਂਧੀ ਦੇ ਬੇਹੱਦ ਕਰੀਬੀ ਮੰਨੇ ਜਾਣ ਵਾਲੇ ਜੋਤੀਰਾਦਿੱਤਿਆ ਸਿੰਧਿਆ ਨੇ ਬਗਾਵਤ ਦਾ ਝੰਡਾ ਬੁਲੰਦ ਕੀਤਾ ਸੀ ਪਰ ਸੀਨੀਅਰ ਨੇਤਾ ਕਮਲਨਾਥ ਭਾਰੀ ਪੈ ਗਏ ਅਤੇ ਜੋਤਿਰਾਦਿੱਤਿਆ ਸਿੰਧੀਆ ਨੂੰ ਕਾਂਗਰਸ ਨੂੰ ਹੀ ਅਲਵਿਦਾ ਕਹਿਣ ’ਤੇ ਮਜਬੂਰ ਹੋਣਾ ਪਿਆ। ਹਰਿਆਣਾ ਵਿਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦੇ ਨਾਲ ਨੇਤਾਵਾਂ ਦੀ ਖਿਚੋਤਾਣ ਵੀ ਜਗ-ਜ਼ਾਹਿਰ ਹੈ। ਬੀਤੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਜਿਥੇ ਤਤਕਾਲੀਨ ਪ੍ਰਦੇਸ਼ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਛੱਡ ਦਿੱਤੀ ਸੀ, ਉਥੇ ਹੀ ਹੁਣ ਮੌਜੂਦਾ ਪ੍ਰਦੇਸ਼ ਕਾਂਗੇਰਸ ਪ੍ਰਧਾਨ ਕੁਮਾਰੀ ਸ਼ੈਲਜਾ ਨਾਲ ਵੀ ਉਨ੍ਹਾਂ ਦਾ ‘ਛੱਤੀ ਦਾ ਅੰਕੜਾ’ ਚੱਲ ਰਿਹਾ ਹੈ। ਉਥੇ ਹੀ, ਅਸਮ ਵਿਚ ਤਾਂ 23 ਸਾਲ ਤੱਕ ਕਾਂਗਰਸ ਦੀ ਸੇਵਾ ਕਰਨ ਵਾਲੇ ਹੇਮੰਤ ਬਿਸਵਾ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ੍ਹ ਚੁੱਕੇ ਹਨ ਅਤੇ ਉਥੇ ਬਿਸਵਾ ਹੁਣ ਮੁੱਖ ਮੰਤਰੀ ਬਣ ਚੁੱਕੇ ਹਨ।

ਇਹ ਵੀ ਪੜ੍ਹੋ : ਪੰਜਾਬ ਟਰਾਂਸਪੋਰਟ ਮੰਤਰੀ ਦਾ ਵੱਡਾ ਐਲਾਨ, ਜਾਰੀ ਕੀਤੇ ਇਹ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News