ਕੇਜਰੀਵਾਲ, ਦੁਰਗੇਸ਼ ਪਾਠਕ ਅਤੇ ਸੰਜੇ ਸਿੰਘ ਖਿਲਾਫ ਧੋਖਾਦੇਹੀ ਦੀ ਸ਼ਿਕਾਇਤ

06/21/2017 11:56:30 PM

ਲੁਧਿਆਣਾ (ਕੁਲਵੰਤ)— ਲੁਧਿਆਣਾ ਨਿਟਵੀਅਰ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਇੰਚਾਰਜ ਪੰਜਾਬ ਦੁਰਗੇਸ਼ ਪਾਠਕ, ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੂੰ ਇੰਚਾਰਜ ਕਪਿਲ ਭਾਰਦਵਾਜ, ਸੁਖਵਿੰਦਰ ਸਿੰਘ ਸੁੱਖੀ ਦੇ ਖਿਲਾਫ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਇਨ੍ਹਾਂ ਲੋਕਾਂ ਨੇ ਧੋਖਾਦੇਹੀ ਕਰਦਿਆਂ ਉਨ੍ਹਾਂ ਤੋਂ 11 ਲੱਖ ਤੋਂ ਜ਼ਿਆਦਾ ਦੀ ਰਾਸ਼ੀ ਲਈ, ਡਿਨਰ ਖਰਚੇ ਤੋਂ ਇਲਾਵਾ ਉਦਯੋਗਪਤੀਆਂ ਤੋਂ 20-20 ਹਜ਼ਾਰ ਰੁਪਏ ਲੈ ਕੇ ਲੋਕਾਂ ਦੇ ਨਾਲ ਧੋਖਾਦੇਹੀ ਕੀਤੀ ਹੈ ਜਿਸ ਕਾਰਨ ਇਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਤਾਂ ਕਿ ਕੋਈ ਹੋਰ ਪੰਜਾਬ ਦੇ ਲੋਕ ਇਨ੍ਹਾਂ ਦੇ ਬਹਿਕਾਵੇ 'ਚ ਨਾ ਆ ਸਕਣ। 
ਇਸ ਸ਼ਿਕਾਇਤ ਦੀ ਕਾਪੀ ਪ੍ਰਧਾਨ ਮੰਤਰੀ, ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ, ਡੀ. ਜੀ. ਪੀ. ਪੰਜਾਬ ਅਤੇ ਏ. ਡੀ. ਜੀ. ਪੀ. ਕ੍ਰਾਈਮ ਪੰਜਾਬ ਨੂੰ ਵੀ ਭੇਜੀ ਗਈ ਹੈ। ਵਿਨੋਦ ਥਾਪਰ ਨੇ ਦੱਸਿਆ ਕਿ ਉਸ ਨੂੰ ਆਮ ਆਦਮੀ ਪਾਰਟੀ ਨੇ ਇੰਡਸਟਰੀਜ਼ ਵਿੰਗ ਦਾ ਵਾਈਸ ਪ੍ਰਧਾਨ ਬਣਾਇਆ ਸੀ। ਕੇਜਰੀਵਾਲ ਦੀ ਟੀਮ ਨੇ ਉਸ ਨੂੰ ਮਿਲ ਕੇ ਵਾਅਦਾ ਕੀਤਾ ਸੀ ਕਿ ਵਿਧਾਨ ਸਭਾ ਚੋਣਾਂ 'ਚ ਉਸ ਨੂੰ ਲੁਧਿਆਣਾ ਦਾ ਉਮੀਦਵਾਰ ਬਣਾਇਆ ਜਾਵੇਗਾ ਪਰ ਜਦ ਚੋਣਾਂ ਨੇੜੇ ਆਈਆਂ ਤਾਂ ਇਨ੍ਹਾਂ ਲੋਕਾਂ ਨੇ ਉਸ ਤੋਂ 2 ਕਰੋੜ ਰੁਪਏ ਦੀ ਮੰਗ ਕੀਤੀ। ਇਹ ਪੈਸੇ ਮੰਗਣ ਲਈ ਸਾਰਿਆਂ ਨੇ ਵੱਖ-ਵੱਖ ਸਮੇਂ 'ਤੇ ਸੰਪਰਕ ਕਰਦੇ ਰਹੇ ਅਤੇ ਮੇਰੇ ਨਾਲ ਫੋਟੋ ਵੀ ਖਿਚਵਾਉਂਦੇ ਰਹੇ। ਇਹ ਲੋਕ ਉਸ ਦੇ ਘਰ ਆਉਂਦੇ ਰਹੇ ਅਤੇ ਗਵਾਹਾਂ ਦੀ ਹਾਜ਼ਰੀ 'ਚ ਪੈਸੇ ਲੈ ਕੇ ਵੀ ਜਾਂਦੇ ਰਹੇ। ਇੰਨਾ ਹੀ ਨਹੀਂ ਇਨ੍ਹਾਂ ਲੋਕਾਂ ਨੇ ਇਥੋਂ ਤੱਕ ਕਿਹਾ ਕਿ ਉਹ ਆਪਣੇ ਦੋਸਤਾਂ ਤੋਂ ਵੀ ਪੈਸੇ ਲੈ ਕੇ ਦੇਣ, ਜੋ ਉਸ ਨੇ ਲੈ ਕੇ ਦਿੱਤੇ। ਉਕਤ ਦੋਸ਼ੀਆਂ ਨੇ ਉਸ ਨੂੰ ਲੁਧਿਆਣਾ 'ਚ ਕੇਜਰੀਵਾਲ ਨਾਲ ਮਿਲਾਉਣ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਲੋਕਾਂ ਤੋਂ ਪੈਸੇ ਇਕੱਠੇ ਕਰ ਕੇ ਕੇਜਰੀਵਾਲ ਦਾ ਡਿਨਰ ਕਰਨ ਅਤੇ ਹਰੇਕ ਵਿਅਕਤੀ ਤੋਂ 20 ਹਜ਼ਾਰ ਰੁਪਏ ਕੇਜਰੀਵਾਲ ਲਵੇਗਾ। ਉਨ੍ਹਾਂ ਤੋਂ ਪੈਸਾ ਜਮ੍ਹਾ ਕਰਵਾ ਕੇ ਇਨ੍ਹਾਂ ਲੋਕਾਂ ਨੂੰ ਦਿੱਤਾ ਪਰ ਕੇਜਰੀਵਾਲ ਨਹੀਂ ਆਏ। ਹਰ ਵਾਰ ਇਨ੍ਹਾਂ ਲੋਕਾਂ ਨੇ ਚੋਣਾਂ ਦਾ ਬਹਾਨਾ ਬਣਾ ਕੇ ਉਸ ਨੂੰ ਟਿਕਟ ਦੇਣ ਦਾ ਝਾਂਸਾ ਦੇ ਕੇ ਪੈਸੇ ਲਏ। ਉਸ ਨੇ ਕੁਝ ਗਵਾਹਾਂ ਚਰਨਜੀਤ ਸਿੰਘ, ਬਲਕਾਰ ਸਿੰਘ, ਜਸਵਿੰਦਰ ਸਿੰਘ, ਸਤਵੰਤ ਸਿੰਘ, ਪ੍ਰਵੀਨ ਗਰੋਵਰ, ਦਿਨੇਸ਼ ਬਜਾਜ ਦੇ ਸਾਹਮਣੇ ਪੈਸੇ ਦਿੱਤੇ ਸਨ। ਉਸ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਨੇ ਉਸ ਨੂੰ ਬੋਲਿਆ ਕਿ ਇੰਡਸਟਰੀ ਦੀ ਮੀਟਿੰਗ ਕਰਵਾ ਦੇਣ, ਉਥੇ ਕੇਜਰੀਵਾਲ ਆਉਣਗੇ। ਉਹ ਇਨ੍ਹਾਂ ਲੋਕਾਂ ਦੀਆਂ ਗੱਲਾਂ 'ਚ ਆ ਗਏ ਅਤੇ ਹੋਟਲ ਫਾਰਚੂਨ ਕਲਾਸਿਕ 'ਚ ਡਿਨਰ ਦਾ ਪ੍ਰਬੰਧ ਕਰ ਦਿੱਤਾ, ਜਿਸਦਾ ਬਿੱਲ ਕਰੀਬ 1 ਲੱਖ ਰੁਪਏ ਵੀ ਉਸ ਨੇ ਆਪਣੀ ਜੇਬ 'ਚੋਂ ਦਿੱਤਾ। ਉਸ ਤੋਂ ਬਾਅਦ ਤਾਂ ਇਨ੍ਹਾਂ ਲੋਕਾਂ ਨੇ ਉਸ ਦਾ ਫੋਨ ਤਕ ਵੀ ਨਹੀਂ ਚੁੱਕਿਆ ਉਪਰੋਂ ਉਸ ਨੂੰ ਧਮਕਾਇਆ ਜਾ ਰਿਹਾ ਹੈ। ਉਸ ਦਾ ਦੋਸ਼ ਸੀ ਕਿ ਉਕਤ ਦੋਸ਼ੀਆਂ ਨੇ ਮੁੱਖ ਦਫਤਰ ਜਲੰਧਰ 'ਚ ਖੋਲ੍ਹਿਆ ਸੀ, ਦਫਤਰ ਦਾ ਬਿੱਲ ਵੀ ਉਸ ਨੇ ਦਿੱਤਾ। ਇਸ ਤੋਂ ਇਲਾਵਾ ਵਿਸਲਿੰਗ ਫੂਡ ਪੈਲੇਸ 'ਚ ਕੇਜਰੀਵਾਲ ਦਾ ਪ੍ਰੋਗਰਾਮ ਸੀ, ਉਸ ਦਾ ਬਿੱਲ ਵੀ ਦਿੱਤਾ। 
ਉਸ ਨੇ ਦੱਸਿਆ ਕਿ 'ਆਪ' ਦੀਆਂ ਲੁਭਾਵਣੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ਨਾਲ ਜੁੜਿਆ ਸੀ ਕਿ ਸ਼ਾਇਦ ਪੰਜਾਬ ਦਾ ਕੋਈ ਭਲਾ ਕਰ ਦੇਣਗੇ ਪਰ ਇਨ੍ਹਾਂ ਲੋਕਾਂ ਨੇ ਤਾਂ ਦਿੱਤੇ ਗਏ ਪੈਸਿਆਂ ਦੀ ਰਸੀਦ ਤਕ ਨਹੀਂ ਦਿੱਤੀ ਅਤੇ ਨਾ ਹੀ ਉਸ ਨੂੰ ਵਾਈਸ ਪ੍ਰਧਾਨ ਦਾ ਨਿਯੁਕਤੀ ਪੱਤਰ ਦਿੱਤਾ, ਇਥੋਂ ਤੱਕ ਕਿ ਉਸ ਦਾ ਨਾਂ ਕੰਪਿਊਟਰ ਲਿਸਟ 'ਚੋਂ ਵੀ ਉਡਾ ਦਿੱਤਾ ਗਿਆ ਤਾਂ ਕਿ ਉਹ ਇਨ੍ਹਾਂ ਤੋਂ ਹਿਸਾਬ ਨਾ ਮੰਗ ਸਕੇ। ਉਸ ਨੇ ਪੁਲਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਕਤ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ।


Related News