‘ਆਪ’ ਤੇ ਅਕਾਲੀ ਦਲ ਨੇ ਖੇਡਿਆ ਫਰੈਂਡਲੀ ਮੈਚ, ਕਾਂਗਰਸ ਰਹੀ ‘ਆਊਟ’

06/06/2022 4:44:26 PM

ਮਾਛੀਵਾੜਾ ਸਾਹਿਬ (ਟੱਕਰ) : ਦਿ ਮਾਛੀਵਾੜਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਚੋਣ ਦੌਰਾਨ ‘ਆਪ’ ਤੇ ਅਕਾਲੀ ਦਲ ਵਿਚਕਾਰ ਫਰੈਂਡਲੀ ਮੈਚ ਦੇਖਣ ਨੂੰ ਮਿਲਿਆ ਜਦਕਿ ਕਾਂਗਰਸ ਨੇ ਇਨ੍ਹਾਂ ਚੋਣਾਂ ਵਿਚ ਰੂਚੀ ਨਾ ਦਿਖਾਉਂਦੇ ਹੋਏ ਬਾਹਰ ਰਹਿਣਾ ਹੀ ਬਿਹਤਰ ਸਮਝਿਆ। ਅੱਜ ਬੈਂਕ ਦੀ ਚੋਣ ਪ੍ਰਕਿਰਿਆ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵਿਚ ਸਹਿਮਤੀ ਬਣ ਗਈ ਸੀ ਜਿਸ ਕਾਰਨ ਸਾਰੇ ਹੀ 9 ਜ਼ੋਨਾਂ ’ਚੋਂ 9 ਡਾਇਰੈਕਟਰ ਸਰਬ ਸੰਮਤੀ ਨਾਲ ਚੁਣ ਲਏ ਗਏ ਅਤੇ ਕਿਤੇ ਵੀ ਚੋਣ ਮੁਕਾਬਲਾ ਦੇਖਣ ਨੂੰ ਨਹੀਂ ਮਿਲਿਆ। ਖੇਤੀਬਾੜੀ ਵਿਕਾਸ ਬੈਂਕ ਦੀ ਚੋਣ ਪ੍ਰਕਿਰਿਆ ਮੁਕੰਮਲ ਕਰਨ ਲਈ ਰਿਟਰਨਿੰਗ ਅਫ਼ਸਰ ਜਸਵਿੰਦਰ ਸਿੰਘ ਸਹਾਇਕ ਰਜਿਸਟਰਾਰ ਮੋਹਾਲੀ ਨੂੰ ਤਾਇਨਾਤ ਕੀਤਾ ਗਿਆ ਸੀ ਅਤੇ ਉਨ੍ਹਾਂ ਨਾਲ ਕਰਨਵੀਰ ਸਿੰਘ ਰੰਧਾਵਾ ਏ.ਆਰ. ਅਤੇ ਮੇਜਰ ਸਿੰਘ ਇੰਸਪੈਕਟਰ ਵੀ ਮੌਜੂਦ ਸਨ।

ਅੱਜ ਬੈਂਕ ਦੀ ਚੋਣ ਪ੍ਰਕਿਰਿਆ ’ਚ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸਾਰੇ 9 ਜ਼ੋਨਾਂ ’ਚੋਂ ਕਿਸੇ ਵੀ ਉਮੀਦਵਾਰ ਨੇ ਇਕ-ਦੂਜੇ ਖਿਲਾਫ਼ ਚੋਣ ਨਾ ਲੜਦੇ ਹੋਏ ਸਿਰਫ 1-1 ਉਮੀਦਵਾਰ ਹੀ ਚੋਣ ਮੈਦਾਨ ਵਿਚ ਰਿਹਾ। ਪਿਛਲੇ ਸਮੇਂ ਦੀਆਂ ਸਰਕਾਰਾਂ ਦੌਰਾਨ ਖੇਤੀਬਾੜੀ ਵਿਕਾਸ ਬੈਂਕ ਦੀ ਚੋਣ ਲਈ ਕਾਂਗਰਸ ਤੇ ਅਕਾਲੀ ਦਲ ਵਿਚਕਾਰ ਹੀ ਮੁਕਾਬਲਾ ਦੇਖਣ ਨੂੰ ਮਿਲਦਾ ਸੀ ਪਰ ਸੂਬੇ ਵਿਚ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਇਹ ਤੀਜੀ ਧਿਰ ਵੀ ਮੈਦਾਨ ’ਚ ਆ ਜਾਣ ਕਾਰਨ ਲੱਗਦਾ ਸੀ ਕਿ ਬੈਂਕ ਦਾ ਚੋਣ ਮੁਕਾਬਲਾ ਸਖ਼ਤ ਹੋਵੇਗਾ ਪਰ ਅਕਾਲੀ ਦਲ ਤੇ ‘ਆਪ’ ਦੇ ਆਗੂਆਂ ਨੇ ਆਪਸ ਵਿਚ ਅਜਿਹੀ ਖਿਚੜੀ ਪਕਾਈ ਕਿ ਆਪਸੀ ਸਹਿਮਤੀ ਨਾਲ ਉਮੀਦਵਾਰ ਐਲਾਨ ਕੀਤੇ ਅਤੇ ਕਾਂਗਰਸੀ ਆਗੂ ਤਾਂ ਇਸ ਚੋਣ ਵਿਚ ਸ਼ਾਮਲ ਤੱਕ ਨਹੀਂ ਹੋਏ।

