ਪੰਜਾਬ ਕਾਂਗਰਸ ਦੇ ਘਮਸਾਨ ’ਤੇ ਸੂਬਾ ਇੰਚਾਰਜ ਹਰੀਸ਼ ਰਾਵਤ ਦਾ ਵਚਨ ਨਹੀਂ ਹੋਇਆ ਪੂਰਾ

Sunday, Jul 11, 2021 - 11:07 PM (IST)

ਪੰਜਾਬ ਕਾਂਗਰਸ ਦੇ ਘਮਸਾਨ ’ਤੇ ਸੂਬਾ ਇੰਚਾਰਜ ਹਰੀਸ਼ ਰਾਵਤ ਦਾ ਵਚਨ ਨਹੀਂ ਹੋਇਆ ਪੂਰਾ

ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਦੇ ਘਮਸਾਨ ’ਤੇ ਸੂਬਾ ਇੰਚਾਰਜ ਹਰੀਸ਼ ਰਾਵਤ ਦਾ ਵਚਨ ਪੂਰਾ ਨਹੀਂ ਹੋ ਸਕਿਆ ਹੈ। ਰਾਵਤ ਨੇ ਦਾਅਵਾ ਕੀਤਾ ਸੀ ਕਿ ਵੱਧ ਤੋਂ ਵੱਧ 10 ਜੁਲਾਈ ਤਕ ਪੰਜਾਬ ਕਾਂਗਰਸ ਨੂੰ ਲੈ ਕੇ ਪੂਰੀ ਤਸਵੀਰ ਸਾਫ਼ ਹੋ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਸ਼ਨੀਵਾਰ ਨੂੰ ਪੂਰਾ ਦਿਨ ਚਰਚਾਵਾਂ ਦਾ ਦੌਰ ਚੱਲਦਾ ਰਿਹਾ ਪਰ ਦੇਰ ਰਾਤ ਤੱਕ ਕਾਂਗਰਸ ਹਾਈਕਮਾਨ ਵਲੋਂ ਕੋਈ ਫ਼ੈਸਲਾ ਨਹੀਂ ਸੁਣਾਇਆ ਗਿਆ। ਮੱਲਿਕਾਰਜੁਨ ਕਮੇਟੀ ਵਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ 18 ਨੁਕਤਿਆਂ ਦਾ ਦਸਤਾਵੇਜ਼ ਫੜਾਉਣ ਤੋਂ ਬਾਅਦ ਅਤੇ ਮੁੱਖ ਮੰਤਰੀ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਤੱਕ ਹਰੀਸ਼ ਰਾਵਤ ਵਾਰ-ਵਾਰ ਇਹੀ ਦੁਹਰਾਉਂਦੇ ਰਹੇ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਫ਼ੈਸਲਾ ਵੱਧ ਤੋਂ ਵੱਧ 10 ਜੁਲਾਈ ਤਕ ਆ ਜਾਵੇਗਾ। ਉਨ੍ਹਾਂ ਨੇ ਤਾਂ ਇੱਥੇ ਤਕ ਕਹਿ ਦਿੱਤਾ ਸੀ ਕਿ ਮੱਲਿਕਾਰਜੁਨ ਕਮੇਟੀ ਨੇ ਜੋ ਰਿਪੋਰਟ ਬਣਾਈ ਹੈ, ਉਹ ਬੇਹੱਦ ਵਿਸਥਾਰਪੂਰਵਕ ਹੈ ਅਤੇ ਹੁਣ ਕਾਂਗਰਸ ਪ੍ਰਧਾਨ ਇਸ ’ਤੇ ਠੋਸ ਫ਼ੈਸਲਾ ਲਵੇਗੀ। ਇਹ ਵੱਖ ਗੱਲ ਹੈ ਕਿ ਰਿਪੋਰਟ ਦੇਣ ਤੋਂ ਬਾਅਦ ਰਾਹੁਲ-ਪ੍ਰਿਯੰਕਾ ਗਾਂਧੀ ਦੀ ਨਵਜੋਤ ਸਿੰਘ ਸਿੱਧੂ ਨਾਲ ਬੈਠਕ ਅਤੇ ਸੋਨੀਆ ਗਾਂਧੀ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਬੈਠਕ ਤੋਂ ਬਾਅਦ ਵੀ ਅਜੇ ਤਕ ਪੰਜਾਬ ਕਾਂਗਰਸ ’ਤੇ ਸਸਪੈਂਸ ਬਰਕਰਾਰ ਹੈ।

ਇਹ ਵੀ ਪੜ੍ਹੋ : 6 ਸਿੱਖ ਰੈਜ਼ੀਮੈਂਟ ’ਚ ਭਰਤੀ ਲਹਿਰਾਗਾਗਾ ਦੇ ਕੁਲਵਿੰਦਰ ’ਤੇ ਅਣਮਨੁੱਖੀ ਤਸ਼ੱਦਦ, ਵਾਇਰਲ ਤਸਵੀਰਾਂ ਨੇ ਉਡਾਏ ਹੋਸ਼

