ਨਵਾਂਸ਼ਹਿਰ ਜ਼ਿਲ੍ਹੇ 'ਚ ASI ਸਮੇਤ 26 ਨਵੇਂ ਮਾਮਲਿਆਂ ਦੀ ਪੁਸ਼ਟੀ
Monday, Aug 24, 2020 - 09:18 AM (IST)
ਨਵਾਂਸ਼ਹਿਰ,(ਤ੍ਰਿਪਾਠੀ)- ਜ਼ਿਲ੍ਹੇ ’ਚ ਸੀ.ਆਈ.ਏ. ਸਟਾਫ ਦੇ ਏ.ਐੱਸ.ਆਈ. ਅਤੇ 3 ਹੋਰ ਥਾਣੇਦਾਰਾਂ ਸਣੇ 26 ਨਵੇਂ ਕੋਰੋਨਾ ਮਾਮਲੇ ਡਿਟੈਕਟ ਹੋਣ ਉਪਰੰਤ ਜ਼ਿਲੇ ’ਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 592 ਹੋ ਗਈ ਹੈ। ਅੱਜ ਡਿਟੈਕਟ ਹੋਏ ਮਾਮਲਿਆਂ ’ਚ 1 ਅੰਮ੍ਰਿਤਸਰ, 4 ਹੁਸ਼ਿਆਰਪੁਰ ਅਤੇ 21 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨਾਲ ਸਬੰਧਤ ਹੈ।
ਸਿਵਲ ਸਰਜਨ ਡਾ.ਰਾਜਿੰਦਰ ਪ੍ਰਸਾਦ ਭਾਟੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਹੱਪੋਵਾਲ ਦੇ ਟ੍ਰੈਫਿਕ ਹੌਲਦਾਰ ਸਣੇ 3 ਕੋਰੋਨਾ ਪਾਜ਼ੇਟਿਵ ਮਰੀਜਾਂ ਦੇ ਸੰਪਰਕ ’ਚ ਆਉਣ ਨਾਲ 3 ਮਹਿਲਾਵਾਂ ਸਣੇ 4 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸੇ ਤਰ੍ਹਾਂ ਪਿੰਡ ਭੌਰਾਂ, ਲੰਗਡ਼ੋਆਂ ਅਤੇ ਰਾਹੋਂ ਤੋਂ 2-2, ਬਲਾਚੌਰ ਤੋਂ 3, ਨਵਾਂਸ਼ਹਿਰ ਤੋਂ 5 ਅਤੇ ਪਿੰਡ ਭਾਰੋਵਾਲ, ਸਿੰਬਲ ਮਜਾਰਾ, ਟਕਾਰਲਾ, ਸੌਂਤਰਾਂ ਅਤੇ ਮੁੱਤੋਂ ਤੋਂ 1-1 ਮਰੀਜ਼ ਡਿਟੈਕਟ ਹੋਏ ਹਨ, ਜਦਕਿ 57 ਸਾਲਾਂ ਇਕ ਏ.ਐੱਨ.ਐਮ. ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਡਾ.ਭਾਟੀਆ ਨੇ ਦੱਸਿਆ ਕਿ 2 ਮਰੀਜ਼ਾਂ ਨੂੰ ਲੁਧਿਆਣਾ ਅਤੇ ਇਕ ਨੂੰ ਪੀ.ਜੀ.ਆਈ. ਵਿਖੇ ਦਾਖਲ ਕਰਵਾਇਆ ਗਿਆ ਹੈ। ਡਾ.ਭਾਟੀਆ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਤਕ ਡਿਟੈਕਟ ਹੋਏ 592 ਮਰੀਜ਼ਾਂ ’ਚੋਂ 436 ਰਿਕਵਰ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ, 17 ਦੀ ਮੌਤ ਹੋਈ ਹੈ, ਜਦਕਿ 147 ਐਕਟਿਵ ਮਰੀਜ਼ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 22,673 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਸ ’ਚੋਂ 375 ਦੀ ਰਿਪੋਰਟ ਅਵੇਟਿਡ ਹੈ, 592 ਮਰੀਜ਼ ਪਾਜ਼ੇਟਿਵ ਹਨ, ਜਦਕਿ 21,706 ਸੈਂਪਲ ਨੈਗੇਟਿਵ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ 148 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਅਤੇ 66 ਨੂੰ ਹੋਮ ਆਈਸੋਲੇਟ ਕੀਤਾ ਗਿਆ ਹੈ।
ਕੋਰੋਨਾ ਪਾਜ਼ੇਟਿਵ ਮਰੀਜ਼ ਘਰਾਂ ’ਚ ਹੋ ਸਕਣਗੇ ਆਈਸੋਲੇਟ
ਸੀਨੀਅਰ ਮੈਡੀਕਲ ਅਫਸ਼ਰ ਡਾ.ਐੱਨ.ਪੀ. ਸ਼ਰਮਾ ਨੇ ਦੱਸਿਆ ਕਿ ਸਿਹਤ ਮੰਤਰੀ ਦੇ ਨਿਰਦੇਸ਼ਾਂ ਤਹਿਤ ਹੁਣ ਕੋਰੋਨਾ ਵਾਇਰਸ ਸਬੰਧੀ ਸੈਂਪਲ ਦੇਣ ਸਮੇਂ ਹੀ ਵਿਅਕਤੀ ਆਪਣਾ ਸਵੈ-ਘੋਸ਼ਣਾ ਪੱਤਰ ਦੇ ਕੇ ਘਰ ’ਚ ਏਕਾਂਤਵਾਸ ਹੋਣ ਦੀ ਅਪੀਲ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਲਕੇ ਲੱਛਣਾਂ ਵਾਲਾ ਮਰੀਜ਼ ਘਰ ’ਚ ਹੀ ਏਕਾਂਤਵਾਸ ਹੋ ਸਕੇਗਾ, ਪਰ ਉਪਰੋਕਤ ਮਰੀਜ਼ ਨੂੰ ਸਰਕਾਰ ਦੀ ਐਡਵਾਈਜ਼ਰੀ ਦੀ ਪਾਲਣਾ ਕਰਨਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ ਕੋਲ ਰੋਜ਼ਾਨਾ ਦੀ ਜਾਂਚ ਲਈ ਇਕ ਅਲੱਗ ਕਿੱਟ ਜਿਸ ’ਚ ਇਕ ਥਰਮਾਮੀਟਰ, ਪਲਸ ਐਕਸੀਮੀਟਰ, ਵਿਟਾਮਿਨ-ਸੀ ਅਤੇ ਜ਼ਿੰਕ ਦੀਆਂ ਗੋਲੀਆਂ ਹੋਣਾ ਲਾਜ਼ਮੀ ਹੈ।