ਬੱਚਿਆਂ ਦੀ ਬੁਨਿਆਦੀ ਸਿੱਖਿਆ ਲਈ ਗਤੀਵਿਧੀਆਂ ਤੇ ਸਕਾਰਾਤਮਕ ਪ੍ਰਭਾਵਾਂ ਸਬੰਧੀ ਵਰਕਸ਼ਾਪ ਆਯੋਜਿਤ

Wednesday, May 18, 2022 - 09:59 AM (IST)

ਬੱਚਿਆਂ ਦੀ ਬੁਨਿਆਦੀ ਸਿੱਖਿਆ ਲਈ ਗਤੀਵਿਧੀਆਂ ਤੇ ਸਕਾਰਾਤਮਕ ਪ੍ਰਭਾਵਾਂ ਸਬੰਧੀ ਵਰਕਸ਼ਾਪ ਆਯੋਜਿਤ

ਮੋਹਾਲੀ (ਬਿਊਰੋ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਿੱਖਿਆ ਸੁਧਾਰਾਂ ਲਈ ਵੱਖ-ਵੱਖ ਸਕੂਲ ਮੁਖੀਆਂ ਅਤੇ ਅਧਿਕਾਰੀਆਂ ਵੱਲੋਂ ਸੁਝਾਅ ਮੰਗੇ ਗਏ ਹਨ ਜਿਸ ਤਹਿਤ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਦਫ਼ਤਰ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੇ ਕਾਨਫਰੰਸ ਹਾਲ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਪੰਜਾਬ ਅੰਦਰ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਵੱਲੋਂ ਪ੍ਰਾਇਮਰੀ ਜਮਾਤਾਂ ਦੇ ਵਿੱਚ ਪੜ੍ਹਦੇ ਬੱਚਿਆਂ ਲਈ ਸਿੱਖਿਆ ਦੇ ਬੁਨਿਆਦੀ ਪੱਧਰਾਂ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਅਤੇ ਉਹਨਾਂ ਦੇ ਸਕਾਰਾਤਮਕ ਪ੍ਰਭਾਵਾਂ 'ਤੇ ਚਰਚਾ ਕੀਤੀ ਗਈ।  ਇਸ ਵਰਕਸ਼ਾਪ ਵਿੱਚ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐੱਸ.ਡੀ. ਕਰਮਵੀਰ ਸਿੰਘ ਬਰਾੜ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨਾਲ ਬੈਠਕ ਮਗਰੋਂ ਐਕਸ਼ਨ 'ਚ ਸਿੱਖਿਆ ਵਿਭਾਗ, ਸਕੂਲ ਮੁਖੀਆਂ ਨੂੰ ਜਾਰੀ ਕੀਤੇ ਪੱਤਰ

ਕਰਮਵੀਰ ਸਿੰਘ ਬਰਾੜ ਨੇ ਵਰਕਸ਼ਾਪ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਦੌਰਾਨ ਸਿੱਖਿਆ ਲਈ ਜ਼ਮੀਨੀ ਪੱਧਰ 'ਤੇ ਕਾਰਜਸ਼ੀਲ ਸਮਾਜਸੇਵੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ, ਬਲਾਕ ਅਤੇ ਸਕੂਲ ਪੱਧਰ ਤੱਕ ਦੇ ਵੱਖ-ਵੱਖ ਤਜਰਬਿਆਂ 'ਤੇ ਆਧਾਰਿਤ ਫੀਡਬੈਕ ਅਤੇ ਸੁਝਾਵਾਂ ਨੂੰ ਸੁਣਿਆ ਗਿਆ। ਇਹਨਾਂ ਸੰਗਠਨਾਂ ਪਾਸੋਂ ਸੁਝਾਵਾਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਸਿੱਖਿਆ ਸੁਧਾਰ ਪ੍ਰੋਗਰਾਮਾਂ ਨੂੰ ਵਧੀਆ ਢੰਗ ਨਾਲ ਚਲਾਇਆ ਜਾ ਸਕੇ। 

ਇਸ ਵਰਕਸ਼ਾਪ ਦੌਰਾਨ ਸਾਂਝੀ ਸਿੱਖਿਆ ਸਮਾਜ ਸੇਵੀ ਸੰਗਠਨ ਦੇ ਨੁਮਾਇੰਦੇ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਂਝੀ ਸਿੱਖਿਆ ਸੰਸਥਾ ਵੱਲੋਂ ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਰੂਪਨਗਰ ਵਿਖੇ ਪ੍ਰਾਇਮਰੀ ਜਮਾਤਾਂ ਲਈ ਪਾਇਲਟ ਪ੍ਰੋਜੈਕਟ ਚਲਾਏ ਹੋਏ ਹਨ, ਜਿਸ ਦੇ ਤਜਰਬਿਆਂ ਅਤੇ ਫੀਡਬੈਕ ਦੇ ਅਧਾਰ 'ਤੇ ਸਾਹਮਣੇ ਆਇਆ ਹੈ ਕਿ ਇੱਕ ਅਧਿਆਪਕ ਦੁਆਰਾ ਕਿਸੇ ਵੀ ਚੁਣੌਤੀ ਨੂੰ ਹੱਲ ਕਰਨ ਦਾ ਢੰਗ ਦੂਜੇ ਅਧਿਆਪਕ ਸਾਥੀ ਲਈ ਸਿਖਲਾਈ ਦਾ ਸਰੋਤ ਹੈ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਸਕੂਲੀ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸਮੁਦਾਏ ਦੀ ਭਾਗੀਦਾਰੀ ਲਈ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਪ੍ਰਾਇਮਰੀ ਸਕੂਲਾਂ ਦੇ ਸੈਂਟਰ ਹੈੱਡ ਟੀਚਰਾਂ ਅਤੇ ਸਿੱਖਿਆ ਮੈਂਟਰਾਂ ਦੀ ਸਾਂਝੀ ਸਿਖਲਾਈ ਵੀ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਵਿਦਿਆਰਥੀਆਂ ਨੂੰ ਵਧੇਰੇ ਸੁਖਾਵਾਂ ਮਾਹੌਲ ਦਿੱਤਾ ਜਾ ਸਕੇ।

