ਸਾਂਪਲਾ ਪਰਿਵਾਰ ਖਿਲਾਫ ਸ਼ਿਕਾਇਤ ਪੀ. ਐੱਮ. ਓ. ਨੇ ਜਾਂਚ ਲਈ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਭੇਜੀ
Monday, Sep 18, 2017 - 12:38 AM (IST)
ਜਲੰਧਰ (ਪਾਹਵਾ) - ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਭਤੀਜੇ ਆਸ਼ੂ ਸਾਂਪਲਾ, ਬੇਟੇ ਸਾਹਿਲ ਸਾਂਪਲਾ ਅਤੇ ਹੋਰ ਭਾਜਪਾ ਨੇਤਾਵਾਂ ਖਿਲਾਫ ਸਰੀਰਕ ਸ਼ੋਸ਼ਣ, ਲੁੱਟ-ਖੋਹ, ਕੁੱਟਮਾਰ ਅਤੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰਨ ਦੇ ਮਾਮਲੇ ਵਿਚ ਪ੍ਰਧਾਨ ਮੰਤਰੀ ਦਫਤਰ ਨੇ ਦਖਲ ਦਿੱਤਾ ਹੈ ਅਤੇ ਇਸ ਮਾਮਲੇ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਦੇ ਸਕੱਤਰ ਕੋਲ ਜਾਂਚ ਲਈ ਭੇਜਿਆ ਹੈ। ਮਾਮਲੇ ਵਿਚ ਪੀੜਤ ਮਿੰਟੀ ਕੌਰ ਨੇ ਪ੍ਰਧਾਨ ਮੰਤਰੀ ਦਫਤਰ ਨੂੰ ਪੱਤਰ ਲਿਖ ਕੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਸੀ। ਮਿੰਟੀ ਕੌਰ ਦੀ ਕੀਤੀ ਗਈ ਫਰਿਆਦ ਤੋਂ ਬਾਅਦ ਦਫਤਰ ਵੱਲੋਂ ਉਸ ਨੂੰ ਜਵਾਬ ਭੇਜਦੇ ਹੋਏ ਕਿਹਾ ਕਿ ਉਸ ਦੀ ਸ਼ਿਕਾਇਤ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਦਾ ਸੁਤੰਤਰ ਚਾਰਜ ਦੇਖ ਰਹੇ ਸੀਨੀਅਰ ਅਧਿਕਾਰੀ ਰਾਜਕਮਲ ਚੌਧਰੀ ਨੂੰ ਮਾਰਕ ਕਰ ਕੇ ਭੇਜ ਦਿੱਤੀ ਗਈ ਹੈ। ਮਿੰਟੀ ਨੇ ਪੀ. ਐੱਮ. ਓ. ਨੂੰ ਲਿਖੇ ਪੱਤਰ ਵਿਚ ਮੌਜੂਦਾ ਗਠਿਤ ਐੱਸ. ਆਈ. ਟੀ. ਦੇ ਕੁਝ ਅਧਿਕਾਰੀਆਂ ਵੱਲੋਂ ਸਾਂਪਲਾ ਪਰਿਵਾਰ ਨੂੰ ਰਾਹਤ ਦੇਣ ਦੀਆਂ ਕੋਸ਼ਿਸ਼ਾਂ ਦਾ ਦੋਸ਼ ਲਾਇਆ ਸੀ। ਮਿੰਟੀ ਨੇ ਮੰਗ ਕੀਤੀ ਸੀ ਕਿ ਜਾਂਚ ਕਿਸੇ ਈਮਾਨਦਾਰ ਆਈ. ਪੀ. ਐੱਸ. ਅਧਿਕਾਰੀ ਕੋਲੋਂ ਕਰਵਾਈ ਜਾਵੇ। ਉਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕੋਲੋਂ ਉਸ ਨੂੰ ਨਿਆਂ ਦੀ ਉਮੀਦ ਸੀ, ਜਿਸ ਲਈ ਉਸ ਨੇ ਸ਼ਿਕਾਇਤ ਭੇਜੀ। ਇਸ ਸ਼ਿਕਾਇਤ ਦੇ ਆਧਾਰ 'ਤੇ ਦਫਤਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿੰਟੀ ਨੇ ਕਿਹਾ ਕਿ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਰਾਜ ਮੰਤਰੀ ਸਾਂਪਲਾ ਦੇ ਸਿਆਸੀ ਪ੍ਰਭਾਵ ਕਾਰਨ ਜਲੰਧਰ ਪੁਲਸ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਕੇ ਸਹੀ ਤਰੀਕੇ ਨਾਲ ਨਾ ਤਾਂ ਜਾਂਚ ਕਰ ਰਹੀ ਹੈ ਤੇ ਨਾ ਹੀ ਦੋਸ਼ੀਆਂ ਖਿਲਾਫ ਸਬੂਤਾਂ ਨੂੰ ਸਾਹਮਣੇ ਲਿਆ ਰਹੀ ਹੈ। ਇਸ ਸਬੰਧੀ ਜਦੋਂ ਸਾਂਪਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ। ਉਨ੍ਹਾਂ ਦੇ ਪੰਜਾਬ ਵਾਲੇ ਸੈੱਲ 'ਤੇ ਫੋਨ ਕੀਤਾ ਤਾਂ ਜਵਾਬ ਮਿਲਿਆ ਕਿ ਉਹ ਦਿੱਲੀ ਚਲੇ ਗਏ ਹਨ। ਜਦੋਂ ਦਿੱਲੀ ਵਾਲੇ ਨੰਬਰ 'ਤੇ ਕਾਲ ਕੀਤੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।
