ਮੰਤਰੀਆਂ ਤੇ ਅਫਸਰਸ਼ਾਹੀ ਵਿਚਾਲੇ ਚੱਲੀ ਜੰਗੀ ''ਚ ਰਾਜਾ ਵੜਿੰਗ ਦੀ ਐਂਟਰੀ, ਟਵਿੱਟਰ ''ਤੇ ਕੱਢੀ ਭੜਾਸ
Monday, May 11, 2020 - 04:23 PM (IST)

ਚੰਡੀਗੜ੍ਹ : ਪੰਜਾਬ ਦੇ ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਚੱਲ ਰਹੀ ਖਿੱਚੋਤਾਣ ਦਰਮਿਆਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਫਸਰਸ਼ਾਹੀ ਨੂੰ ਨਿਸ਼ਾਨੇ 'ਤੇ ਲਿਆ ਹੈ। ਦਰਅਸਲ ਸ਼ਨੀਵਾਰ ਨੂੰ ਪੰਜਾਬ ਕੈਬਨਿਟ ਮੀਟਿੰਗ ਦੌਰਾਨ ਕੁੱਝ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਬਹਿਸ ਹੋਣ ਮਗਰੋਂ ਕੁੱਝ ਮੰਤਰੀ ਮੀਟਿੰਗ 'ਚੋਂ ਵਾਕ ਆਊਟ ਕਰ ਗਏ ਸਨ। ਇਸ ਮਗਰੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਸਕੱਤਰ 'ਤੇ ਨਿਸ਼ਾਨਾ ਸਾਧਦਿਆਂ ਹੋਏ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਦਿਆਂ ਕਿਹਾ ਕਿ ਕੀ ਸੀਨੀਅਰ ਅਧਿਕਾਰੀ ਆਪਣੇ ਪਰਿਵਾਰਕ ਮੈਂਬਰਾਂ ਦੇ ਵਪਾਰ ਬਾਰੇ ਖ਼ੁਲਾਸੇ ਕਰਨਗੇ ਜੋ ਕਿ ਸੂਬੇ ਦੇ ਹਿਤ 'ਚ ਹਨ।
ਇਹ ਵੀ ਪੜ੍ਹੋ : ਜਲਧੰਰ ਵਿਚ ਕੋਰੋਨਾ ਦਾ ਕਹਿਰ, 13 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
ਇੰਨਾ ਹੀ ਨਹੀਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਾਂ ਕੈਪਟਨ ਦੇ ਮੁੱਖ ਵਜ਼ੀਰ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਮੋਰਚਾ ਖੋਲ੍ਹਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਟਵਿੱਟਰ 'ਤੇ ਲੜੀਵਾਰ ਸਵਾਲ ਦਾਗ਼ ਦਿੱਤੇ। ਉਨ੍ਹਾਂ ਸਕੱਤਰ 'ਤੇ ਆਪਣੇ ਪੁੱਤਰ ਦੀ ਕਪੂਰਥਲਾ ਜ਼ਿਲੇ ਦੀ ਵੱਡੀ ਸ਼ਰਾਬ ਫੈਕਟਰੀ ਵਿਚ ਹਿੱਸੇਦਾਰੀ ਨੂੰ ਹਿੱਤਾਂ ਦੇ ਟਕਰਾਅ ਹੋਣ ਦਾ ਵੀ ਦੋਸ਼ ਲਾਇਆ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਡਾ. ਮਨਮੋਹਨ ਸਿੰਘ ਦੀ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ
ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਪੰਜਾਬ ਦੇ ਮੰਤਰੀਆਂ ਅਤੇ ਅਫਸਰਸ਼ਾਹੀ ਵਿਚਾਲੇ ਚੱਲਦੀ ਆ ਰਹੀ ਖਿੱਚੋਤਾਣ ਕਿਸੇ ਤੋਂ ਲੁਕੀ ਨਹੀਂ ਹੈ। ਇਹ ਖਿੱਚੋਤਾਣ ਉਸ ਵੇਲੇ ਹੋਰ ਵੀ ਗੰਭੀਰ ਹੋ ਗਈ ਜਦੋਂ ਸ਼ਨੀਵਾਰ ਨੂੰ ਮੀਟਿੰਗ ਵਿਚ ਕੁਝ ਮੰਤਰੀਆਂ ਅਤੇ ਮੁੱਖ ਸਕੱਤਰ ਵਿਚਾਲੇ ਬਹਿਸ ਹੋ ਗਈ। ਗੱਲ ਇਥੋਂ ਤੱਕ ਵੱਧ ਗਈ ਕਿ ਕੁਝ ਮੰਤਰੀਆਂ ਨੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਸੂਤਰਾਂ ਮੁਤਾਬਕ ਮੰਤਰੀਆਂ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਦਾ ਰਵੱਈਆ ਮੀਟਿੰਗ 'ਚ ਹੈਂਕੜ ਵਾਲਾ ਰਿਹਾ, ਜਿਸ ਕਾਰਨ ਮੀਟਿੰਗ ਨਹੀਂ ਹੋ ਸਕੀ। ਅਫਸਰਾਂ ਨੂੰ ਮੰਤਰੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਬਿਨਾਂ ਵਜ੍ਹਾ ਦਹਿਸ਼ਤ ਪੈਦਾ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਕੈਪਟਨ ਸਾਹਬ, ਪੰਜਾਬ ਘਰ-ਘਰ ਦੁੱਧ ਲਈ ਮਸ਼ਹੂਰ, ਘਰ-ਘਰ ਸ਼ਰਾਬ ਲਈ ਨਹੀਂ : ਬਾਜਵਾ