ਕਾਂਗਰਸ ਸਰਕਾਰ ਹਰ ਫਰੰਟ ''ਤੇ ਫੇਲ ਸਾਬਤ ਹੋਈ - ਮਜੀਠੀਆ
Friday, Nov 24, 2017 - 05:09 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਵੇਂ ਗਠਤ ਢਾਂਚੇ ਦੀ ਜਾਰੀ ਕੀਤੀ ਗਈ ਸੂਚੀ 'ਚ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਆਗੂ ਹਰਮੀਤ ਸਿੰਘ ਸੰਧੂ ਨੂੰ ਬਤੌਰ ਜਨਰਲ ਸਕੱਤਰ ਸ਼ਾਮਲ ਕਰਨ ਤੋਂ ਬਾਅਦ ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਜੀਠੀਆ ਨੇ ਸੰਧੂ ਦਾ ਮੂੰਹ ਮਿੱਠਾ ਕਰਵਾ ਕੇ ਅਹੁਦੇ ਦੀ ਵਧਾਈ ਦਿੱਤੀ ਅਤੇ ਪਾਰਟੀ ਲਈ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਬਿਕਰਮ ਸਿੰਘ ਮਜੀਠੀਆ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਸਰਕਾਰ ਹਰ ਮੁਹਾਜ ਦੇ ਫੇਲ ਸਾਬਤ ਹੋਈ ਹੈ ਤੇ ਸੱਤਾ ਪ੍ਰਾਪਤੀ ਲਈ ਲੋਕਾਂ ਨਾਲ ਕੀਤੇ ਵਾਅਦੇ ਸਰਕਾਰ ਦੇ ਸਾਰੇ ਝੂਠੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਪਛਤਾਅ ਰਹੇ ਹਨ ਤੇ ਮੁੜ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਸਥਾਪਤੀ ਲਈ ਕਾਹਲੇ ਹਨ।
ਹਰਮੀਤ ਸਿੰਘ ਸੰਧੂ ਨੇ ਇਸ ਸਮੇਂ ਕਿਹਾ ਕਿ ਉਹ ਧੰਨਵਾਦੀ ਹਨ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਜਿਨ੍ਹਾਂ ਨੇ ਉਨ੍ਹਾਂ ਨੂੰ ਪਾਰਟੀ ਦੇ ਅਹਿਮ ਅਹੁਦੇ ਤੇ ਸੇਵਾ ਨਿਭਾਉਣ ਦੀ ਜਿੰਮੇਵਾਰੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਉਹ ਮਾਝਾ ਖੇਤਰ 'ਚ ਅਕਾਲੀ ਦਲ ਦਾ ਝੰਡਾ ਬੁਲੰਦ ਕਰਨ ਦੇ ਲਈ ਹਮੇਸ਼ਾਂ ਵਚਨਬੱਧ ਹਨ ਅਤੇ ਰਹਿਣਗੇ। ਹਲਕਾ ਤਰਨਤਾਰਨ ਦੇ ਅਕਾਲੀ ਵਰਕਰਾਂ ਨਾਲ ਉਹ ਹਰ ਵੇਲੇ ਖੜੇ ਹਨ ਤੇ ਪਾਰਟੀ ਦੀ ਮਜ਼ਬੂਤੀ ਲਈ ਉਹ ਹਰ ਵੇਲੇ ਯਤਨਸ਼ੀਲ ਰਹਿਣਗੇ। ਪੰਜਾਬ ਦੇ ਹਿੱਤਾਂ ਤੇ ਜੇਕਰ ਕੋਈ ਪਹਿਰਾ ਦੇ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ ਕਿਉਂਕਿ ਪਿਛਲੇ 10 ਸਾਲ ਚੱਲੀ ਸਰਕਾਰ ਦੇ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਅਨੇਕਾਂ ਲੋਕ ਪੱਖੀ ਸਕੀਮਾਂ ਜਾਰੀ ਕੀਤੀਆਂ ਸਨ।