ਉੱਧਰ, ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਪੱਧਰ ’ਤੇ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਫ਼ੈਸਲਾ ਸੁਣਾਇਆ ਜਾਣਾ ਸੀ ਪਰ ਅਚਾਨਕ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਦੇਹਾਂਤ ਕਾਰਨ ਇਸ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਸਵ. ਵੀਰਭੱਦਰ ਸਿੰਘ ਕਾਂਗਰਸ ਦੇ ਦਿੱਗਜ ਨੇਤਾ ਰਹੇ ਹਨ, ਇਸ ਲਈ ਉਨ੍ਹਾਂ ਦਾ ਦੇਹਾਂਤ ਅਖਿਲ ਭਾਰਤੀ ਕਾਂਗਰਸ ਕਮੇਟੀ ਲਈ ਵੱਡਾ ਨੁਕਸਾਨ ਹੈ। ਰਾਹੁਲ ਗਾਂਧੀ ਖੁਦ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਹਿਮਾਚਲ ਗਏ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਜਪਾ ਨੇ ਅਨਿਲ ਜੋਸ਼ੀ ਨੂੰ 6 ਸਾਲਾਂ ਲਈ ਪਾਰਟੀ ’ਚੋਂ ਕੱਢਿਆ

ਸ਼ਨੀਵਾਰ ਨੂੰ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਸਿੰਘ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਇਸ ਦੌਰਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਕੌਮੀ ਕਾਂਗਰਸ ਦੇ ਕੋਸ਼ ਪ੍ਰਧਾਨ ਪਵਨ ਕੁਮਾਰ ਬਾਂਸਲ, ਕੌਮੀ ਕਾਰਜਸੰਮਤੀ ਦੇ ਮੈਂਬਰ ਸੰਸਦ ਮੈਂਬਰ ਆਨੰਦ ਸ਼ਰਮਾ ਸਮੇਤ ਸੂਬਾ ਮਾਮਲਿਆਂ ਦੇ ਇੰਚਾਰਜ ਰਾਜੀਵ ਸ਼ੁਕਲਾ ਦੇ ਚਾਰ ਮੈਂਬਰੀ ਵਫ਼ਦ ਨੇ ਸਵ. ਨੇਤਾ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋ ਕੇ ਸ਼ਰਧਾ ਸੁਮਨ ਭੇਟ ਕੀਤੇ। ਅਜਿਹੇ ਵਿਚ ਹੁਣ ਕਿਹਾ ਜਾ ਰਿਹਾ ਹੈ ਕਿ ਸੰਭਵ ਹੈ ਕਿ ਐਤਵਾਰ ਜਾਂ ਅਗਲੇ ਹਫ਼ਤੇ ਵਿਚ ਕਦੇ ਵੀ ਕਾਂਗਰਸ ਹਾਈਕਮਾਨ ਪੰਜਾਬ ਨੂੰ ਲੈ ਕੇ ਆਪਣਾ ਫ਼ੈਸਲਾ ਸੁਣਾਉਣ ਦੀ ਹਾਲਤ ਵਿਚ ਆ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਲਈ ਨਵੇਂ ਹੁਕਮ ਜਾਰੀ

ਸਿੱਧੂ ਨੇ ਆਮ ਆਦਮੀ ਪਾਰਟੀ ’ਤੇ ਹਮਲਾ ਕਰ ਕੇ ਆਪਣੀ ਪੂਰੀ ਤਸਵੀਰ ਸਾਫ਼ ਕੀਤੀ
ਬੇਸ਼ੱਕ ਪੰਜਾਬ ਕਾਂਗਰਸ ਨੂੰ ਲੈ ਕੇ ਅਜੇ ਪੂਰੀ ਤਸਵੀਰ ਸਾਫ਼ ਹੋਣੀ ਬਾਕੀ ਹੈ ਪਰ ਸਾਬਕਾ ਮੰਤਰੀ ਨਵਜੋਤ ਸਿੰਘ ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ’ਤੇ ਹਮਲਾ ਕਰਕੇ ਆਪਣੀ ਤਸਵੀਰ ਪੂਰੀ ਤਰ੍ਹਾਂ ਸਾਫ਼ ਕਰ ਦਿੱਤੀ ਹੈ। ਸਿੱਧੂ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਜੀਵਨ ਰੇਖਾ ਥਰਮਲ ਪਾਵਰ ਪਲਾਂਟ ਬੰਦ ਕਰਵਾਉਣਾ ਚਾਹੁੰਦੀ ਹੈ, ਜੋ ਬੇਇੰਤਹਾ ਗਰਮੀ ਵਿਚ ਸਾਰੇ ਪੰਜਾਬ ਨੂੰ ਬੇਹਾਲ ਅਤੇ ਝੋਨੇ ਦੀ ਬਿਜਾਈ ਮੌਕੇ ਕਿਸਾਨਾਂ ਨੂੰ ਹੋਰ ਵੀ ਬੇਬਸ ਕਰ ਦੇਵੇਗੀ। ਇਸ ਬਿਆਨ ਨਾਲ ਸਿੱਧੂ ਨੇ ਉਨ੍ਹਾਂ ਸੁਗਬੁਗਾਹਟਾਂ ’ਤੇ ਪੂਰੀ ਤਰ੍ਹਾਂ ਵਿਰ੍ਹਾਮ ਲਗਾ ਦਿੱਤਾ ਹੈ, ਜਿਨ੍ਹਾਂ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਇਕ ਬਿਆਨ ਨੇ ਕਾਫ਼ੀ ਹਵਾ ਦਿੱਤੀ ਸੀ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਕ ਗੱਲਬਾਤ ਵਿਚ ਕਿਹਾ ਸੀ ਕਿ ਸਿੱਧੂ ਆਮ ਆਦਮੀ ਪਾਰਟੀ ਦਾ ਪੱਲਾ ਫੜ੍ਹ ਸਕਦੇ ਹਨ। ਹਾਲਾਂਕਿ ਸਿੱਧੂ ਨੇ ਉਦੋਂ ਵੀ ਇਸ ਗੱਲ ਤੋਂ ਇਨਕਾਰ ਕੀਤਾ ਸੀ ਅਤੇ ਚੈਲੰਜ ਕੀਤਾ ਸੀ ਕਿ ਕੋਈ ਵੀ ਇਸ ਗੱਲ ਨੂੰ ਸਾਬਿਤ ਕਰਕੇ ਦਿਖਾਵੇ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ’ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵਿਵਾਦਤ ਬਿਆਨ

