ਕਾਂਗਰਸੀਆਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
Monday, Nov 25, 2019 - 01:46 PM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਬਲਾਕ ਕਾਂਗਰਸ ਵਲੋਂ ਅੱਜ ਮਾਰਕਿਟ ਕਮੇਟੀ ਦਫ਼ਤਰ ਅੱਗੇ ਕੇਂਦਰ ਦੀ ਐੱਨ. ਡੀ. ਏ ਸਰਕਾਰ ਖਿਲਾਫ਼ ਧਰਨਾ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ। ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਅਗਵਾਈ ਹੇਠ ਇਕੱਤਰ ਹੋਏ ਕਾਂਗਰਸੀਆਂ ਨੇ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਅੱਜ ਦੇਸ਼ ਵਿਚ ਜੋ ਆਰਥਿਕ ਮੰਦੀ ਛਾਈ ਹੋਈ ਹੈ ਉਹ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਲਾਤ ਅੱਜ ਇਹ ਹਨ ਕਿ ਨੌਜਵਾਨਾਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਇੰਡਸਟਰੀ ਡੁੱਬ ਰਹੀ ਹੈ, ਦੁਕਾਨਦਾਰ ਤੇ ਵਪਾਰੀਆਂ ਦਾ ਕਾਰੋਬਾਰ ਟੈਕਸਾਂ ਦੇ ਬੋਝ ਕਾਰਨ ਠੱਪ ਹੋਣ ਕਿਨਾਰੇ ਪੁੱਜ ਗਿਆ ਹੈ। ਕੁੰਦਰਾ ਨੇ ਕਿਹਾ ਕਿ ਪੰਜਾਬ ਦੀ ਆਰਥਿਕ ਸਥਿਤੀ ਕਿਸਾਨੀ ਤੇ ਇੰਡਸਟਰੀ 'ਤੇ ਨਿਰਭਰ ਹੈ ਪਰ ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਦੋਵੇਂ ਵਰਗ ਖੁਦਕੁਸ਼ੀਆਂ ਦੇ ਰਾਹ 'ਤੇ ਤੁਰੇ ਹੋਏ ਹਨ।
ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮੋਦੀ ਤੇ ਉਸਦੀ ਸਰਕਾਰ ਵਿਦੇਸ਼ੀ ਦੌਰਿਆਂ 'ਤੇ ਕਰੋੜਾਂ ਰੁਪਏ ਫਜ਼ੂਲ ਖਰਚਣ ਦੀ ਬਜਾਏ ਦੇਸ਼ ਦੀ ਆਰਥਿਕ ਸਥਿਤੀ ਸੁਧਾਰਨ ਲਈ ਯੋਗ ਕਦਮ ਉਠਾਏ। ਇਸ ਮੌਕੇ ਤੇਜਿੰਦਰ ਸਿੰਘ ਕੂੰਨਰ, ਸ਼ਕਤੀ ਆਨੰਦ, ਕਸਤੂਰੀ ਲਾਲ ਮਿੰਟੂ (ਸਾਰੇ ਪ੍ਰਦੇਸ਼ ਸਕੱਤਰ), ਉਪ ਚੇਅਰਮੈਨ ਸੁਖਪ੍ਰੀਤ ਸਿੰਘ ਝੜੌਦੀ, ਬਲਾਕ ਸੰਮਤੀ ਮੈਂਬਰ ਅਮਨਦੀਪ ਸਿੰਘ ਗੁਰੋਂ, ਗੁਰਮੀਤ ਸਿੰਘ ਕਾਹਲੋਂ, ਪਰਮਜੀਤ ਪੰਮਾ, ਸੁਖਜਿੰਦਰ ਸਿੰਘ ਪਵਾਤ, ਚੇਤਨ ਕੁਮਾਰ, ਜਸਦੇਵ ਸਿੰਘ ਰੂੜੇਵਾਲ, ਪੀ.ਏ ਰਾਜੇਸ਼ ਬਿੱਟੂ, ਪਰਮਿੰਦਰ ਤਿਵਾੜੀ, ਅਸ਼ੋਕ ਕੁਮਾਰ ਜੋਧਵਾਲ ਆਦਿ ਵੀ ਮੌਜੂਦ ਸਨ।