ਲੁਧਿਆਣੇ ''ਚ ਵੱਡਾ ਸਿਆਸੀ ਸੰਨ੍ਹ ਲੱਗਣ ਦੀ ਤਿਆਰੀ !
Monday, Jan 22, 2018 - 01:10 PM (IST)

ਲੁਧਿਆਣਾ (ਮੁੱਲਾਂਪੁਰੀ) : ਮਹਾਨਗਰ 'ਚ ਨਗਰ-ਨਿਗਮ ਚੋਣਾਂ ਕਾਰਨ ਸੱਤਾਧਾਰੀ ਕਾਂਗਰਸ ਪਾਰਟੀ ਦੀ ਪਕੜ 'ਚ ਕਈ ਚੋਟੀ ਦੇ ਅਕਾਲੀ ਨੇਤਾ ਤੋਂ ਇਲਾਵਾ ਆਜ਼ਾਦ ਆਗੂਆਂ ਦੇ ਸਾਥੀ ਦੱਸੇ ਜਾ ਰਹੇ ਹਨ। ਇਹ ਆਗੂ ਕਿਸੇ ਵੇਲੇ ਵੀ ਜੈਕਾਰੇ ਛੱਡ ਕੇ ਕਾਂਗਰਸ ਦੀ ਗੱਡੀ ਚੜ੍ਹ ਸਕਦੇ ਹਨ।
ਇਨ੍ਹਾਂ ਆਗੂਆਂ ਦੀ ਭਿਣਕ ਕਾਂਗਰਸ 'ਚ ਬੈਠੇ ਉਨ੍ਹਾਂ ਨੇਤਾਵਾਂ ਨੂੰ ਲੱਗ ਗਈ ਹੈ, ਜਿਨ੍ਹਾਂ ਦੇ ਇਹ ਵੱਡੇ ਵਿਰੋਧੀ ਦੱਸੇ ਜਾ ਰਹੇ ਹਨ। ਹੁਣ ਮਹਾਨਗਰ 'ਚ ਦੌੜ ਇਸ ਗੱਲ ਦੀ ਲੱਗੀ ਹੈ ਕਿ ਇਨ੍ਹਾਂ ਆਗੂਆਂ ਨੂੰ ਨਿਗਮ ਚੋਣਾਂ 'ਚ ਲਿਆ ਕੇ ਲੋਕ ਸਭਾ ਚੋਣਾਂ 'ਚ ਇਨ੍ਹਾਂ ਦੀ ਮਦਦ ਲਈ ਜਾਵੇ। ਸੂਤਰਾਂ ਨੇ ਦੱਸਿਆ ਕਿ ਇਹ ਕਾਂਗਰਸ ਦੀ ਗੱਡੀ ਚੜ੍ਹਨ ਵਾਲੇ ਨੇਤਾ ਮੌਜੂਦਾ ਆਪਣੇ ਧੜਿਆਂ ਅਤੇ ਪਾਰਟੀ 'ਚ ਵੱਡਾ ਸਥਾਨ ਰੱਖਦੇ ਹਨ। ਇਸ ਲਈ ਉਨ੍ਹਾਂ ਦੇ ਕਾਂਗਰਸ 'ਚ ਸ਼ਾਮਲ ਹੋਣ ਨਾਲ ਕਾਂਗਰਸ ਨੂੰ ਸਿਆਸੀ ਤਾਕਤ ਮਿਲੇਗੀ। ਉਥੇ ਛੱਡਣ ਵਾਲੀ ਪਾਰਟੀ ਦੀ ਵੀ ਕਿਰਕਰੀ ਹੋਵੇਗੀ।
ਇਸ ਲਈ ਜਿੱਥੇ ਇਕ ਧੜਾ ਇਨ੍ਹਾਂ ਆਗੂਆਂ ਨੂੰ ਸ਼ਾਮਲ ਕਰਨ ਲਈ ਪੂਰੀ ਨੱਠ-ਭੱਜ 'ਚ ਹੈ, ਉਥੇ ਉਨ੍ਹਾਂ ਦੇ ਕਿਸੇ ਵੇਲੇ ਕੱਟੜ ਵਿਰੋਧੀ ਰਹੇ ਕਾਂਗਰਸ 'ਚ ਬੈਠੇ ਆਗੂ ਰਸਤਾ ਰੋਕਣ ਦੀਆਂ ਗੋਦਾਂ ਗੁੰਦਦੇ ਦੱਸੇ ਜਾ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਜੇਕਰ ਹਾਈਕਮਾਨ ਦਾ ਇਸ਼ਾਰਾ ਹੋ ਗਿਆ ਤਾਂ ਮਹਾਨਗਰ 'ਚ ਕਾਂਗਰਸ ਵੱਡੀ ਸੰਨ੍ਹ ਲਾ ਸਕਦੀ ਹੈ।