ਹਾਲ ਹੀ ਵਿਚ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਗੱਲ ਕਹੀ ਤਾਂ ਦੁਬਾਰਾ ਇਕ ਵਾਰ ਫਿਰ ਸਵਾਲ ਉਠਿਆ ਕਿ ਕੀ ਉਹ ਸਿੱਖ ਚਿਹਰਾ ਸਿੱਧੂ ਹੋਣਗੇ। ਹਾਲਾਂਕਿ ਸ਼ਨੀਵਾਰ ਨੂੰ ਸਿੱਧੂ ਨੇ ਸਿੱਧੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈ ਲਿਆ। ਉਨ੍ਹਾਂ ਲਿਖਿਆ ਕਿ ਬਿਜਲੀ ਸੰਕਟ ਦਰਮਿਆਨ ਪੰਜਾਬੀਆਂ ਨੂੰ ਬੇਵੱਸ ਛੱਡਣ ਲਈ ਦਿੱਲੀ ਦੀ ‘ਆਪ’ ਸਰਕਾਰ ਪੰਜਾਬ ਦੀ ਜੀਵਨ ਰੇਖਾ ਥਰਮਲ ਪਲਾਂਟਾਂ ਨੂੰ ਬੰਦ ਕਰਵਾਉਣਾ ਚਾਹੁੰਦੀ ਹੈ। ਦੂਜੇ ਪਾਸੇ ਪੰਜਾਬ ਨੂੰ ਘੁਣ ਦੀ ਤਰ੍ਹਾਂ ਖਾ ਰਹੇ ਥਰਮਲ ਪਲਾਂਟਸ ਨਾਲ ਬਾਦਲਾਂ ਦੇ ਕੀਤੇ ਬਿਜਲੀ ਸਮਝੌਤੇ ਹਨ। ਇਹ ਜਾਣਦੇ ਹੋਏ ਵੀ ਕਿ ਸੋਲਰ ਬਿਜਲੀ ਦੀ ਲਾਗਤ ਪ੍ਰਤੀ ਸਾਲ 18 ਫੀਸਦੀ ਘੱਟ ਹੋ ਰਹੀ ਹੈ, ਅੱਜ ਇਹ 1.99 ਰੁਪਏ ਪ੍ਰਤੀ ਯੂਨਿਟ ਹੈ, ਪੰਜਾਬ ਨੂੰ ਲੁੱਟਣ ਲਈ ਮਜੀਠੀਆ ਨੇ ਰਿਨਿਊਏਬਲ ਊਰਜਾ ਮੰਤਰੀ (2015 - 17) ਰਹਿੰਦਿਆਂ 25 ਸਾਲਾਂ ਲਈ ਸੋਲਰ ਬਿਜਲੀ 5.97 ਰੁਪਏ ਤੋਂ 17.91 ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣ ਲਈ ਬਿਜਲੀ ਖਰੀਦ ਸਮਝੌਤਿਆਂ ’ਤੇ ਹਸਤਾਖਰ ਕੀਤੇ।

ਇਹ ਵੀ ਪੜ੍ਹੋ : ਗੈਂਗਸਟਰ ਰਹੇ ਕੁਲਵੀਰ ਨਰੂਆਣਾ ਨੂੰ ਗੋਲ਼ੀਆਂ ਨਾਲ ਭੁੰਨਣ ਵਾਲਾ ਮੰਨਾ ਗ੍ਰਿਫ਼ਤਾਰ, ਇੰਝ ਖੇਡਿਆ ਖੂਨੀ ਖੇਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News