ਪੰਜਾਬ ਦੇ ਇਸ ਜ਼ਿਲ੍ਹੇ 'ਚ ਬੀਮਾਰੀ ਕਾਰਨ ਚਿੰਤਾ ਭਰੇ ਹਾਲਾਤ, ਲੋਕਾਂ ਨੂੰ ਦਿੱਤੀ ਗਈ ਸਲਾਹ

Friday, Jul 26, 2024 - 11:59 AM (IST)

ਪੰਜਾਬ ਦੇ ਇਸ ਜ਼ਿਲ੍ਹੇ 'ਚ ਬੀਮਾਰੀ ਕਾਰਨ ਚਿੰਤਾ ਭਰੇ ਹਾਲਾਤ, ਲੋਕਾਂ ਨੂੰ ਦਿੱਤੀ ਗਈ ਸਲਾਹ

ਮੋਹਾਲੀ (ਸੰਦੀਪ) : ਜ਼ਿਲ੍ਹੇ ’ਚ ਹੁਣ ਤੱਕ ਡਾਇਰੀਆ ਦੇ 71 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 11 ਮਰੀਜ਼ ਫੇਜ਼-6 ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਹਨ। ਵੀਰਵਾਰ ਨੂੰ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ। ਉੱਥੇ ਹੀ ਬਾਕੀ ਮਰੀਜ਼ਾਂ ਦਾ ਇਲਾਜ ਡਾਕਟਰਾਂ ਦੀ ਨਿਗਰਾਨੀ ’ਚ ਘਰਾਂ ’ਚ ਹੀ ਕੀਤਾ ਜਾ ਰਿਹਾ ਹੈ। ਡਾਕਟਰ ਦਿਨ-ਰਾਤ ਉਨ੍ਹਾਂ ਦੀ ਸਿਹਤ ’ਤੇ ਨਜ਼ਰ ਰੱਖ ਰਹੇ ਹਨ। ਸਭ ਤੋਂ ਵੱਧ ਮਰੀਜ਼ ਪਿੰਡ ਕੁੰਭੜਾ ਤੋਂ ਸਾਹਮਣੇ ਆਏ ਹਨ। ਡਾ. ਦਵਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਕੁੰਭੜਾ ਵਿਖੇ ਪਹਿਲਾਂ ਤੋਂ ਹੀ ਮੈਡੀਕਲ ਕੈਂਪ ਲਗਾਇਆ ਗਿਆ ਹੈ, ਜੋ 24 ਘੰਟੇ ਚੱਲ ਰਿਹਾ ਹੈ। ਪ੍ਰਭਾਵਿਤ ਲੋਕਾਂ ਨੂੰ ਓ. ਆਰ. ਐੱਸ. ਪੈਕੇਟ ਤੇ ਜ਼ਰੂਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾ. ਦਵਿੰਦਰ ਕੁਮਾਰ ਅਨੁਸਾਰ ਕੁੰਭੜਾ ਦੀ 5 ਸਾਲਾ ਕੁੜੀ ਤੇ 45 ਸਾਲਾ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦਾ ਨਾਮ ਨਾ ਤਾਂ ਮੈਡੀਕਲ ਟੀਮ ਵੱਲੋਂ ਕੀਤੇ ਜਾ ਰਹੇ ਸਰਵੇ ’ਚ ਹੈ ਅਤੇ ਨਾ ਹੀ ਉਹ ਕੈਂਪ ਜਾਂ ਹਸਪਤਾਲ ਪਹੁੰਚੇ ਸਨ। ਇਸ ਲਈ ਮੌਤ ਦਾ ਕਾਰਨ ਡਾਇਰੀਆ ਸੀ ਜਾਂ ਕੁੱਝ ਹੋਰ, ਇਸ ਬਾਰੇ ਕਿਹਾ ਨਹੀਂ ਜਾ ਸਕਦਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਸਵਾਈਨ ਫਲੂ' ਦੇ ਪਹਿਲੇ ਕੇਸ ਦੀ ਪੁਸ਼ਟੀ, ਇਕ ਦਿਨ ਪਹਿਲਾਂ ਹੀ ਜਾਰੀ ਹੋਈ ਸੀ Advisory
ਸਿਹਤ ਵਿਭਾਗ ਨੇ ਘਰਾਂ ’ਚ ਕੀਤਾ ਸਰਵੇ
ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਸਰਵੇਖਣ ਵੀ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕੋਈ ਵੀ ਮਾਮਲਾ ਸਾਹਮਣੇ ਆਉਣ ਤੋਂ ਪਹਿਲਾਂ ਲੋੜੀਂਦੀ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਇਸ ਤੋਂ ਇਲਾਵਾ ਪਿੰਡ ਦੇ ਪ੍ਰਭਾਵਿਤ ਖ਼ੇਤਰ ਅਤੇ ਹੋਰ ਥਾਵਾਂ ’ਤੇ ਪਾਣੀ ਦੀਆਂ ਸਪਲਾਈ ਲਾਈਨਾਂ ਤੋਂ ਵੀ ਸੈਂਪਲ ਲਏ ਗਏ ਹਨ। ਸਿਵਲ ਸਰਜਨ ਦਾ ਦਾਅਵਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਮਰੀਜ਼ਾਂ ਦੀ ਸਿਹਤ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੋਹਾਲੀ ਮਗਰੋਂ ਚੰਡੀਗੜ੍ਹ 'ਚ ਵੀ ਅਲਰਟ, ਘੱਟ ਉਮਰ ਦੇ ਬੱਚਿਆਂ 'ਤੇ ਰੱਖੀ ਜਾ ਰਹੀ ਸਖ਼ਤ ਨਿਗਰਾਨੀ
ਕੁੱਝ ਦਿਨਾਂ ਤੱਕ ਪਾਣੀ ਉਬਾਲ ਕੇ ਪੀਣ ਦੀ ਸਲਾਹ
ਮਹਾਮਾਰੀ ਮਾਹਿਰ ਡਾ. ਹਰਮਨਦੀਪ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਾਣੀ ਨੂੰ ਉਬਾਲ ਕੇ ਪੀਣ ਤੇ ਬੁਖ਼ਾਰ ਜਾਂ ਹੋਰ ਸਬੰਧਿਤ ਬਿਮਾਰੀਆਂ ਦੇ ਗੰਭੀਰ ਲੱਛਣ ਹੋਣ ’ਤੇ ਨਜ਼ਦੀਕੀ ਸਿਹਤ ਕੇਂਦਰ ’ਚ ਪਹੁੰਚਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਜ਼ਿਆਦਾ ਲੋਕ ਇਸ ਬਿਮਾਰੀ ਦੀ ਲਪੇਟ ’ਚ ਨਾ ਆਉਣ ਅਤੇ ਮਰੀਜ਼ਾਂ ਨੂੰ ਜਲਦੀ ਤੋਂ ਜਲਦੀ ਠੀਕ ਕੀਤਾ ਜਾਵੇ। ਲੋਕ ਸਿਹਤ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਹੈਲਪਲਾਈਨ ਨੰਬਰ-104 ’ਤੇ ਸੰਪਰਕ ਕਰ ਸਕਦੇ ਹਨ।
ਇਹ ਖੇਤਰ ਹੌਟ ਸਪਾਟ
ਡਾਇਰੀਆ ਦੇ ਪ੍ਰਕੋਪ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਕਈ ਇਲਾਕਿਆਂ ਨੂੰ ਹੌਟ ਸਪਾਟ ਐਲਾਨ ਦਿੱਤਾ ਹੈ। ਇਨ੍ਹਾਂ ’ਚ ਵਾਰਡ ਨੰਬਰ -18 ਰੌਣੀ ਮੁਹੱਲਾ ਡੇਰਾਬੱਸੀ, ਸੈਣੀ ਨਗਰ ਡੇਰਾਬੱਸੀ, ਪਿੰਡ ਧੀਰੇਮਾਜਰਾ, ਮਦਨਪੁਰ, ਮੌਲੀ ਬੈਦਵਾਣ, ਬਲੌਂਗੀ ਆਜ਼ਾਦ ਨਗਰ ਤੇ ਆਦਰਸ਼ ਨਗਰ, ਬੜਮਾਜਰਾ, ਸੰਤੇ ਮਾਜਰਾ, ਰਾਮਬਾਗ ਖਰੜ, ਸ਼ਿਵਜੋਤ ਇਨਕਲੇਵ ਖਰੜ ਤੇ ਜੁਝਾਰ ਨਗਰ ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News