ਪਗੜੀ ਤੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਸਿੱਖ ਜਥੇਬੰਦੀਆਂ ਦੀ ਚਿਤਾਵਨੀ

08/02/2017 12:27:13 PM

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ)-ਬੀਤੇ ਦਿਨੀਂ ਮਿਡ-ਡੇ-ਮੀਲ ਦੇ ਟੈਂਡਰਾਂ ਨੂੰ ਲੈ ਕੇ ਕਾਂਗਰਸ ਦੀਆਂ ਦੋ ਧਿਰਾਂ ਦਰਮਿਆਨ ਹੋਏ ਝਗੜੇ, ਉਸੇ ਦਿਨ ਤੋਂ ਇਕ ਧਿਰ ਦੇ ਸਿੱਖ ਦੀ ਪਗੜੀ ਤੇ ਕੇਸਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਪੀੜਤ ਦੀ ਪਤਨੀ ਨੂੰ ਨਾਲ ਲੈ ਕੇ ਡੀ. ਐੱਸ. ਪੀ. ਭਿੱਖੀਵਿੰਡ ਕੋਲੋਂ ਮੰਗ ਕੀਤੀ ਕਿ ਸਿੱਖ ਦੀ ਪਗੜੀ ਤੇ ਕੇਸਾਂ ਦੀ ਬੇਅਬਦੀ ਕਰਨ ਵਾਲਿਆਂ 'ਤੇ ਸਖਤ ਕਰਵਾਈ ਕੀਤੀ ਜਾਵੇ।     
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਦੇ ਭਾਈ ਦਿਲਬਾਗ ਸਿੰਘ, ਸਤਿਕਾਰ ਕਮੇਟੀ ਦੇ ਆਗੂ ਚਾਨਣ ਸਿੰਘ ਦਰਾਜਕੇ, ਭਾਈ ਰਣਜੀਤ ਸਿੰਘ, ਸੁਖਪਾਲ ਸਿੰਘ ਤੇ ਰਮਨੀਕ ਸਿੰਘ ਨੇ ਦੱਸਿਆ ਕਿ ਜਦ ਸਾਨੂੰ ਪਤਾ ਲੱਗਾ ਕਿ ਇਕ ਵਿਅਕਤੀ ਜਿਸ ਨੇ ਆਪਣੇ ਨਾਲ ਕੁੱਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਬਲਵਿੰਦਰ ਸਿੰਘ ਦੀ ਪਗੜੀ ਅਤੇ ਕੇਸਾਂ ਦੀ ਬੇਅਦਬੀ ਕੀਤੀ ਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਵੀ ਕੀਤੀ ਹੈ, ਜੋ ਕਿ ਗੰਭੀਰ ਜ਼ਖਮੀ ਹੈ, ਜਿਸ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ ਅਤੇ ਉਸ ਦੀ ਪਤਨੀ ਅਤੇ ਭੈਣ ਜਸਵਿੰਦਰ ਕੌਰ ਉਨ੍ਹਾਂ ਲੋਕਾਂ 'ਤੇ ਕਰਵਾਈ ਕਰਵਾਉਣ ਲਈ ਧੱਕੇ ਖਾ ਰਹੀਆਂ ਹਨ। ਭਿੱਖੀਵਿੰਡ ਪੁਲਸ ਨੇ ਜਿਨ੍ਹਾਂ ਲੋਕਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਨੂੰ ਕਈ ਦਿਨ ਬੀਤਣ 'ਤੇ ਕੋਈ ਵੀ ਕਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਰ ਸਿੱਖ ਜੋ ਹਰੇਕ ਧਰਮ ਦਾ ਸਤਿਕਾਰ ਕਰਦਾ ਹੈ, ਉਹ ਅਜਿਹੀ ਘਟਨਾ ਬਰਦਾਸ਼ਤ ਨਹੀਂ ਕਰੇਗਾ। ਅਸੀਂ ਅੱਜ ਡੀ. ਐੱਸ. ਪੀ. ਸੁਲੱਖਣ ਸਿੰਘ ਨੂੰ ਸਿੱਖ ਬਲਵਿੰਦਰ ਸਿੰਘ ਦੇ ਕੇਸਾਂ ਤੇ ਪਗੜੀ ਦੀ ਬੇਅਦਬੀ ਦੀਆਂ ਤਸਵੀਰਾਂ ਤੱਕ ਦੇ ਦਿੱਤੀਆਂ ਹਨ, ਜੇ ਕਰਵਾਈ ਨਾ ਹੋਈ ਤਾਂ ਵੱਖ-ਵੱਖ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਪੀੜਤ ਬਲਵਿੰਦਰ ਸਿੰਘ ਦੀ ਪਤਨੀ ਜਸਵਿੰਦਰ ਕੌਰ ਨੇ ਹੋਈ ਕੁੱਟਮਾਰ ਤੇ ਪਗੜੀ ਅਤੇ ਕੇਸਾਂ ਦੀ ਹੋਈ ਬੇਅਦਬੀ ਦੀਆਂ ਤਸਵੀਰਾਂ ਹੱਥ 'ਚ ਫੜ ਕੇ ਕਿਹਾ ਕਿ ਇਹ ਕਾਂਗਰਸ ਪਾਰਟੀ ਦੇ ਰਜਿੰਦਰ ਕੁਮਾਰ ਬੱਬੂ ਸ਼ਰਮਾ ਜੋ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ ਪਤੀ ਦੀ ਕੁੱਟਮਾਰ ਕੀਤੀ ਅਤੇ ਕੇਸਾਂ ਤੇ ਪਗੜੀ ਦੀ ਵੀ ਬੇਅਦਬੀ ਕੀਤੀ ਹੈ ਅਤੇ ਉਨ੍ਹਾਂ ਕੋਲ ਹਥਿਆਰ ਵੀ ਹਨ, ਜੋ ਮੇਰੇ ਪਤੀ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।  ਇਸ ਸਬੰਧੀ ਰਜਿੰਦਰ ਕੁਮਾਰ ਬੱਬੂ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਝਗੜਾ ਹੋਇਆ ਹੈ ਪਰ ਕੋਈ ਬੇਅਦਬੀ ਵਾਲੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਸਾਰੇ ਹੀ ਦੋਸ਼ਾਂ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ।  
ਇਸ ਸਬੰਧੀ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਕਿਹਾ ਪੜਤਾਲ ਚੱਲ ਰਹੀ ਹੈ, ਜੋ ਪੂਰੀ ਹੋਣ 'ਤੇ ਕੇਸ ਦਰਜ ਹੋਵੇਗਾ।
ਕੀ ਕਹਿਣਾ ਹੈ ਡੀ. ਐੱਸ. ਪੀ. ਦਾ :  ਇਸ ਸਬੰਧੀ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਨੇ ਕਿਹਾ ਕਿ ਮੈਨੂੰ ਅੱਜ ਜਥੇਬੰਦੀਆਂ ਦੇ ਆਗੂ ਮਿਲੇ ਹਨ। ਜਾਂਚ ਦੌਰਾਨ ਜੇ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਈ ਤਾਂ ਦੋਸ਼ੀਆਂ ਖਿਲਾਫ ਸਖਤ ਕਰਵਾਈ ਹੋਵੇਗੀ।


Related News