PunjabKesari

ਡਾ. ਮਨਿੰਦਰ ਸਿੰਘ ਸਰਕਾਰੀਆ ਨੇ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ, ਅਧਿਆਪਕਾਂ ਅਤੇ ਸਮਾਜ ਸੇਵੀ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਪ੍ਰਾਇਮਰੀ ਸਿੱਖਿਆ ਬੱਚੇ ਦੀ ਜ਼ਿੰਦਗੀ ਵਿੱਚ ਅਤਿਅੰਤ ਮਹੱਤਵ ਰੱਖਦੀ ਹੈ। ਪ੍ਰਾਇਮਰੀ ਸਿੱਖਿਆ ਨੂੰ ਬਿਹਤਰ ਅਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਮੇਂ-ਸਮੇਂ 'ਤੇ ਅਧਿਆਪਕਾਂ ਦੀ ਓਰੀਐਂਟੇਸ਼ਨ ਵੀ ਕੀਤੀ ਜਾਂਦੀ ਹੈ। ਸਿੱਖਿਆ ਨਾਲ ਸੰਬੰਧਤ ਵੱਖ-ਵੱਖ ਸਮਾਜ ਸੇਵੀ ਸੰਗਠਨ ਜ਼ਮੀਨੀ ਪੱਧਰ 'ਤੇ ਚੱਲ ਰਹੀਆਂ ਗਤੀਵਿਧੀਆਂ ਦੀ ਫੀਡਬੈਕ ਵਿਭਾਗ ਲਈ ਲਾਹੇਵੰਦ ਹੁੰਦੀ ਹੈ। ਇਸ ਵਰਕਸ਼ਾਪ ਉਪਰੰਤ ਪ੍ਰਾਪਤ ਹੋਏ ਫੀਡਬੈਕ ਭਵਿੱਖੀ ਯੋਜਨਾਬੰਦੀ ਲਈ ਲਾਹੇਵੰਦ ਹੋਣਗੀਆਂ। ਇਸ ਵਰਕਸ਼ਾਪ ਦੌਰਾਨ ਸਿੱਖਿਆ ਨਾਲ ਸੰਬੰਧਿਤ ਕੁਝ ਗਤੀਵਿਧੀਆਂ ਵੀ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਮਾਮੂਲੀ ਝਗੜੇ ਮਗਰੋਂ ਪਤਨੀ ਨੇ ਸੱਦੇ ਭਰਾ, ਸਾਲੇ ਕਿਰਪਾਨਾਂ-ਬਰਛੇ ਲੈ ਕੇ ਆਏ ਤਾਂ ਜੀਜੇ ਨੇ ਚੁੱਕਿਆ ਖ਼ੌਫ਼ਨਾਕ ਕਦਮ

ਇਸ ਮੌਕੇ ਪ੍ਰੋ. ਕੁਲਦੀਪ ਪੁਰੀ, ਅਮਨਦੀਪ ਕੌਰ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ, ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ, ਹਰਵਿੰਦਰ ਕੌਰ ਸਹਾਇਕ ਡਾਇਰੈਕਟਰ, ਬਲਜਿੰਦਰ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ  ਫਤਿਹਗੜ੍ਹ ਸਾਹਿਬ,  ਇੰਜੀ: ਅਮਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸਿੱਖਿਆ ਪਟਿਆਲਾ, ਸੁਰੇਖਾ ਠਾਕੁਰ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ, ਮਯੰਕ,  ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਜਸਮਨ ਭੁੱਲਰ, ਸੁਸ਼ੀਲ ਭਾਰਦਵਾਜ ਸਟੇਟ ਕੋਆਰਡੀਨੇਟਰ, ਡਾ. ਹਰਪਾਲ ਸਿੰਘ ਬਾਜਕ ਸਟੇਟ ਕੋਆਰਡੀਨੇਟਰ, ਸੁਨੀਲ ਕੁਮਾਰ ਸਟੇਟ ਕੋਆਰਡੀਨੇਟਰ, ਮਨੋਜ ਜੋਈਆ, ਰਾਜਵੰਤ ਸਿੰਘ, ਗੁਰਤੇਜ ਸਿੰਘ ਖਟੜਾ, ਹਰਜੀਤ ਕੌਰ, ਨੀਲਮ ਕੁਮਾਰੀ,  ਇਸ਼ਪ੍ਰੀਤ ਕੌਰ, ਅੰਕਿਤ, ਸੰਜੇ ਸਾਂਝੀ ਸਿੱਖਿਆ ਸੰਸਥਾ ਤੋਂ, ਨਿਤਿਨ ਸ਼ਰਮਾ ਸੈਂਟਰ ਸਕੂਏਅਰ ਫਾਊਂਡੇਸ਼ਨ, ਅਮਰਦੀਪ ਸਿੰਘ ਬਾਠ, ਅਸ਼ੋਕ ਕੁਮਾਰ ਤੋਂ ਇਲਾਵਾ ਹੋਰਨਾਂ ਨੇ ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕੀਤੀ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


author

Harnek Seechewal

Content Editor

Related News