ਬਾਅਦ ਦੁਪਹਿਰ ਨਾਮਜ਼ਦਗੀ ਪੱਤਰ ਦਾਖਲ ਹੋਣ ਤੋਂ ਬਾਅਦ ਜਦੋਂ ਚੋਣ ਪ੍ਰਕਿਰਿਆ ਮੁਕੰਮਲ ਹੋਈ ਤਾਂ ਰਿਟਰਨਿੰਗ ਅਧਿਕਾਰੀ ਵਲੋਂ 9 ਜ਼ੋਨਾਂ ਦੇ 9 ਡਾਇਰੈਕਟਰ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ। ਐਲਾਨੇ ਗਏ ਚੋਣ ਨਤੀਜਿਆਂ ਵਿਚ ਮਾਛੀਵਾੜਾ ਤੋਂ ਅਜੈਪਾਲ ਗਿੱਲ, ਭੱਟੀਆਂ ਤੋਂ ਜਸਦੇਵ ਸਿੰਘ, ਮਾਣੇਵਾਲ (ਅਨੁਸੂਚਿਤ ਜਾਤੀ ਲਈ ਰਾਖਵਾਂ) ਤੋਂ ਪ੍ਰੇਮ ਸਿੰਘ, ਜੱਸੋਵਾਲ ਤੋਂ ਚਰਨਜੀਤ ਸਿੰਘ, ਜੋਧਵਾਲ ਤੋਂ ਗੁਰਜੀਤ ਸਿੰਘ, ਰਾਮਗਡ਼੍ਹ (ਔਰਤਾਂ ਲਈ ਰਾਖਵਾਂ) ਤੋਂ ਮਨਦੀਪ ਕੌਰ, ਹੇਡੋਂ ਬੇਟ ਤੋਂ ਮੱਖਣ ਸਿੰਘ, ਮਾਛੀਵਾੜਾ ਖਾਮ ਤੋਂ ਜਗਤਾਰ ਸਿੰਘ ਅਤੇ ਸ਼ੇਰਪੁਰ (ਔਰਤਾਂ ਲਈ ਰਾਖਵਾਂ) ਸਵਰਨ ਕੌਰ ਚੁਣੇ ਗਏ।

ਚੇਅਰਮੈਨ ‘ਆਪ’ ਦਾ ਬਣੇਗਾ ਜਾਂ ਅਕਾਲੀ ਦਲ ਦਾ?
ਦਿ ਮਾਛੀਵਾਡ਼ਾ ਪ੍ਰਾਇਮਰੀ ਸਹਿਕਾਰੀ ਖੇਤੀਬਾਡ਼ੀ ਵਿਕਾਸ ਬੈਂਕ ਦੀ ਚੋਣ ਪ੍ਰਕਿਰਿਆ ਤਾਂ ਮੁਕੰਮਲ ਹੋ ਗਈ ਹੈ ਅਤੇ ਚੁਣੇ ਗਏ 9 ਡਾਇਰੈਕਟਰ ਅਕਾਲੀ ਦਲ ਅਤੇ ‘ਆਪ’ ਨਾਲ ਸਬੰਧਿਤ ਦੱਸੇ ਜਾ ਰਹੇ ਹਨ। ਕੁਝ ਹੀ ਦਿਨਾਂ ਬਾਅਦ ਹੁਣ ਬੈਂਕ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਅਹੁਦੇ ਲਈ ਚੋਣ ਹੋਵੇਗੀ ਜਿਸ ਵਿਚ ਦੇਖਣਾ ਹੋਵੇਗਾ ਕਿ ਇਹ ਕਿਸ ਪਾਰਟੀ ਦਾ ਹੋਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਸਮਰਾਲਾ ਵਿਖੇ ਵੀ ਬੈਂਕ ਦੀ ਚੋਣ ਹੋਈ ਸੀ ਅਤੇ ਉੱਥੇ ਵੀ ‘ਆਪ’ ਤੇ ਅਕਾਲੀ ਦਲ ਨੇ ਆਪਸੀ ਸਹਿਮਤੀ ਨਾਲ ਉਮੀਦਵਾਰ ਖੜ੍ਹੇ ਕਰ ਬਿਨਾਂ ਮੁਕਾਬਲਾ ਚੋਣ ਪ੍ਰਕਿਰਿਆ ਨੇਪਰੇ ਚਾੜ੍ਹੀ। ਹਲਕਾ ਸਮਰਾਲਾ ਦੀਆਂ ਇਹ ਦੋ ਚੋਣਾਂ ਵਿਚ ‘ਆਪ’ ਤੇ ਅਕਾਲੀ ਦਲ ਦਾ ਫਰੈਂਡਲੀ ਮੈਚ ਦੇਖਣ ਨੂੰ ਮਿਲਿਆ ਪਰ ਕੁਝ ਹੀ ਮਹੀਨਿਆਂ ਬਾਅਦ ਮਾਛੀਵਾੜਾ ਨਗਰ ਕੌਂਸਲ ਚੋਣਾਂ ਹੋਣ ਵਾਲੀਆਂ ਹਨ ਉੱਥੇ ਵੀ ਇਹ ਦੋਵੇਂ ਸਿਆਸੀ ਪਾਰਟੀਆਂ ਕਾਂਗਰਸ ਨੂੰ ਢਾਹ ਲਗਾਉਣ ਲਈ ਕੋਈ ਖਿਚਡ਼ੀ ਪਕਾਉਣਗੀਆਂ ਜਾਂ ਇੱਕ-ਦੂਜੇ ਖਿਲਾਫ਼ ਉਮੀਦਵਾਰ ਖਡ਼੍ਹੇ ਕਰ ਮੁਕਾਬਲਾ ਲੜਨਗੀਆਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

 


Gurminder Singh

Content Editor

Related News